ਟੀਕਾਕਰਨ ‘ਚ ਲਿਆਂਦੀ ਜਾਵੇਗੀ ਤੇਜ਼ੀ-ਮੋਦੀ

Home » Blog » ਟੀਕਾਕਰਨ ‘ਚ ਲਿਆਂਦੀ ਜਾਵੇਗੀ ਤੇਜ਼ੀ-ਮੋਦੀ
ਟੀਕਾਕਰਨ ‘ਚ ਲਿਆਂਦੀ ਜਾਵੇਗੀ ਤੇਜ਼ੀ-ਮੋਦੀ

ਨਵੀਂ ਦਿੱਲੀ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਜ਼ਿਲ੍ਹੇ ਦੀਆਂ ਕੋਰੋਨਾ ਦੀਆਂ ਵੱਖਰੀਆਂ ਚੁਣੌਤੀਆਂ ਨੂੰ ਧਿਆਨ ‘ਚ ਰੱਖਦਿਆਂ ਜ਼ਿਲ੍ਹਾ ਅਧਿਕਾਰੀਆਂ ਨੂੰ ਆਪਣੇ ਪੱਧਰ ‘ਤੇ ਨੀਤੀ ‘ਚ ਬਦਲਾਅ ਕਰਨ ਦੀ ਛੋਟ ਦਿੰਦਿਆਂ ਕਿਹਾ ਕਿ ਤੁਸੀਂ (ਜ਼ਿਲ੍ਹਾ ਅਧਿਕਾਰੀ) ਕੋਰੋਨਾ ਦੇ ਖ਼ਿਲਾਫ਼ ਜੰਗ ਦੇ ਕਮਾਂਡਰ ਹੋ |

ਕਮਾਂਡਰ ਹੀ ਲੜਦਾ ਹੈ ਅਤੇ ਫ਼ੈਸਲੇ ਲੈਂਦਾ ਹੈ | ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਪੂਰੀ ਤਨਦੇਹੀ ਨਾਲ ਇਸ ਜੰਗ ਦੇ ਖ਼ਿਲਾਫ਼ ਮੋਰਚਬੰਦੀ ਕਰਨ ਲਈ ਕੰਨਟੇਨਮੈਂਟ ਜ਼ੋਨ, ਵੱਧ ਤੋਂ ਵੱਧ ਟੈਸਟਿੰਗ ਅਤੇ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਦਾ ਵੱਡਾ ਖਾਕਾ ਦਿੰਦਿਆਂ ਇਹ ਵੀ ਕਿਹਾ ਕਿ ਇਕ ਵੀ ਕੋਸ਼ਿਸ਼ ਛੱਡਣੀ ਨਹੀਂ ਚਾਹੀਦੀ | ਪ੍ਰਧਾਨ ਮੰਤਰੀ ਦਫ਼ਤਰ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਕਰਨਾਟਕ, ਬਿਹਾਰ, ਚੰਡੀਗੜ੍ਹ, ਆਸਾਮ, ਤਾਮਿਲਨਾਡੂ, ਉੱਤਰਾਖੰਡ, ਮੱਧ ਪ੍ਰਦੇਸ਼, ਦਿੱਲੀ, ਗੋਆ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਕੋਰੋਨਾ ਹਾਲਾਤ ‘ਤੇ ਚਰਚਾ ਕੀਤੀ | ਬੈਠਕ ‘ਚ ਉਨ੍ਹਾਂ ਜ਼ਿਲ੍ਹਾ ਮੁਤਾਬਿਕ ਕੋਰੋਨਾ ਸਬੰਧੀ ਨੀਤੀ ‘ਚ ਬਦਲਾਅ ਕਰਨ ਦੀ ਖੁੱਲ੍ਹ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ (ਅਧਿਕਾਰੀਆਂ) ਨੂੰ ਲਗਦਾ ਹੈ ਕਿ ਇਹ ਬਦਲਾਅ ਸੂਬੇ ਜਾਂ ਦੇਸ਼ ਦੇ ਲਈ ਫਾਇਦੇਮੰਦ ਹਨ ਤਾਂ ਉਸ ਨੂੰ ਸਰਕਾਰ ਤੱਕ ਪਹੁੰਚਾਉ |

ਮੋਦੀ ਨੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਤਜਰਬੇ ਦੇ ਆਧਾਰ ‘ਤੇ ਵੀ ਬਦਲਾਅ ਦੀ ਲੋੜ ਬਾਰੇ ਸਰਕਾਰ ਨੂੰ ਆਪਣੇ ਸੁਝਾਅ ਭੇਜਣ ਲਈ ਕਿਹਾ | ਉਨ੍ਹਾਂ ਕਿਹਾ ਕਿ ਚੰਗੇ ਤਜਰਬਿਆਂ ਅਤੇ ਸੁਝਾਵਾਂ ਦੀ ਦੂਜੇ ਜ਼ਿਲ੍ਹਿਆਂ ‘ਚ ਕਿਵੇਂ ਵਰਤੋਂ ਹੋਵੇ, ਉਹ ਇਸ ਨੂੰ ਲੈ ਕੇ ਜ਼ਰੂਰ ਵਿਚਾਰ ਕਰਨਗੇ | ਪ੍ਰਧਾਨ ਮੰਤਰੀ ਨੇ ਕੋਰੋਨਾ ਹਾਲਾਤ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਕਈ ਰਾਜਾਂ ‘ਚ ਕੋਰੋਨਾ ਦੇ ਅੰਕੜੇ ਘੱਟ ਰਹੇ ਹਨ ਅਤੇ ਕਈਆਂ ‘ਚ ਵਧ ਰਹੇ ਹਨ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਘੱਟ ਹੁੰਦੇ ਅੰਕੜਿਆਂ ‘ਚ ਸਾਨੂੰ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ | ਪਿੰਡਾਂ ‘ਚ ਕੋਰੋਨਾ ਦੇ ਪਾਸਾਰ ਦੇ ਖਦਸ਼ੇ ਦੇ ਮੱਦੇਨਜ਼ਰ ਉਨ੍ਹਾਂ ਪਿੰਡਾਂ ‘ਚ ਜਾਗਰੂਕਤਾ ਵਧਾਉਣ ਅਤੇ ਪੇਂਡੂ ਲੋਕਾਂ ਨੂੰ ਕੋਵਿਡ ਇਲਾਜ ਨਾਲ ਜੋੜਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਟਰੈਕਿੰਗ, ਟ੍ਰੇਸਿੰਗ, ਇਲਾਜ ਅਤੇ ਕੋਵਿਡ ਸਬੰਧੀ ਵਿਹਾਰ ‘ਤੇ ਧਿਆਨ ਦੇਣਾ ਪਵੇਗਾ |

