ਜਨਰਲ ਬਿਪਨ ਰਾਵਤ, ਉਨ੍ਹਾਂ ਦੀ ਪਤਨੀ ਤੇ 11 ਹੋਰਾਂ ਦੀ ਮੌਤ

Home » Blog » ਜਨਰਲ ਬਿਪਨ ਰਾਵਤ, ਉਨ੍ਹਾਂ ਦੀ ਪਤਨੀ ਤੇ 11 ਹੋਰਾਂ ਦੀ ਮੌਤ
ਜਨਰਲ ਬਿਪਨ ਰਾਵਤ, ਉਨ੍ਹਾਂ ਦੀ ਪਤਨੀ ਤੇ 11 ਹੋਰਾਂ ਦੀ ਮੌਤ

ਕੁਨੂਰ (ਤਾਮਿਲਨਾਡੂ) / ਕੁਨੂਰ ਨੇੜੇ ਵਾਪਰੇ ਹੈਲੀਕਾਪਟਰ ਹਾਦਸੇ ‘ਚ ਸੀ.ਡੀ.ਐਸ. ਜਨਰਲ ਬਿਪਨ ਰਾਵਤ, ਉਨ੍ਹਾਂ ਦੀ ਪਤਨੀ ਤੇ 11 ਹੋਰਾਂ ਦੀ ਮੌਤ ਹੋ ਗਈ ਹੈ ।

ਇਸ ਸਬੰਧੀ ਹਵਾਈ ਫ਼ੌਜ ਤੇ ਹੋਰ ਅਧਿਕਾਰੀਆਂ ਨੇ ਦੱਸਿਆ ਕਿ ਜਨਰਲ ਰਾਵਤ ਤੇ ਉਨ੍ਹਾਂ ਦੇ ਦਲ ਨੂੰ ਲਿਜਾ ਰਿਹਾ ਹੈਲੀਕਾਪਟਰ ਧੁੰਦ ਕਾਰਨ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ 13 ਲੋਕਾਂ ਦੀ ਮੌਤ ਹੋ ਗਈ ਜਦਕਿ ਇਕਲੌਤੇ ਬਚਾਏ ਗਏ ਵਿਅਕਤੀ ਦਾ ਹਸਪਤਾਲ ਵਿਖੇ ਇਲਾਜ਼ ਚੱਲ ਰਿਹਾ ਹੈ । ਹਵਾਈ ਫ਼ੌਜ ਨੇ ਇਕ ਟਵੀਟ ਰਾਹੀਂ ਸੂਚਨਾ ਦਿੱਤੀ ਕਿ ‘ਬਹੁਤ ਦੁੱਖ ਨਾਲ ਦੱਸ ਰਹੇ ਹਾਂ ਕਿ ਇਹ ਪੁਸ਼ਟੀ ਹੋ ਗਈ ਹੈ ਕਿ ਜਨਰਲ ਰਾਵਤ, ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਤੇ 11 ਹੋਰ ਲੋਕਾਂ ਦੀ ਮੰਦਭਾਗੇ ਹਾਦਸੇ ‘ਚ ਮੌਤ ਹੋ ਗਈ ਹੈ’ । ਪੁਲਿਸ ਤੇ ਰੱਖਿਆ ਸੂਤਰਾਂ ਨੇ ਦੱਸਿਆ ਕਿ ਵੈਲੰਗਟਨ ਵਿਖੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਮ੍ਤਿਕ ਦੇਹਾਂ ਨੂੰ ਭਲਕੇ ਵੀਰਵਾਰ ਕੋਇੰਬਟੂਰ ਤੋਂ ਦਿੱਲੀ ਲਿਆਂਦਾ ਜਾਵੇਗਾ । ਹਵਾਈ ਸੈਨਾ ਨੇ ਘਟਨਾ ਦੀ ਕੋਰਟ ਆਫ਼ ਇਨਕੁਆਰੀ ਦਾ ਆਦੇਸ਼ ਦਿੱਤਾ ਹੈ । ਹੈਲੀਕਾਪਟਰ ‘ਚ ਬਿ੍ਗੇਡੀਅਰ ਐੱਲ.ਐੱਸ. ਲਿੱਦੜ, ਲੈਫ. ਕਰਨਲ ਹਰਜਿੰਦਰ ਸਿੰਘ, ਨਾਇਕ ਗੁਰਸੇਵਕ ਸਿੰਘ, ਨਾਇਕ ਜਤਿੰਦਰ, ਨਾਇਕ ਵਿਵੇਕ ਕੁਮਾਰ, ਨਾਇਕ ਬੀ.ਸਾਈ ਤੇਜਾ ਤੇ ਹੌਲਦਾਰ ਸਤਪਾਲ ਵੀ ਸਵਾਰ ਸਨ ।

ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਨਰਲ ਰਾਵਤ ਵੈਲੰਗਟਨ ਵਿਖੇ ਡਿਫੈਂਸ ਸਰਵਿਸ ਸਟਾਫ ਕਾਲਜ (ਡੀ.ਐਸ.ਐਸ.ਸੀ.) ਦੇ ਵਿਦਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਨ ਲਈ ਜਾ ਰਹੇ ਸਨ । ਹਵਾਈ ਫ਼ੌਜ ਨੇ ਦੱਸਿਆ ਹਾਦਸੇ ‘ਚ ਇਕਲੌਤੇ ਜੀਵਤ ਬਚੇ ਗਰੁੱਪ ਕੈਪਟਨ ਵਰੁਨ ਸਿੰਘ ਐਸ.ਸੀ., ਜੋ ਕਿ ਡੀ.ਐਸ.ਐਸ.ਸੀ. ਵਲੋਂ ਨਿਰਦੇਸ਼ਕ ਸਟਾਫ ਵਜੋਂ ਨਾਲ ਸਨ, ਨੂੰ ਵੈਲੰਗਟਨ ਦੇ ਮਿਲਟਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ । ਅਧਿਕਾਰਕ ਸੂਤਰਾਂ ਤੇ ਸਥਾਨਕ ਪ੍ਰਤੱਖਦਰਸ਼ੀਆਂ ਅਨੁਸਾਰ ਕੁਨੂਰ ਨੇੜੇ ਵਾਦੀ ‘ਚ ਰੁੱਖਾਂ ਨਾਲ ਟਕਰਾਉਣ ਤੋਂ ਪਹਿਲਾਂ ਹੈਲੀਕਾਪਟਰ ਧੁੰਦ ਦੇ ਚਲਦਿਆਂ ਕਾਫੀ ਘੱਟ ਉਚਾਈ ‘ਤੇ ਉੱਡ ਰਿਹਾ ਸੀ । ਰੁੱਖਾਂ ਨਾਲ ਟਕਰਾਉਣ ਕਾਰਨ ਹੈਲੀਕਾਪਟਰ ਨੂੰ ਅੱਗ ਲੱਗ ਗਈ ਤੇ ਇਹ ਜ਼ਮੀਨ ‘ਤੇ ਡਿਗ ਗਿਆ । ਹੈਲੀਕਾਪਟਰ ਨੇ ਡਿਗਦੇ ਸਮੇਂ ਇਕ ਘਰ ਨੂੰ ਵੀ ਟੱਕਰ ਮਾਰੀ, ਪਰ ਘਰ ‘ਚ ਕੋਈ ਵਿਅਕਤੀ ਮੌਜੂਦ ਨਹੀਂ ਸੀ । ਇਸ ਸਬੰਧੀ ਸਥਾਨਕ ਵਾਸੀ ਪੇਰੂਮੱਲ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਹੈਲੀਕਾਪਟਰ ‘ਚੋਂ 2 ਵਿਅਕਤੀ ਹੇਠਾਂ ਡਿਗ ਗਏ । ਇਸ ਤੋਂ ਪਹਿਲਾਂ ਨੀਲਗਿਰੀ ਦੇ ਕੁਲੈਕਟਰ ਐਸ.ਪੀ. ਅਮ੍ਤਿ ਨੇ ਪੁਸ਼ਟੀ ਕੀਤੀ ਸੀ ਕਿ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇਕ ਵਿਅਕਤੀ ਜੀਵਿਤ ਬਚਿਆ ਹੈ ।

ਹਵਾਈ ਫੌਜ ਨੇ ਦੱਸਿਆ ਹੈ ਕਿ ਹਵਾਈ ਫੌਜ ਦੇ ਹੈਲੀਕਾਪਟਰ ਐਮ. ਆਈ.-17ਵੀ. ਐਚ. ਨਾਲ ਵਾਪਰੇ ਹਾਦਸੇ ਦੀ ਜਾਂਚ ਲਈ ‘ਕੋਰਟ ਆਫ ਇਨਕੁਆਇਰੀ’ ਦੇ ਆਦੇਸ਼ ਦਿੱਤੇ ਗਏ ਹਨ । ਇਸ ਹੈਲੀਕਾਪਟਰ ਨੇ ਸਵੇਰੇ 10.30 ਵਜੇ ਕੋਇੰਬਟੂਰ ਨੇੜੇ ਹਵਾਈ ਫੌਜ ਦੇ ਸੁਲੂਰ ਸਟੇਸ਼ਨ ਤੋਂ ਉਡਾਣ ਭਰੀ ਸੀ ਤੇ ਹਾਦਸੇ ਤੋਂ ਬਾਅਦ 12 ਵਜੇ ਕੁਨੂਰ ਫਾਇਰ ਸਟੇਸ਼ਨ ਨੂੰ ਫੋਨ ਆਇਆ ਸੀ । ਘਟਨਾ ਸਥਾਨ ‘ਤੇ ਪਹੰਚੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਇਸ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਾਦਸੇ ਸਬੰਧੀ ਜਾਣਕਾਰੀ ਦਿੱਤੀ ਤੇ ਹਵਾਈ ਫੌਜ ਮੁਖੀ ਨੂੰ ਘਟਨਾ ਸਥਾਨ ‘ਤੇ ਪਹੁੰਚਣ ਲਈ ਕਿਹਾ । ਰਾਜਨਾਥ ਸਿੰਘ ਨੇ ਦਿੱਲੀ ਵਿਖੇ ਜਨਰਲ ਰਾਵਤ ਦੇ ਘਰ ਵਿਖੇ ਪਹੁੰਚ ਕੇ ਉਨ੍ਹਾਂ ਦੀ ਬੇਟੀ ਨਾਲ ਗੱਲਬਾਤ ਰਾਵਤਕੀਤੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਕੈਬਨਿਟ ਕਮੇਟੀ ਨੂੰ ਹੈਲੀਕਾਪਟਰ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ, ਜਿਨ੍ਹਾਂ ਜਨਰਲ ਬਿਿਪਨ ਰਾਵਤ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ । ਕੈਬਨਿਟ ਕਮੇਟੀ ‘ਚ ਪ੍ਰਧਾਨ ਮੰਤਰੀ ਤੋਂ ਇਲਾਵਾ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਮੌਜੂਦ ਸਨ ।

Leave a Reply

Your email address will not be published.