ਜਬਰ-ਜ਼ਨਾਹ ਦੇ ਦੋਸ਼ ਚ ਪੰਜਾਬ ਪੁਲਿਸ਼ ਦਾ ਆਫ਼ਿਸਰ ਗ੍ਰਿਫ਼ਤਾਰ

ਜਬਰ-ਜ਼ਨਾਹ ਦੇ ਦੋਸ਼ ਚ ਪੰਜਾਬ ਪੁਲਿਸ਼ ਦਾ ਆਫ਼ਿਸਰ ਗ੍ਰਿਫ਼ਤਾਰ

ਗੁਰਦਸਪੂਰ : ਪੰਜਾਬ ਪੁਲਿਸ ਨੇ ਗੁਰਦਾਸਪੁਰ ਦੇ ਐਸਪੀ ਹੈੱਡਕੁਆਰਟਰ ਗੁਰਮੀਤ ਸਿੰਘ ਨੂੰ ਮੋਗਾ ਤੋਂ ਗਰਭਵਤੀ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਘਟਨਾ ਸਬੰਧੀ ਪੀੜਤਾ ਦੀ ਸ਼ਿਕਾਇਤ ‘ਤੇ ਕਰੀਬ ਢਾਈ ਮਹੀਨੇ ਚੱਲੀ ਐਸਆਈਟੀ ਦੀ ਜਾਂਚ ਤੋਂ ਬਾਅਦ 2 ਜੁਲਾਈ ਨੂੰ ਐਸਪੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਦੋਸ਼ ਹੈ ਕਿ ਐਸਪੀ ਨੇ ਦਾਜ ਲਈ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਨ ਦੇ ਬਹਾਨੇ ਔਰਤ ਨੂੰ ਡਰਾ ਧਮਕਾ ਕੇ ਦੋ ਵਾਰ ਜਬਰ-ਜ਼ਨਾਹ ਕੀਤਾ। ਐਸਪੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੁਣ ਪੁਲਿਸ ਅਧਿਕਾਰੀ ਅਗਲੀ ਕਾਰਵਾਈ ਵਿੱਚ ਜੁਟੇ ਹੋਏ ਹਨ।ਦੱਸਿਆ ਗਿਆ ਹੈ ਕਿ ਦੀਨਾਨਗਰ ਦੀ ਇੱਕ ਔਰਤ ਨੇ ਥਾਣਾ ਹੈੱਡ ਕੁਆਟਰ ਚੰਡੀਗੜ੍ਹ ਨੂੰ ਸ਼ਿਕਾਇਤ ਭੇਜ ਕੇ ਕਿਹਾ ਸੀ ਕਿ ਉਸ ਨੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ ਵਿੱਚ ਐੱਸਐੱਸਪੀ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਸਬੰਧੀ ਐਸਪੀ ਗੁਰਮੀਤ ਸਿੰਘ ਸਿੱਧੂ ਨੇ ਉਸ ਨੂੰ ਆਪਣੀ ਕੋਠੀ ਵਿੱਚ ਬੁਲਾਇਆ। ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕਰਨ ਦੇ ਬਹਾਨੇ ਐਸਪੀ ਨੇ ਉਸ ਨੂੰ ਡਰਾ ਧਮਕਾ ਕੇ ਦੋ ਵਾਰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ। ਉਹ ਉਸ ਸਮੇਂ ਗਰਭਵਤੀ ਸੀ। ਇਸ ਦੇ ਬਾਵਜੂਦ ਵੀ ਐਸਪੀ ਨੇ ਉਸ ਨੂੰ ਆਡੀਓ ਅਤੇ ਵੀਡੀਓ ਕਾਲਾਂ ਰਾਹੀਂ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਐਸਐਸਪੀ ਗੁਰਦਾਸਪੁਰ ਦੇ ਪੱਤਰ ਨੰਬਰ 763 ਅਨੁਸਾਰ ਐਸਪੀ ਗੁਰਮੀਤ ਸਿੰਘ ਕਦੇ ਵੀ ਲੜਕੀ ਦੇ ਜਾਂਚ ਅਧਿਕਾਰੀ ਨਹੀਂ ਸੀ ਅਤੇ ਨਾ ਹੀ ਉਸ ਕੋਲ ਕੋਈ ਜਾਂਚ ਮਾਰਕ ਹੋਈ ਸੀ।

