ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਨਵੀਂ ਸਿੱਟ ਵਲੋਂ ਬਾਦਲ ਤੋਂ ਦੋ ਘੰਟੇ ਪੁੱਛਗਿੱਛ

Home » Blog » ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਨਵੀਂ ਸਿੱਟ ਵਲੋਂ ਬਾਦਲ ਤੋਂ ਦੋ ਘੰਟੇ ਪੁੱਛਗਿੱਛ
ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਨਵੀਂ ਸਿੱਟ ਵਲੋਂ ਬਾਦਲ ਤੋਂ ਦੋ ਘੰਟੇ ਪੁੱਛਗਿੱਛ

ਚੰਡੀਗੜ੍ਹ / ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਕੋਟਕਪੂਰਾ ਗੋਲੀਕਾਂਡ ਸਬੰਧੀ ਸ੍ਰੀ ਐਲ.ਕੇ. ਯਾਦਵ ਦੀ ਅਗਵਾਈ ਵਾਲੀ ਨਵੀਂ ਜਾਂਚ ਟੀਮ ਵਲੋਂ ਐਮ.ਐਲ.ਏ. ਫਲੈਟਸ ਵਿਚਲੇ ਨਿਵਾਸ ਅਸਥਾਨ ਵਿਖੇ 2 ਘੰਟੇ ਪੁੱਛਗਿੱਛ ਕੀਤੀ ਗਈ |

ਸ. ਬਾਦਲ ਜੋ ਸਿੱਟ ਵਲੋਂ ਪਹਿਲਾਂ 16 ਜੂਨ ਨੂੰ ਪੇਸ਼ ਹੋਣ ਲਈ ਦਿੱਤੇ ਨੋਟਿਸ ਮੌਕੇ ਖ਼ਰਾਬ ਸਿਹਤ ਕਾਰਨ ਜਾਂਚ ‘ਚ ਸ਼ਾਮਿਲ ਨਹੀਂ ਹੋ ਸਕੇ ਸਨ, ਨੂੰ ਅੱਜ ਵੀ ਪੁੱਛਗਿੱਛ ਦੌਰਾਨ ਦੋ ਵਾਰ ਡਾਕਟਰ ਨੇ ਅੰਦਰ ਜਾ ਕੇ ਉਨ੍ਹਾਂ ਦੀ ਜਾਂਚ ਕੀਤੀ ਕਿ ਕੀ ਉਹ ਠੀਕ ਮਹਿਸੂਸ ਕਰ ਰਹੇ ਹਨ ਜਾਂ ਨਹੀਂ? ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ‘ਅਜੀਤ’ ਨਾਲ ਬਾਅਦ ‘ਚ ਗੱਲਬਾਤ ਕਰਦਿਆਂ ਕਿਹਾ ਕਿ ਸ. ਬਾਦਲ ਨੇ ਜਾਂਚ ਟੀਮ ਤੋਂ ਹਾਈਕੋਰਟ ਦੇ ਫ਼ੈਸਲੇ ‘ਚ ਸਿਆਸੀਕਰਨ ਅਤੇ ਸਾਜਿਸ਼ ਦੇ ਲਗਾਏ ਦੋਸ਼ਾਂ ਦਾ ਨੋਟਿਸ ਲੈਂਦਿਆਂ ਮਗਰਲੀ ਜਾਂਚ ਟੀਮ ਦੀ ਕਾਰਗੁਜ਼ਾਰੀ ਦੀ ਵੀ ਜਾਂਚ ਦੀ ਮੰਗ ਕੀਤੀ ਹੈ, ਕਿਉਂਕਿ ਇਹ ਸਾਜਿਸ਼ ਅਕਾਲੀ ਦਲ ਅਤੇ ਬਾਦਲ ਪਰਿਵਾਰ ਵਿਰੁੱਧ ਹੀ ਸੀ | ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਵੀ ਜਾਂਚ ਟੀਮ ਆਪਣਾ ਕੰਮ ਡਾਇਰੈਕਟਰ ਜਨਰਲ (ਵਿਜੀਲੈਂਸ) ਦੀ ਦੇਖ-ਰੇਖ ਅਤੇ ਦਫ਼ਤਰ ਤੋਂ ਚਲਾ ਰਹੀ ਹੈ, ਜਿਸ ਦਾ ਪਿਛੋਕੜ ਅਤੇ ਕਾਰਜਸ਼ੈਲੀ ਕਿਸੇ ਤੋਂ ਲੁਕੀ ਨਹੀਂ ਹੈ |

