ਨਵੀਂ ਦਿੱਲੀ / ਸੁਪਰੀਮ ਕੋਰਟ ਵਲੋਂ ਟੀਕਾਕਰਨ ਨੀਤੀ ‘ਤੇ ਪਾਈ ਝਾੜ ਤੋਂ ਬਾਅਦ ਕੇਂਦਰ ਨੇ 218 ਸਫ਼ਿਆਂ ਦਾ ਹਲਫ਼ਨਾਮਾ ਦਾਇਰ ਕਰਦਿਆਂ ਜਿੱਥੇ ਆਪਣੀ ਨੀਤੀ ਦਾ ਬਚਾਅ ਕੀਤਾ ਉੱਥੇ ਇਹ ਵੀ ਕਿਹਾ ਕਿ ਇਸ ਮਾਮਲੇ ‘ਚ ਨਿਆਇਕ ਦਖ਼ਲਅੰਦਾਜ਼ੀ ਦੀ ਲੋੜ ਨਹੀਂ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਭਰ ‘ਚ ਸਾਰੇ ਉਮਰ ਵਰਗ ਦੇ ਨਾਗਰਿਕਾਂ ਦਾ ਮੁਫ਼ਤ ਟੀਕਾਕਰਨ ਹੋਵੇਗਾ। ਹਾਲਾਂਕਿ ਟੀਕੇ ਦੀਆਂ ਵੱਖ-ਵੱਖ ਕੀਮਤਾਂ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਹੋਣ ਵਾਲੀ ਸੁਣਵਾਈ ਤਕਨੀਕੀ ਕਾਰਨਾਂ ਕਾਰਨ ਵੀਰਵਾਰ ਤੱਕ ਲਈ ਟਾਲ ਦਿੱਤੀ ਗਈ ਹੈ। ਕੁਝ ਹੀ ਮਿੰਟਾਂ ਦੀ ਸੁਣਵਾਈ ‘ਚ ਸੁਪਰੀਮ ਕੋਰਟ ਨੇ ਆਪਣੀ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸੁਪਰੀਮ ਕੋਰਟ ਨੂੰ ਪਹੁੰਚਾਇਆ ਹਲਫ਼ਨਾਮਾ ਉਨ੍ਹਾਂ (ਸੁਪਰੀਮ ਕੋਰਟ) ਤੋਂ ਪਹਿਲਾਂ ਮੀਡੀਆ ਕੋਲ ਐਤਵਾਰ ਰਾਤ ਨੂੰ ਹੀ ਕਿਵੇਂ ਪਹੁੰਚ ਗਿਆ। ਇਸੇ ਦੌਰਾਨ ਦੇਸ਼ ‘ਚ ਲਗਾਤਾਰ ਚਾਰ ਦਿਨਾਂ ਬਾਅਦ ਕੋਰੋਨਾ ਦੇ ਨਵੇਂ ਮਾਮਲੇ 4 ਲੱਖ ਤੋਂ ਘਟੇ ਹਨ ਅਤੇ ਸੋਮਵਾਰ ਨੂੰ ਇਕੋ ਦਿਨ 3,66,161 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ 2,26,62,575 ‘ਤੇ ਪੁੱਜ ਗਈ ਹੈ। ਕੋਰੋਨਾ ਨਾਲ 3754 ਹੋਰ ਮੌਤਾਂ ਹੋਣ ਨਾਲ ਕੁੱਲ ਮਰਨ ਵਾਲਿਆਂ ਦਾ ਅੰਕੜਾ 2,46,116 ਤੱਕ ਪੁੱਜ ਗਿਆ ਹੈ।
ਕੇਂਦਰ ਨੇ ਦਾਇਰ ਕੀਤਾ 218 ਸਫ਼ਿਆਂ ਦਾ ਹਲਫ਼ਨਾਮਾ ਕੇਂਦਰ ਨੇ ਐਤਵਾਰ ਦੇਰ ਰਾਤ ਦਾਇਰ ਕੀਤੇ ਹਲਫ਼ਨਾਮੇ ‘ਚ ਸਰਕਾਰ ਦੀ ਟੀਕਾਕਰਨ ਨੀਤੀ ਦਾ ਬਚਾਅ ਕਰਦਿਆਂ ਕਿਹਾ ਕਿ ਵੱਡੇ ਜਨਹਿਤ ‘ਚ ਇਹ (ਨੀਤੀ ਘੜਨ ਦਾ) ਫ਼ੈਸਲਾ ਕਾਰਜਪਾਲਿਕਾ ‘ਤੇ ਹੀ ਛੱਡਿਆ ਜਾਵੇ। ਇਸ ‘ਚ ਕਿਸੇ ਵੀ ਨਿਆਇਕ ਦਖ਼ਲਅੰਦਾਜ਼ੀ ਦੀ ਲੋੜ ਨਹੀਂ ਹੈ। ਹਲਫ਼ਨਾਮੇ ‘ਚ ਕਿਹਾ ਗਿਆ ਕਿ ਵੈਕਸੀਨ ਨੀਤੀ ਬਾਰੇ ਫ਼ੈਸਲਾ ਵਿਗਿਆਨਕ ਸਲਾਹ ਅਤੇ ਮਾਹਿਰਾਂ ਦੀ ਰਾਏ ਤੋਂ ਬਾਅਦ ਕਾਰਜਪਾਲਿਕਾ ਦੇ ਸਭ ਤੋਂ ਉਪਰਲੇ ਪੱਧਰ ਵਲੋਂ ਲਿਆ ਗਿਆ ਹੈ। ਇਸ ‘ਚ ਨਿਆਪਾਲਿਕਾ ਦੀ ਅਤਿ ਉਤਸ਼ਾਹਪੂਰਨ ਪਰ ਸਹੀ ਮਨਸ਼ਾ ਵਾਲੀ ਨਿਆਇਕ ਦਖ਼ਲਅੰਦਾਜ਼ੀ ਨਾਲ ਕੁਝ ਅਣਦਿਸੇ ਅਤੇ ਅਣਚਾਹੇ ਨਤੀਜੇ ਵੇਖਣ ਨੂੰ ਮਿਲ ਸਕਦੇ ਹਨ।
ਕੇਂਦਰ ਨੇ ਕਿਹਾ ਕਿ ਬਿਨਾਂ ਮਾਹਿਰਾਂ ਦੀ ਸਲਾਹ ਅਤੇ ਕਾਰਜਪਾਲਿਕਾ ਦੇ ਤਜਰਬੇ ਤੋਂ ਕੀਤੀ ਦਖ਼ਲਅੰਦਾਜ਼ੀ ਨਾਲ ਡਾਕਟਰਾਂ, ਸਾਇੰਸਦਾਨਾਂ, ਮਾਹਿਰਾਂ ਅਤੇ ਕਾਰਜਪਾਲਿਕਾ ਦੇ ਅਧਿਕਾਰੀਆਂ ਨੂੰ ਕੋਈ ਨਵੇਂ ਹੱਲ ਤਲਾਸ਼ ਕਰਨ ਲਈ ਬਹੁਤ ਘੱਟ ਗੁੰਜਾਇਸ਼ ਰਹਿ ਜਾਵੇਗੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਪਿਛਲੇ ਹਫਤੇ ਕੇਂਦਰ ਸਰਕਾਰ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਲਈ ਵੈਕਸੀਨ ਦੀਆਂ ਵੱਖ-ਵੱਖ ਕੀਮਤਾਂ ਨੂੰ ਲੈ ਕੇ ਆਪਣੀ ਟੀਕਾਕਰਨ ਨੀਤੀ ਦੀ ਮੁੜ ਸਮੀਖਿਆ ਕਰਨ ਨੂੰ ਕਿਹਾ ਸੀ। ਕੇਂਦਰ ਨੇ ਕੀਮਤਾਂ ਦੇ ਮਾਮਲੇ ‘ਚ ਆਪਣੇ ਤੌਰ ‘ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਕੇਂਦਰ ਨੇ ਵੈਕਸੀਨ ਉਤਪਾਦਕਾਂ ਨਾਲ ਗੱਲ ਕਰ ਕੇ ਪਹਿਲਾਂ ਹੀ ਇਹ ਤੈਅ ਕਰ ਦਿੱਤਾ ਸੀ ਕਿ ਸਾਰੇ ਰਾਜਾਂ ਨੂੰ ਸਮਾਨ ਕੀਮਤਾਂ ‘ਤੇ ਵੈਕਸੀਨ ਮਿਲੇਗੀ। ਕੇਂਦਰ ਨੂੰ ਮਿਲਣ ਵਾਲੀ ਵੈਕਸੀਨ ਦੀ ਦਲੀਲ ਦਿੰਦਿਆਂ ਸਰਕਾਰ ਨੇ ਕਿਹਾ ਕਿ ਕੇਂਦਰ ਨੇ ਵੱਡੇ ਆਰਡਰ ਅਤੇ ਪੇਸ਼ਗੀ ਰਕਮ ਕੰਪਨੀ ਨੂੰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਵੈਕਸੀਨ ਦੀਆਂ ਵੱਖ-ਵੱਖ ਕੀਮਤਾਂ ‘ਤੇ ਕਾਂਗਰਸ ਸਮੇਤ ਕਈ ਵਿਰੋਧੀ ਧਿਰਾਂ ਨੇ ਇਸ ਦਾ ਵਿਰੋਧ ਕੀਤਾ ਸੀ। ਵਿਰੋਧੀ ਧਿਰਾਂ ਵਲੋਂ ‘ਇਕ ਰਾਸ਼ਟਰ, ਇਕ ਕੀਮਤ’ ਦੀ ਮੰਗ ਕੀਤੀ ਜਾ ਰਹੀ ਹੈ।