ਪ੍ਰਧਾਨ ਮੰਤਰੀ ਨੇ ਪ੍ਰਸ਼ਾਸਨ ਦੀ ਸਰਗਰਮ ਭੂਮਿਕਾ ਵੱਖਰੇ ਤੌਰ ‘ਤੇ ਰਹਿ ਰਹੇ ਪਰਿਵਾਰਾਂ ‘ਤੇ ਧਿਆਨ, ਸਥਾਨਕ ਪੱਧਰ ‘ਤੇ ਕੰਟੇਨਮੈਂਟ ਜ਼ੋਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਲੋੜ ‘ਤੇ ਜ਼ੋਰ ਦੇਣ ਦੇ ਨਾਲ ਟੀਕਾਕਰਨ ਦੀ ਅਹਿਮੀਅਤ ‘ਤੇ ਵੀ ਧਿਆਨ ਦੇਣ ਲਈ ਕਿਹਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਕਾਕਰਨ ਕੋਵਿਡ ਨਾਲ ਲੜਾਈ ਦਾ ਇਕ ਮਜ਼ਬੂਤ ਮਾਧਿਅਮ ਹੈ ਜਿਸ ਨਾਲ ਜੁੜੇ ਹਰ ਭਰਮ ਨੂੰ ਮਿਲ ਕੇ ਮਿਟਾਉਣਾ ਪਵੇਗਾ | ਵੈਕਸੀਨ ਦੀ ਕਿੱਲਤ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦਰਮਿਆਨ ਪ੍ਰਧਾਨ ਮੰਤਰੀ ਨੇ ਆਪਣੇ ਤੌਰ ‘ਤੇ ਕੇਂਦਰ ਦਾ ਪੱਖ ਰੱਖਦਿਆਂ ਕਿਹਾ ਕਿ ਟੀਕਾਕਰਨ ਨੂੰ ਲੈ ਕੇ ਵਿਵਸਥਾਵਾਂ ‘ਚ ਸਿਹਤ ਮੰਤਰਾਲਾ ਲਗਾਤਾਰ ਸੁਧਾਰ ਕਰ ਰਿਹਾ ਹੈ | ਉਨ੍ਹਾਂ ਸਰਕਾਰ ਵਲੋਂ ਚੁੱਕੇ ਕਦਮਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜਾਂ ਨੂੰ ਵੈਕਸੀਨ ਦਾ ਅਗਲੇ 15 ਦਿਨਾਂ ਦਾ ਸ਼ੈਡੀਊਲ ਐਡਵਾਂਸ ‘ਚ ਦੇਣ ਦੀ ਕੋਸ਼ਿਸ਼ ਹੈ ਤਾਂ ਜੋ ਜ਼ਿਲ੍ਹੇ ‘ਚ ਉਪਲਬਧ ਵੈਕਸੀਨਸ ਸਟੋਰੇਜ ਅਤੇ ਬਰਬਾਦੀ ਨੂੰ ਰੋਕਣ ਦੇ ਪੁਖਤਾ ਪ੍ਰਬੰਧ ਕੀਤੇ ਜਾ ਸਕੇ | ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ‘ਚ ਖੇਤੀਬਾੜੀ ਕਿਤੇ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੀ ਵਾਰ ਅਸੀਂ ਖੇਤੀਬਾੜੀ ਖੇਤਰ ਬੰਦ ਨਹੀਂ ਕੀਤਾ ਸੀ ਅਤੇ ਕੰਮ ਕਰਨ ਦੌਰਾਨ ਪੇਂਡੂ ਲੋਕ ਖੇਤਾਂ ‘ਚ ਵੀ ਸਮਾਜਿਕ ਦੂਰੀ ਦਾ ਪਾਲਣ ਕਰਦੇ ਨਜ਼ਰ ਆਏ, ਜੋ ਕਿ ਸਾਬਿਤ ਕਰਦਾ ਹੈ ਕਿ ਪੇਂਡੂ ਲੋਕ ਨਿਯਮਾਂ ਦੀ ਪਾਲਣ ਕਰਦੇ ਹਨ ਅਤੇ ਲੋੜ ਪੈਣ ‘ਤੇ ਉਸ ‘ਚ ਬਦਲਾਅ ਨੂੰ ਵੀ ਅਪਣਾਉਂਦੇ ਹਨ ਜੋ ਕਿ ਸਾਡੇ ਪਿੰਡਾਂ ਦੀ ਅਸਲ ਤਾਕਤ ਹੈ |

Leave a Reply

Your email address will not be published.