ਉਨ੍ਹਾਂ ਇਹ ਵੀ ਦੱਸਿਆ ਕਿ ਸਾਬਕਾ ਡਾਇਰੈਕਟਰ ਪ੍ਰਾਸੀਕਿਊਸ਼ਨ ਸ੍ਰੀ ਵਿਜੇ ਸਿੰਗਲਾ ਜੋ ਕਿ ਜਾਂਚ ਟੀਮ ਦਾ ਮੈਂਬਰ ਵੀ ਨਹੀਂ ਹੈ ਅਤੇ ਹੁਣ ਸੇਵਾ-ਮੁਕਤ ਹੋ ਚੁੱਕਾ ਹੈ, ਜਾਂਚ ਟੀਮ ਨਾਲ ਆਪਣੇ ਆਪ ਨੂੰ ਡੀ.ਐਸ.ਪੀ. ਦੱਸ ਕੇ ਪੁੱਛਗਿੱਛ ਲਈ ਅੰਦਰ ਆ ਗਿਆ ਅਤੇ ਸਵਾਲ ਵੀ ਕਰਨ ਲੱਗਾ, ਪ੍ਰੰਤੂ ਜਦੋਂ ਉਸ ਦੀ ਪਹਿਚਾਣ ਹੋ ਗਈ ਤਾਂ ਸ. ਬਾਦਲ ਨੇ ਇਤਰਾਜ਼ ਉਠਾਇਆ ਅਤੇ ਸ੍ਰੀ ਸਿੰਗਲਾ ਨੂੰ ਪੁੱਛਗਿੱਛ ਵਾਲੇ ਕਮਰੇ ਤੋਂ ਬਾਹਰ ਕੱਢਣਾ ਪਿਆ | ਸਾਬਕਾ ਮੁੱਖ ਮੰਤਰੀ ਦੇ ਪ੍ਰਮੁੱਖ ਸਲਾਹਕਾਰ ਸ. ਹਰਚਰਨ ਸਿੰਘ ਬੈਂਸ ਨੇ ਵੀ ਕਿਹਾ ਕਿ ਸ. ਬਾਦਲ ਨੇ ਮੰਗ ਕੀਤੀ ਕਿ ਸਿੱਟ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸਾਜਿਸ਼, ਜਿਸ ਦੀ ਹਾਈਕੋਰਟ ਨੇ ਪੁਸ਼ਟੀ ਕੀਤੀ ਹੈ, ‘ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਧਿਰ ਬਣਾ ਕੇ ਇਸ ਸਾਜਿਸ਼ ਦੀ ਜਾਂਚ ਕਰੇ |

ਉਨ੍ਹਾਂ ਕਿਹਾ ਕਿ ਸ. ਬਾਦਲ ਨੇ ਜਾਂਚ ਟੀਮ ਨੂੰ ਸਪਸ਼ਟ ਕੀਤਾ ਕਿ ਉਨ੍ਹਾਂ ਪਹਿਲਾਂ ਕਦੀ ਇਹ ਗੱਲ ਨਹੀਂ ਕਹੀ ਪਰ ਹਾਈ ਕੋਰਟ ਵਲੋਂ ਵੀ ਹੁਣ ਇਸ ਸਬੰਧੀ ਮੋਹਰ ਲਗਾਉਣ ਤੋਂ ਬਾਅਦ ਇਸ ਗੋਲੀਕਾਂਡ ਅਤੇ ਬੇਅਦਬੀ ਦੀਆਂ ਘਟਨਾਵਾਂ ਦੇ ਸਿਆਸੀਕਰਨ ਦੀ ਸਾਜਿਸ਼ ਨੂੰ ਨੰਗਾ ਕਰਨਾ ਜਾਂਚ ਟੀਮ ਦੀ ਜ਼ਿੰਮੇਵਾਰੀ ਬਣ ਗਈ ਹੈ | ਸ. ਬੈਂਸ ਨੇ ਕਿਹਾ ਕਿ ਜਾਂਚ ਟੀਮ ਵਲੋਂ ਅਧਿਕਾਰਤ ਟੀਮ ਤੋਂ ਇਲਾਵਾ ਸੇਵਾ-ਮੁਕਤੀ ਤੋਂ ਬਾਅਦ ਨੌਕਰੀ ਕਰ ਰਹੇ ਅਧਿਕਾਰੀ ਨੂੰ ਨਾਲ ਲੈ ਕੇ ਆਉਣਾ ਅਦਾਲਤੀ ਹੁਕਮਾਂ ਦੀ ਵੀ ਤੌਹੀਨ ਸੀ, ਕਿਉਂਕਿ ਸ੍ਰੀ ਵਿਜੇ ਸਿੰਗਲਾ ਸਰਕਾਰੀ ਨੁਮਾਇੰਦਾ ਸੀ ਅਤੇ ਹਾਈਕੋਰਟ ਵਲੋਂ ਜਾਂਚ ਟੀਮ ਨੂੰ ਸਰਕਾਰੀ ਦਬਾਅ ਤੋਂ ਮੁਕਤ ਰੱਖਣ ਦੇ ਆਦੇਸ਼ ਦਿੱਤੇ ਹੋਏ ਹਨ | ਇਸ ਮੌਕੇ ਸ. ਬਾਦਲ ਦੇ ਫਲੈਟ ‘ਤੇ ਵੱਡੀ ਗਿਣਤੀ ਵਿਚ ਅਕਾਲੀ ਆਗੂ ਹਾਜ਼ਰ ਸਨ, ਜਿਨ੍ਹਾਂ ‘ਚ ਸ਼ੋ੍ਰਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੀ ਸ਼ਾਮਿਲ ਸੀ | ਇਸ ਮੌਕੇ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਵਲੋਂ ਉਕਤ ਜਾਂਚ ਰਾਹੀਂ ਅਕਾਲੀ ਦਲ ਅਤੇ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਹੁੰਦੀਆਂ ਰਹੀਆਂ ਹਨ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਜਾਂਚ ਟੀਮ ਦੇ ਮੁਖੀ ਐਲ.ਕੇ. ਯਾਦਵ ਨੂੰ ਹੁਣ ਜਿਵੇਂ ‘ਆਊਟ ਆਫ਼ ਟਰਨ’ ਤਰੱਕੀ ਦਿੱਤੀ ਗਈ ਹੈ, ਉਹ ਵੀ ਜਾਂਚ ਦਾ ਮਾਮਲਾ ਹੈ | ਇਹ ਵੀ ਦੱਸਿਆ ਗਿਆ ਸ. ਬਾਦਲ ਨੂੰ ਪੁੱਛਗਿੱਛ ਦੌਰਾਨ ਉਹ ਹੀ ਸਵਾਲ ਅੱਜ ਦੁਬਾਰਾ ਪੁੱਛੇ ਗਏ, ਜਿਨ੍ਹਾਂ ਦੇ ਜਵਾਬ ਉਹ ਮਗਰਲੀ ਜਾਂਚ ਟੀਮ ਨੂੰ ਦੇ ਚੁੱਕੇ ਹਨ ਕਿ ਤੁਸੀਂ ਉਸ ਮੌਕੇ ਕਿਸ-ਕਿਸ ਨਾਲ ਟੈਲੀਫ਼ੋਨ ‘ਤੇ ਕੀ ਗੱਲ ਕੀਤੀ ਅਤੇ ਕੀ ਆਦੇਸ਼ ਦਿੱਤੇ |

