ਕੋਰੋਨਾ ਦਾ ਕਹਿਰ – ਆਈ.ਪੀ.ਐਲ. ਦੇ ਬਾਕੀ ਮੈਚ ਮੁਲਤਵੀ

Home » Blog » ਕੋਰੋਨਾ ਦਾ ਕਹਿਰ – ਆਈ.ਪੀ.ਐਲ. ਦੇ ਬਾਕੀ ਮੈਚ ਮੁਲਤਵੀ
ਕੋਰੋਨਾ ਦਾ ਕਹਿਰ – ਆਈ.ਪੀ.ਐਲ. ਦੇ ਬਾਕੀ ਮੈਚ ਮੁਲਤਵੀ


• ਮੁਕੰਮਲ ਤਾਲਾਬੰਦੀ ਲਈ ਸਰਕਾਰ ‘ਤੇ ਵਧਿਆ ਦਬਾਅ • ਵਿਆਪਕ ਪੱਧਰ ‘ਤੇ ਆਰਥਿਕ ਸਰਗਰਮੀਆਂ ਸੀਮਤ ਕਰੇ ਸਰਕਾਰ-ਸੀ.ਆਈ.ਆਈ.

ਨਵੀਂ ਦਿੱਲੀ / ਪਿਛਲੇ 2 ਦਿਨਾਂ ‘ਚ ਆਈ.ਪੀ.ਐੱਲ. ‘ਚ ਹਿੱਸਾ ਲੈ ਰਹੇ ਕਈ ਖਿਡਾਰੀਆਂ ਦੇ ਕੋਰੋਨਾ ਪਾਜ਼ੀਟਿਵ ਹੋਣ ਕਰਕੇ ਆਈ.ਪੀ.ਐੱਲ. ਦਾ 14ਵਾਂ ਸੀਜ਼ਨ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ | ਭਾਰਤ ‘ਚ ਬੀ.ਸੀ.ਸੀ.ਆਈ. ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ ‘ਚ ਉਕਤ ਜਾਣਕਾਰੀ ਦਿੱਤੀ | ਬੀ.ਸੀ.ਸੀ.ਆਈ. ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਆਈ.ਪੀ.ਐੱਲ. ਗਵਰਨਿੰਗ ਕੌਂਸਲ ਅਤੇ ਬੀ.ਸੀ.ਸੀ.ਆਈ. ਵਲੋਂ ਕੀਤੀ ਹੰਗਾਮੀ ਮੀਟਿੰਗ ‘ਚ ਆਈ.ਪੀ.ਐੱਲ.-2021 ਸੀਜ਼ਨ ਨੂੰ ਫੌਰੀ ਪ੍ਰਭਾਵ ਨਾਲ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ | ਬੋਰਡ ਦੇ ਖਿਡਾਰੀਆਂ, ਸਹਿਯੋਗੀ ਸਟਾਫ਼ ਅਤੇ ਹੋਰ ਅਮਲੇ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਸ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਫਿਲਹਾਲ ਟੂਰਨਾਮੈਂਟ ਮੁਲਤਵੀ ਕੀਤਾ ਗਿਆ ਹੈ | ਬੀ.ਸੀ.ਸੀ.ਆਈ. ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਇਹ ਵੀ ਕਿਹਾ ਕਿ ਅੱਗੇ ਵੇਖਿਆ ਜਾਵੇਗਾ ਕਿ ਇਸ ਟੂਰਨਾਮੈਂਟ ਨੂੰ ਅੱਗੇ ਪੂਰਾ ਕਰਵਾਇਆ ਜਾ ਸਕਦਾ ਹੈ ਜਾਂ ਨਹੀਂ |

ਸ਼ੁਕਲਾ ਦੇ ਬਿਆਨ ਤੋਂ ਇਹ ਕਿਆਸ ਲਾਏ ਜਾ ਰਹੇ ਹਨ ਕਿ ਟੂਰਨਾਮੈਂਟ ਨੂੰ ਰੱਦ ਨਹੀਂ ਕੀਤਾ ਗਿਆ, ਸਗੋਂ ਕੁਝ ਮੈਚਾਂ ਨੂੰ ਭਵਿੱਖ ‘ਚ ਮੁੜ ਨਵੇਂ ਸਮੇਂ ‘ਤੇ ਕਰਵਾਇਆ ਜਾ ਸਕਦਾ ਹੈ | ਜ਼ਿਕਰਯੋਗ ਹੈ ਕਿ ਪਿਛਲੇ 2 ਦਿਨਾਂ ‘ਚ 4 ਖਿਡਾਰੀਆਂ ਸਮੇਤ ਕੋਚ ਅਤੇ 2 ਹੋਰ ਸਟਾਫ਼ ਨੂੰ ਕੋਰੋਨਾ ਹੋਣ ਤੋਂ ਬਾਅਦ ਬੀ.ਸੀ.ਸੀ.ਆਈ ਵਲੋਂ ਇਹ ਫ਼ੈਸਲਾ ਲਿਆ ਗਿਆ, ਜਦਕਿ ਇਸ ਤੋਂ ਪਹਿਲਾਂ ਫ਼ੈਸਲਾ ਲਿਆ ਗਿਆ ਸੀ ਕਿ ਆਈ.ਪੀ.ਐੱਲ. ਦੇ ਸਾਰੇ ਮੈਚਾਂ ਨੂੰ ਮੁੰਬਈ ਸ਼ਿਫਟ ਕਰ ਦਿੱਤਾ ਜਾਵੇਗਾ ਪਰ ਕੋਰੋਨਾ ਦੀ ਵਿਗੜਦੀ ਸਥਿਤੀ ਕਾਰਨ ਇਸ ਨੂੰ ਟਾਲਣ ਦਾ ਫ਼ੈਸਲਾ ਲਿਆ ਗਿਆ | ਖੇਡ ਮਾਹਿਰਾਂ ਮੁਤਾਬਿਕ ਬੋਰਡ ਵਲੋਂ ਇਸ ਨੂੰ ਰੱਦ ਕਰਨ ਦੀ ਥਾਂ ਮੁਲਤਵੀ ਇਸ ਲਈ ਕੀਤਾ ਗਿਆ ਤਾਂ ਜੋ ਬੋਰਡ ਨੂੰ ਹੋਣ ਵਾਲੇ ਤਕਰੀਬਨ 2 ਹਜ਼ਾਰ ਕਰੋੜ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ | ਇਸ ਤੋਂ ਇਲਾਵਾ ਇਸ ਸਾਲ ਟੀ-20 ਵਿਸ਼ਵ ਕੱਪ ‘ਚੋਂ ਵੀ ਭਾਰਤ ਦੀ ਮੇਜ਼ਬਾਨੀ ਖੋਹੀ ਜਾ ਸਕਦੀ ਹੈ |

Leave a Reply

Your email address will not be published.