ਨਵੀਂ ਦਿੱਲੀ / ਦੇਸ਼ ‘ਚ ਕੋਰੋਨਾ ਵੈਕਸੀਨ ਲਗਵਾਉਣ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ ਪਰ ਜਿੰਨ੍ਹਾਂ ਲੋਕਾਂ ਦਾ ਟੀਕਾਕਰਨ ਹੋ ਸਕਿਆ ਹੈ, ਉਨ੍ਹਾਂ ਦੀ ਗਿਣਤੀ ਕਾਫ਼ੀ ਘੱਟ ਹੈ।
ਅਜਿਹੇ ‘ਚ ਇਨ੍ਹਾਂ ਦੋਵੇਂ ਅੰਕੜਿਆਂ ‘ਚ ਅੰਤਰ ਤੇਜ਼ੀ ਨਾਲ ਵਧ ਰਿਹਾ ਹੈ। 1 ਮਈ ਤੋਂ 7 ਮਈ ਦਰਮਿਆਨ ਕੋ-ਵਿਨ ‘ਤੇ 2.42 ਕਰੋੜ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ। ਇਸ ‘ਤੇ ਹੁਣ ਤੱਕ ਕੁੱਲ 19 ਕਰੋੜ ਤੋਂ ਵੱਧ ਰਜਿਸਟ੍ਰੇਸ਼ਨ ਹੋ ਚੁੱਕੀ ਹੈ। 1 ਤੋਂ 7 ਮਈ ਦਰਮਿਆਨ ਰੋਜ਼ਾਨਾ ਔਸਤਨ 16.6 ਲੱਖ ਵੈਕਸੀਨ ਦਿੱਤੀ ਗਈ, ਜਦੋਂਕਿ ਅਪ੍ਰੈਲ ਦੇ ਸ਼ੁਰੂ ‘ਚ ਇਹ ਅੰਕੜਾ 40 ਲੱਖ ਤੋਂ ਵੱਧ ਸੀ। ਇਕ ਅੰਗਰੇਜ਼ੀ ਅਖ਼ਬਾਰ ‘ਚ ਛਪੀ ਖ਼ਬਰ ਮੁਤਾਬਿਕ ਜੇਕਰ ਟੀਕਾਕਰਨ ਦੀ ਇਹੀ ਰਫ਼ਤਾਰ ਰਹੀ ਤਾਂ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਰਜਿਸਟ੍ਰੇਸ਼ਨ ਕਰਵਾਈ ਹੈ, ਉਨ੍ਹਾਂ ਦਾ ਟੀਕਾਕਰਨ ਹੋਣ ‘ਚ ਹੀ 3 ਮਹੀਨੇ ਲੱਗ ਜਾਣਗੇ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਨੁਸਾਰ ਸੂਬਿਆਂ ਕੋਲ ਵੈਕਸੀਨ ਦੀਆਂ 72 ਲੱਖ ਖ਼ੁਰਾਕਾਂ ਹਨ ਅਤੇ ਅਗਲੇ 3 ਦਿਨਾਂ ‘ਚ 42 ਲੱਖ ਖ਼ੁਰਾਕਾਂ ਸੂਬਿਆਂ ਨੂੰ ਭੇਜਣ ਲਈ ਤਿਆਰ ਹਨ। ਕੁੱਲ ਮਿਲਾ ਕੇ ਇਹ ਗਿਣਤੀ 1.14 ਕਰੋੜ ਹੈ।
ਜੋ ਪਿਛਲੇ ਹਫ਼ਤੇ ਰਜਿਸਟ੍ਰੇਸ਼ਨ ਕਰਵਾਉਣ ਵਾਲੇ 50 ਫ਼ੀਸਦੀ ਲੋਕਾਂ ਨੂੰ ਕਵਰ ਲਈ ਵੀ ਪੂਰੀ ਨਹੀਂ ਹੈ। ਇਸ ਤੋਂ ਪਹਿਲਾਂ ਜਦੋਂ ਕੇਵਲ ਫ਼ਰੰਟਲਾਈਨ ਵਰਕਰਾਂ ਅਤੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਹੋ ਰਿਹਾ ਸੀ ਤਾਂ ਅਜਿਹੇ ਲੋਕਾਂ ਦੀ ਗਿਣਤੀ ਕਰੀਬ 34 ਕਰੋੜ ਸੀ। ਇਸ ਦੇ ਬਾਅਦ ਜਦੋਂ ਕੇਂਦਰ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਨ ਦਾ ਐਲਾਨ ਕੀਤਾ ਤਾਂ 34 ਕਰੋੜ ‘ਚੋਂ ਕੇਵਲ ਇਕ ਤਿਹਾਈ ਲੋਕਾਂ ਦਾ ਟੀਕਾਕਰਨ ਹੋਇਆ ਸੀ। ਹੁਣ 18-44 ਸਾਲ ਉਮਰ ਵਰਗ ਦੇ 60 ਕਰੋੜ ਹੋਰ ਲੋਕ ਇਸ ‘ਚ ਜੁੜ ਗਏ ਹਨ। ਮੌਜੂਦਾ ਸਮੇਂ ਰੋਜ਼ਾਨਾ ਕਰੀਬ 17 ਲੱਖ ਲੋਕਾਂ ਦਾ ਟੀਕਾਕਰਨ ਹੋ ਰਿਹਾ ਹੈ। ਇਸ ਰਫ਼ਤਾਰ ਨਾਲ ਟੀਕਾਕਰਨ ਹੋਇਆ ਤਾਂ ਦੇਸ਼ ਦੀ ਪੂਰੀ ਆਬਾਦੀ ਨੂੰ ਵੈਕਸੀਨ ਦੇਣ ‘ਚ ਕਰੀਬ 3 ਸਾਲ ਦਾ ਸਮਾਂ ਲੱਗ ਜਾਵੇਗਾ। ਪਰ ਇਸ ਅੰਤਰ ਨੂੰ ਘੱਟ ਕਰਨ ਲਈ ਵੈਕਸੀਨ ਉਤਪਾਦਨ ਦੀ ਸਮਰੱਥਾ ਵਧਾਉਣ ਦੀ ਤਿਆਰੀ ਹੈ। ਸੀਰਮ ਇੰਸਟੀਚਿਊਟ ਤੇ ਭਾਰਤ ਬਾਇEਟੈੱਕ ਦੀ ਮੌਜੂਦਾ ਉਤਪਾਦਨ ਸਮਰੱਥਾ ਕ੍ਰਮਵਾਰ 6 ਕਰੋੜ ਅਤੇ 2 ਕਰੋੜ ਖ਼ੁਰਾਕਾਂ ਪ੍ਰਤੀ ਮਹੀਨਾ ਹੈ। ਦੋਵੇਂ ਕੰਪਨੀਆਂ ਉਤਪਾਦਨ ਵਧਾ ਰਹੀਆਂ ਹਨ ਪਰ ਇਸ ਲਈ ਜੁਲਾਈ ਤੱਕ ਉਡੀਕ ਕਰਨੀ ਪੈ ਸਕਦੀ ਹੈ