ਤਕਨੀਕੀ ਰੁਕਾਵਟਾਂ ਕਾਰਨ ਸੁਣਵਾਈ ਮੁਲਤਵੀ ਵੈਕਸੀਨ ਦੀਆਂ ਵੱਖ-ਵੱਖ ਕੀਮਤਾਂ ਨੂੰ ਲੈ ਕੇ ਸੁਪਰੀਮ ਕੋਰਟ ‘ਚ ਹੋਣ ਵਾਲੀ ਸੁਣਵਾਈ ‘ਚ ਤਕਨੀਕੀ ਰੁਕਾਵਟ ਪੈਣ ਕਾਰਨ ਇਸ ਨੂੰ ਵੀਰਵਾਰ ਤੱਕ ਲਈ ਟਾਲ ਦਿੱਤਾ ਗਿਆ। ਸਵੇਰੇ 11 ਵਜੇ ਸੁਣਵਾਈ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਸਾਰੇ ਜੱਜ ਜਸਟਿਸ ਡੀ.ਵਾਈ. ਚੰਦਰਚੂੜ, ਐੱਲ.ਐੱਨ.ਰਾE ਅਤੇ ਐੱਸ.ਰਵਿੰਦਰ ਭੱਟ ਸਕਰੀਨ ਤੋਂ ਗਾਇਬ ਹੋ ਗਏ। ਕੁਝ ਦੇਰ ਬਾਅਦ ਅਦਾਲਤ ਨੇ ਕਿਹਾ ਕਿ ਅਦਾਲਤ ਦਾ ਸਰਵਰ ਡਾਊਨ ਹੋਣ ਕਾਰਨ ਜੱਜਾਂ ਨੇ ਅੱਜ ਦੀ ਸੁਣਵਾਈ ਵੀਰਵਾਰ ਨੂੰ ਕਰਨ ਦਾ ਫ਼ੈਸਲਾ ਲਿਆ ਹੈ।
ਕੇਂਦਰ ਦਾ ਜਵਾਬ ਲੀਕ ਹੋਣ ‘ਤੇ ਸੁਪਰੀਮ ਕੋਰਟ ਨੇ ਲਾਈ ਝਾੜ ਕੇਂਦਰ ਵਲੋਂ ਦਾਇਰ ਹਲਫ਼ਨਾਮੇ ਦੀ ਜਾਣਕਾਰੀ ਸੁਪਰੀਮ ਕੋਰਟ ਤੋਂ ਪਹਿਲਾਂ ਮੀਡੀਆ ਨੂੰ ਮਿਲਣ ‘ਤੇ ਅਦਾਲਤ ਨੇ ਨਾਰਾਜ਼ਗੀ ਪ੍ਰਗਟਾਈ। ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਐਤਵਾਰ ਦੇਰ ਰਾਤ ਹਲਫ਼ਨਾਮਾ ਸੁਪਰੀਮ ਕੋਰਟ ਪਹੁੰਚਾਇਆ ਗਿਆ ਜੋ ਕਿ ਸਾਨੂੰ (ਜੱਜਾਂ) ਨੂੰ ਸਵੇਰੇ 10 ਵਜੇ ਮਿਲਿਆ ਪਰ ਮੀਡੀਆ ਕੋਲ ਇਹ ਰਾਤ ਨੂੰ ਹੀ ਪਹੁੰਚ ਗਿਆ ਸੀ। ਹਾਲਾਂਕਿ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਰਾਜਾਂ ਨੂੰ ਵੀ ਆਪਣਾ ਹਲਫ਼ਨਾਮਾ ਭੇਜਿਆ ਸੀ, ਉੱਥੇ ਹੀ ਕੋਈ ਗੜਬੜ ਹੋਈ ਹੈ।
