ਊਨਾ, 18 ਮਾਰਚ
ਇੱਥੇ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੇ ਨਵਰਾਤਰੀ ਮੇਲੇ ਦੌਰਾਨ ਸ਼ਰਧਾਲੂਆਂ ਨੂੰ ਮਾਤਾ ਚਿੰਤਪੁਰਨੀ ਮੰਦਰ ਦੇ ਅੰਦਰ ਨਾਰੀਅਲ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਊਨਾ ਦੇ ਡਿਪਟੀ ਕਮਿਸ਼ਨਰ ਰਾਘਵ ਸ਼ਰਮਾ ਨੇ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਮੰਦਰ ਵਿੱਚ ਮੇਲੇ ਦੌਰਾਨ ਨਾਰੀਅਲ ਲਿਜਾਣ ‘ਤੇ ਪੂਰਨ ਪਾਬੰਦੀ ਹੋਵੇਗੀ। ਚਿੰਤਪੁਰਨੀ ਨਵਰਾਤਰੀ ਮੇਲਾ 22 ਮਾਰਚ ਤੋਂ ਸ਼ੁਰੂ ਹੋਵੇਗਾ। ਡੀਸੀ ਨੇ ਕਿਹਾ ਕਿ ਸ਼ਰਧਾਲੂਆਂ ਤੋਂ ਮੰਦਰ ਦੇ ਮੁੱਖ ਦਰਵਾਜ਼ੇ ‘ਤੇ ਹੀ ਨਾਰੀਅਲ ਇਕੱਠੇ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਭਿਖਾਰੀਆਂ ‘ਤੇ ਨਿਗ੍ਹਾ ਰੱਖਣ ਲਈ ਹੋਮਗਾਰਡਾਂ ਅਤੇ ਪੁਲੀਸ ਨੂੰ ਤਾਇਨਾਤ ਕੀਤਾ ਜਾਵੇਗਾ। ਡੀਸੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਮੇਲਾ ਖੇਤਰ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਜਾਵੇਗਾ ਅਤੇ ਇੱਥੇ ਕਰੀਬ 400 ਪੁਲੀਸ ਕਰਮੀਆਂ ਅਤੇ ਹੋਮਗਾਰਡਾਂ ਨੂੰ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸ਼ਰਧਾਲੂਆਂ ਲਈ ਦਰਸ਼ਨ ਪਰਚੀ ਲਾਜ਼ਮੀ ਹੋਵੇਗੀ। ਦਰਸ਼ਨ ਪਰਚੀ ਬਾਬਾ ਸ੍ਰੀ ਮਾਈਦਾਸ ਸਦਨ, ਨਵੇਂ ਬੱਸ ਅੱਡੇ ਅਤੇ ਸ਼ੰਭੂ ਬੈਰੀਅਰ ਤੋਂ ਲਈ ਜਾ ਸਕਦੀ ਹੈ। -ਪੀਟੀਆਈ