ਜਥੇਦਾਰ ਹਰਪ੍ਰੀਤ ਤੇ ਡੇਰਾ ਬਿਆਸ ਮੁਖੀ ਸਣੇ 424 ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਦੀ ਸਕਿਉਰਿਟੀ ‘ਤੇ ਚੱਲੀ ਮਾਨ ਸਰਕਾਰ ਦੀ ਕੈਂਚੀ

ਜਥੇਦਾਰ ਹਰਪ੍ਰੀਤ ਤੇ ਡੇਰਾ ਬਿਆਸ ਮੁਖੀ ਸਣੇ 424 ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਦੀ ਸਕਿਉਰਿਟੀ ‘ਤੇ ਚੱਲੀ ਮਾਨ ਸਰਕਾਰ ਦੀ ਕੈਂਚੀ

ਚੰਡੀਗੜ੍ਹ: ਭਗਵੰਤ ਮਾਨ ਸਰਕਾਰ ਨੇ ਡੇਰਾ ਮੁਖੀਆਂ, ਸਾਬਕਾ ਪੁਲਿਸ ਅਧਿਕਾਰੀਆਂ, ਸਾਬਕਾ ਵਿਧਾਇਕਾਂ ਅਤੇ ਪ੍ਰਭਾਵਸ਼ਾਲੀ ਲੋਕਾਂ ਸਮੇਤ ਕੁੱਲ 424 ਲੋਕਾਂ ਤੋਂ ਸੁਰੱਖਿਆ ਵਾਪਸ ਲੈਣ ਦੇ ਆਦੇਸ਼ ਜਾਰੀ ਕੀਤੇ ਹਨ। ਜਿਨ੍ਹਾਂ ਵਿੱਚ ਬਹੁਤ ਸਾਰੀਆਂ ਧਾਰਮਿਕ ਸ਼ਖ਼ਸੀਅਤਾਂ ਵੀ ਸ਼ਾਮਲ ਹਨ। ਸੂਚੀ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ,ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਅੰਮ੍ਰਿਤਸਰ, ਸ਼ਮਸ਼ੇਰ ਸਿੰਘ ਦੂਲੋਂ ਸਾਬਕਾ ਮੈਂਬਰ ਰਾਜ ਸਭਾ, ਸਾਬਕਾ ਵਿਧਾਇਕ,ਸਾਬਕਾ ਸਪੀਕਰ, ਸੇਵਾਮੁਕਤ ਪੁਲਿਸ ਮੁਲਾਜ਼ਮ ਅਤੇ ਵਿਅਕਤੀ ਸ਼ਾਮਲ ਹਨ।ਪ੍ਰਦਾਨ ਕੀਤੀ ਗਈ ਸੁਰੱਖਿਆ ਨੂੰ ਤੁਰੰਤ ਵਾਪਸ ਲੈਣ ਦੇ ਹੁਕਮ ਦਿੱਤੇ ਗਏ ਹਨ ਅਤੇ ਪੁਲਿਸ ਮੁਲਾਜ਼ਮਾਂ ਨੂੰ 28 ਮਈ ਨੂੰ ਜਲੰਧਰ ਛਾਉਣੀ ਵਿਖੇ ਸਪੈਸ਼ਲ .ਡੀਜੀਐਲਪੀ ਸਟੇਟ ਆਰਮਡ ਪੁਲਿਸ, ਜੇਆਰਸੀ ਕੋਲ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਹਨ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅੱਜ ਸਰਕਾਰ ਵੱਲੋਂ ਸਕਿਉਰਿਟੀ ਘਟਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਪਾਸੋਂ ਵੀ ਇਕ ਸਰਕਾਰੀ ਸੁਰੱਖਿਆ ਗਾਰਡ ਸੀ ਜਿਸ ਨੂੰ ਵੀ ਵਾਪਸ ਲੈ ਲਿਆ ਗਿਆ ਹੈ।ਜ਼ਿਕਰਯੋਗ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਲਗਾਇਆ ਤਦ ਤੋਂ ਹੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਵਧੇਰੇ ਸਕਿਉਰਿਟੀ ਦਿੱਤੀ ਗਈ ਸੀ। ਪਿਛਲੇ ਸਮੇਂ ਦਰਮਿਆਨ ਉਨ੍ਹਾਂ ਪਾਸ ਛੇ ਸਕਿਉਰਿਟੀ ਗਾਰਡ ਪੰਜਾਬ ਸਰਕਾਰ ਦੇ ਚੱਲ ਰਹੇ ਸਨ, ਜਿਨ੍ਹਾਂ ਵਿਚੋਂ ਤਿੰਨ ਸਕਿਉਰਿਟੀ ਗਾਰਡ ਸਰਕਾਰ ਨੇ ਵਾਪਸ ਲੈ ਲਏ ਹਨ। ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਸ ਸਰਕਾਰੀ ਸਕਿਉਰਿਟੀ ਦੇ ਤਿੰਨ ਹੀ ਸੁਰੱਖਿਆ ਮੁਲਾਜ਼ਮ ਹਨ।ਦੱਸਣਯੋਗ ਹੈ ਕਿ 23 ਮਈ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਵੱਲੋਂ ਹਰ ਸਿੱਖ ਨੂੰ ਆਪਣੇ ਪਾਸ ਮਾਡਰਨ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲ ਵੀ ਕੀਤੀ ਗਈ ਸੀ, ਤਾਂ ਜੋ ਹਰ ਸਿੱਖ ਆਪਣੀ ਸੁਰੱਖਿਆ ਆਪ ਕਰ ਸਕੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਸ ਵੀ ਮਾਡਰਨ ਤੇ ਲਾਇਸੈਂਸੀ ਹਥਿਆਰ ਹੈ।

Leave a Reply

Your email address will not be published.