ਦਵਾਈਆਂ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਅਪਣਾਉਣ ਸੂਬੇ ਕੇਂਦਰ ਨੇ ਆਪਣੇ ਹਲਫ਼ਨਾਮੇ ‘ਚ ਕਿਹਾ ਕਿ ਸਾਰੇ ਸੂਬਿਆਂ ਨੂੰ ਦਵਾਈਆਂ ਦੀ ਜਮ੍ਹਾਂਖੋਰੀ ਤੇ ਕਾਲਾਬਾਜ਼ਰੀ ਨੂੰ ਰੋਕਣ ਲਈ ਵੱਖ-ਵੱਖ ਪੱਧਰ ‘ਤੇ ਵਿਸ਼ੇਸ਼ ਟੀਮਾਂ ਬਣਾਉਣ ਨੂੰ ਕਿਹਾ ਗਿਆ ਹੈ। ਕੇਂਦਰ ਨੇ ਸੁਪਰੀਮ ਕੋਰਟ ਨੂੰ ਇਹ ਵੀ ਕਿਹਾ ਕਿ ਕੇਂਦਰੀ ਤੇ ਰਾਜ ਸਰਕਾਰਾਂ ਦੇ ਸਾਰੇ ਹਸਪਤਾਲਾਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਵੈਧ ਪਛਾਣ ਪੱਤਰ ਅਤੇ ਕੋਰੋਨਾ ਦੀ ਪਾਜ਼ੀਟਿਵ ਰਿਪੋਰਟ ਦੀ ਘਾਟ ਕਾਰਨ ਕਿਸੇ ਵੀ ਮਰੀਜ਼ ਨੂੰ ਦਾਖਲ ਹੋਣ ਤੋਂ ਇਨਕਾਰ ਨਾ ਕੀਤਾ ਜਾਵੇ। ਚਾਰ ਦਿਨਾਂ ਬਾਅਦ ਮਾਮਲੇ ਘਟੇ ਨਵੀਂ ਦਿੱਲੀ, 10 ਮਈ (ਪੀ.ਟੀ.ਆਈ.)-ਦੇਸ਼ ‘ਚ ਲਗਾਤਾਰ ਚਾਰ ਦਿਨਾਂ ਬਾਅਦ ਕੋਰੋਨਾ ਦੇ ਨਵੇਂ ਮਾਮਲੇ 4 ਲੱਖ ਤੋਂ ਘਟੇ ਹਨ ਅਤੇ ਸੋਮਵਾਰ ਨੂੰ ਇਕੋ ਦਿਨ 3,66,161 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ 2,26,62,575 ‘ਤੇ ਪੁੱਜ ਗਈ ਹੈ। ਕੋਰੋਨਾ ਨਾਲ 3754 ਹੋਰ ਮੌਤਾਂ ਹੋਣ ਨਾਲ ਕੁੱਲ ਮਰਨ ਵਾਲਿਆਂ ਦਾ ਅੰਕੜਾ 2,46,116 ਤੱਕ ਪੁੱਜ ਗਿਆ ਹੈ। ਦੇਸ਼ ‘ਚ ਕੋਰੋਨਾ ਦੇ ਐਕਟਿਵ ਕੇਸ 37,45,237 ਹਨ, ਜੋ ਕੁੱਲ ਕੇਸਲੋਡ ਦਾ 16.35 ਫ਼ੀਸਦੀ ਹੈ। ਕੌਮੀ ਸਿਹਤਯਾਬੀ ਦਰ 82.39 ਫ਼ੀਸਦੀ ਹੈ। ਹੁਣ ਤੱਕ 1,86,71,222 ਲੋਕ ਕੋਰੋਨਾ ਤੋਂ ਸਿਹਤਯਾਬ ਹੋ ਚੁੱਕੇ ਹਨ ਜਦਕਿ ਕੇਸਾਂ ਦੀ ਮੌਤ ਦਰ 1.09 ਫ਼ੀਸਦੀ ਦਰਜ ਕੀਤੀ ਗਈ ਹੈ। ਭਾਰਤੀ ਮੈਡੀਕਲ ਖੋਜ ਤੇ ਕੌਂਸਲ (ਆਈ.ਸੀ.ਐਮ.ਆਰ.) ਅਨੁਸਾਰ ਹੁਣ ਤੱਕ 30, 37,50,077 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਮਹਾਰਾਸ਼ਟਰ, ਕਰਨਾਟਕ ਤੇ ਦਿੱਲੀ ਸਮੇਤ 10 ਰਾਜਾਂ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ਦਾ 73 ਫ਼ੀਸਦੀ ਤੋਂ ਵੱਧ ਹਿੱਸਾ ਹੈ। ਇਸ ਸੂਚੀ ‘ਚ ਕੇਰਲ, ਤਾਮਿਲਨਾਡੂ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ ਤੇ ਹਰਿਆਣਾ ਹੋਰ ਸੂਬੇ ਹਨ।