ਉਹ ਕੁੜੀ ਨੂੰ ਧੋਖਾ ਦੇ ਕੇ ਸਰੀਰਕ ਸਬੰਧ ਬਣਾਉਂਦਾ ਰਿਹਾ। ਇਸ ਦੇ ਨਾਲ ਹੀ ਐਸਪੀ ਵੱਲੋਂ ਕੁੜੀ ਵੱਲੋਂ ਪਹਿਲਾਂ ਵੀ ਧਾਰਾ 376 ਅਧੀਨ ਦਰਜ ਕਰਵਾਈ ਗਈ ਐੱਫ.ਆਈ.ਆਰ. ਦਾ ਜ਼ਿਕਰ ਕੀਤਾ ਗਿਆ, ਪਰ ਇਸ ਨੂੰ ਅਣਗੌਲਿਆਂ ਕਰਦੇ ਹੋਏ ਜਾਂਚ ਵਿੱਚ ਨਵੇਂ ਕੇਸ ਦੇ ਨਾਲ ਉਸ ਦਾ ਕੋਈ ਸਬੰਧ ਨਾ ਹੋਣ ਅਤੇ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਮੁਤਾਬਕ ਪਾਸਟ ਕੰਡੇਕਟ ਜਾਂ ਕਰੈਕਟਰ ਦੀ ਕੋਈ ਅਹਿਮੀਅਤ ਨਾ ਹੋਣ ਦਾ ਹਵਾਲਾ ਦਿੱਤਾ ਗਿਆ ਸੀ। ਸ਼ਿਕਾਇਤ ਵਿੱਚ ਦੇਰ ਦਾ ਕਾਰਨ ਔਰਤ ਵੱਲੋਂ ਆਪਣੇ ਪਤੀ ਤੇ ਸਹੁਰੇ ਵਾਲਿਆਂ ਖਿਲਾਫ ਥਾਣਾ ਦੀਨਾਨਗਰ ਵਿੱਚ 20 ਮਈ ਨੂੰ ਧਾਰਾ 498ਏ ਤਹਿਤ ਦਰਜ ਕੇਸ ਲਈ ਜੱਦੋਜਹਿਦ ਕਰਨਾ ਦੱਸਿਆ ਗਿਆ ਹੈ। ਕੇਸ ਦਰਜ ਹੋਣ ਦੇ ਬਾਅਦ ਐੱਸ.ਪੀ. ਗੁਰਮੀਤ ਸਿੰਘ ਨੂੰ ਅੰਮ੍ਰਿਤਸਰ ਰੂਰਲ ਤੇ ਮੋਗਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਐੱਸ.ਆਈ.ਟੀ. ਦੇ ਮੈਂਬਰ ਡੀ.ਐੱਸ.ਪੀ. ਰਵਿੰਦਰ ਸਿੰਘ ਅਤੇ ਇੰਸਪੈਕਟਰ ਹਰਜੀਤ ਕੌਰ ਐੱਸ.ਪੀ. ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਮੋਗਾ ਪਹੁੰਚੇ ਸਨ, ਕਿਉਂਕਿ ਐੱਸ.ਪੀ. ਉਥੇ ਇੱਕ ਕੇਸ ਵਿੱਚ ਪੇਸ਼ੀ ਲਈ ਗਿਆ ਹੋਇਆ ਸੀ। ਐਸਐਸਪੀ ਮੋਗਾ ਗੁਲਨੀਤ ਖੁਰਾਣਾ ਨੇ ਦੱਸਿਆ ਕਿ ਐਸਪੀ ਗੁਰਮੀਤ ਸਿੰਘ ਖ਼ਿਲਾਫ਼ ਗੁਰਦਾਸਪੁਰ ਵਿੱਚ ਕੇਸ ਦਰਜ ਹੈ। ਅੱਜ ਉਸ ਦੀ ਲੋਕੇਸ਼ਨ ਮੋਗਾ ਵਿੱਚ ਟਰੇਸ ਕੀਤੀ ਗਈ। ਐਸਪੀ ਗੁਰਮੀਤ ਸਿੰਘ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰਕੇ ਸਬੰਧਤ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਐਸਐਸਪੀ ਦਿਹਾਤ ਅੰਮ੍ਰਿਤਸਰ ਸਵਰਨਦੀਪ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published.