ਅਲੀਗੜ੍ਹ ਮੁਸਲਿਮ ‘ਵਰਸਿਟੀ ‘ਚ 34 ਪ੍ਰੋਫ਼ੈਸਰਾਂ ਦੀ ਮੌਤ ਅਲੀਗੜ੍ਹ (ਯੂ. ਪੀ.), 10 ਮਈ (ਏਜੰਸੀ)-ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ 34 ਅਧਿਆਪਕਾਂ ਤੇ ਸੇਵਾਮੁਕਤ ਕਰਮੀਆਂ ਦੀ ਕੋਰੋਨਾ ਜਾਂ ਕੋਰੋਨਾ ਵਰਗੇ ਲੱਛਣਾਂ ਕਾਰਨ ਮੌਤ ਹੋ ਜਾਣ ਤੋਂ ਬਾਅਦ ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਚਿੰਤਾ ਵਧ ਗਈ ਹੈ ਅਤੇ ‘ਵਰਸਿਟੀ ਦੇ ਉਪ ਕੁਲਪਤੀ ਤਾਰਿਕ ਮਨਸੂਰ ਨੇ ਇਸ ਸਬੰਧੀ ਆਈ. ਸੀ. ਐਮ. ਆਰ. ਨੂੰ ਨਮੂਨਿਆਂ ਦੀ ਜਾਂਚ ਲਈ ਪੱਤਰ ਲਿਖਿਆ ਹੈ। ਯੂਨੀਵਰਸਿਟੀ ‘ਚ ਪਿਛਲੇ ਕੁਝ ਦਿਨਾਂ ਦੌਰਾਨ ਹੋਈਆਂ ਮੌਤਾਂ ਦੇ ਬਾਅਦ ਏ. ਐਮ. ਯੂ. ‘ਚ ਬਣੀ ਆਈ. ਸੀ. ਐਮ. ਆਰ. ਤੋਂ ਪ੍ਰਮਾਣਿਤ ਲੈਬਾਰਟਰੀ ਨੇ ਨਮੂਨੇ ਇਕੱਠੇ ਕੀਤੇ ਹਨ। ‘ਵਰਸਿਟੀ ‘ਚ 20 ਦਿਨਾਂ ਦੇ ਅੰਦਰ 34 ਪ੍ਰੋਫੈਸਰਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚ 16 ਵਰਕਿੰਗ ਅਤੇ 18 ਸੇਵਾਮੁਕਤ ਫੈਕਲਟੀ ਮੈਂਬਰ ਸ਼ਾਮਿਲ ਹਨ। ਰਿਪੋਰਟ ਅਨੁਸਾਰ ਉਪ ਕੁਲਪਤੀ ਦੇ ਵੱਡੇ ਭਰਾ ਦੀ ਵੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ ਅਤੇ ਇਹ ਸਾਰੇ ਲੋਕ ਯੂਨੀਵਰਸਿਟੀ ਕੈਂਪਸ ‘ਚ ਰਹਿੰਦੇ ਸਨ। ਉਨ੍ਹਾਂ ਸ਼ੱਕ ਪ੍ਰਗਟਾਇਆ ਹੈ ਕਿ ਮੌਤਾਂ ਦੇ ਅੰਕੜੇ ‘ਚ ਵਾਧਾ ਕੋਰੋਨਾ ਦੇ ਕਿਸੇ ਨਵੇਂ ਰੂਪ ਕਾਰਨ ਹੋ ਰਿਹਾ ਹੈ।
ਪੰਜਾਬ ‘ਚ ਵਧਿਆ ਖ਼ਤਰਾ-ਇਕੋ ਦਿਨ 198 ਮੌਤਾਂ ਚੰਡੀਗੜ੍ਹ, 10 ਮਈ (ਵਿਕਰਮਜੀਤ ਸਿੰਘ ਮਾਨ)-ਸਿਹਤ ਵਿਭਾਗ ਅਨੁਸਾਰ ਸੂਬੇ ‘ਚ ਕੋਰੋਨਾ ਕਾਰਨ ਅੱਜ 198 ਹੋਰ ਮੌਤਾਂ ਹੋ ਗਈਆਂ, 8625 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 6894 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ। ਅੱਜ ਹੋਈਆਂ 198 ਮੌਤਾਂ ਵਿਚ ਲੁਧਿਆਣਾ ‘ਚ ਸਭ ਤੋਂ ਵੱਧ 30, ਸੰਗਰੂਰ ਤੋਂ 17, ਪਟਿਆਲਾ ਤੋਂ 14, ਅੰਮ੍ਰਿਤਸਰ ਤੋਂ 10, ਬਰਨਾਲਾ ਤੋਂ 2, ਬਠਿੰਡਾ ਤੋਂ 19, ਫ਼ਰੀਦਕੋਟ ਤੋਂ 5, ਫਾਜ਼ਿਲਕਾ ਤੋਂ 8, ਫਿਰੋਜ਼ਪੁਰ ਤੋਂ 11, ਫਤਹਿਗੜ੍ਹ ਸਾਹਿਬ ਤੋਂ 3, ਗੁਰਦਾਸਪੁਰ ਤੋਂ 4, ਹੁਸ਼ਿਆਰਪੁਰ ਤੋਂ 9, ਜਲੰਧਰ ਤੋਂ 8, ਮਾਨਸਾ ਤੋਂ 4, ਮੋਗਾ ਤੋਂ 1, ਐਸ.ਏ.ਐਸ ਨਗਰ ਤੋਂ 14, ਸ੍ਰੀ ਮੁਕਤਸਰ ਸਾਹਿਬ ਤੋਂ 13, ਪਠਾਨਕੋਟ ਤੋਂ 8, ਰੋਪੜ ਤੋਂ 10, ਐਸ.ਬੀ.ਐਸ ਨਗਰ ਤੋਂ 3, ਤਰਨਤਾਰਨ ਤੋਂ 1 ਅਤੇ ਕਪੂਰਥਲਾ ਤੋਂ 4 ਮਰੀਜ਼ ਸ਼ਾਮਿਲ ਹਨ। ਤਾਜ਼ਾ ਮਾਮਲਿਆਂ ‘ਚ ਲੁਧਿਆਣਾ ਤੋਂ 1470, ਜਲੰਧਰ ਤੋਂ 619, ਪਟਿਆਲਾ ਤੋਂ 676, ਐਸ.ਏ.ਐਸ ਨਗਰ ਤੋਂ 1382, ਅੰਮ੍ਰਿਤਸਰ ਤੋਂ 561, ਗੁਰਦਾਸਪੁਰ ਤੋਂ 206, ਬਠਿੰਡਾ ਤੋਂ 629, ਹੁਸ਼ਿਆਰਪੁਰ ਤੋਂ 385, ਫ਼ਿਰੋਜ਼ਪੁਰ ਤੋਂ 181, ਪਠਾਨਕੋਟ ਤੋਂ 396, ਸੰਗਰੂਰ ਤੋਂ 214, ਕਪੂਰਥਲਾ ਤੋਂ 171, ਫ਼ਰੀਦਕੋਟ ਤੋਂ 104, ਮੁਕਤਸਰ ਤੋਂ 401, ਫ਼ਾਜ਼ਿਲਕਾ ਤੋਂ 283, ਮੋਗਾ ਤੋਂ 119, ਰੋਪੜ ਤੋਂ 180, ਫ਼ਤਿਹਗੜ੍ਹ ਸਾਹਿਬ ਤੋਂ 84, ਬਰਨਾਲਾ ਤੋਂ 23, ਤਰਨਤਾਰਨ ਤੋਂ 103, ਐਸ.ਬੀ.ਐਸ ਨਗਰ ਤੋਂ 85 ਅਤੇ ਮਾਨਸਾ ਤੋਂ 353 ਮਰੀਜ਼ ਨਵੇਂ ਪਾਏ ਗਏ ਹਨ। ਹੁਣ ਤੱਕ ਐਕਟਿਵ ਕੇਸਾਂ ਦੀ ਗਿਣਤੀ 75,800, ਕੁੱਲ ਮੌਤਾਂ 10,704 ਅਤੇ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਸੰਖਿਆ 4,50,674 ਤੱਕ ਪੁੱਜ ਚੁੱਕੀ ਹੈ