ਦੁਬਾਰਾ ਵੀ ਹੋ ਸਕਦੀ ਪੁੱਛਗਿੱਛ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਵਿਸ਼ੇਸ਼ ਜਾਂਚ ਟੀਮ ਵਲੋਂ ਪੁੱਛਗਿੱਛ ਤੋਂ ਬਾਅਦ ਸਰਕਾਰੀ ਤੌਰ ‘ਤੇ ਸੰਕੇਤ ਦਿੱਤਾ ਗਿਆ ਕਿ ਸ. ਬਾਦਲ ਤੋਂ ਸਿੱਟ ਦੁਬਾਰਾ ਵੀ ਪੁੱਛਗਿੱਛ ਕਰ ਸਕਦੀ ਹੈ | ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਤੋਂ ਅੱਜ ਕੋਈ 80 ਸਵਾਲ ਰੱਖੇ ਹੋਏ ਸਨ, ਜਿਨ੍ਹਾਂ ‘ਚੋਂ ਮੁੱਖ 2015 ਦੌਰਾਨ ਵਾਪਰੀ ਇਸ ਘਟਨਾ ਮੌਕੇ ਤਾਇਨਾਤ ਅਧਿਕਾਰੀਆਂ ਨੂੰ ਦਿੱਤੇ ਆਦੇਸ਼ਾਂ ਜਾਂ ਉਨ੍ਹਾਂ ਨਾਲ ਹੋਈ ਟੈਲੀਫ਼ੋਨ ‘ਤੇ ਗੱਲਬਾਤ ਤੋਂ ਇਲਾਵਾ ਅਮਨ-ਕਾਨੂੰਨ ਨਾਲ ਨਜਿੱਠਣ ਲਈ ਬਣਾਈ ਕੋਈ ਟੀਮ ਅਤੇ ਕਾਰਵਾਈ ਲਈ ਜਾਰੀ ਆਦੇਸ਼ਾਂ ਸਬੰਧੀ ਹੀ ਸਨ | ਸਰਕਾਰੀ ਤੌਰ ‘ਤੇ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਵਿਜੇ ਸਿੰਗਲਾ, ਜਿਨ੍ਹਾਂ ਨੂੰ ਸ. ਬਾਦਲ ਦੇ ਇਤਰਾਜ਼ ਤੋਂ ਬਾਅਦ ਪੁੱਛਗਿੱਛ ਤੋਂ ਬਾਹਰ ਕੀਤਾ ਗਿਆ, ਨੂੰ ਸਰਕਾਰ ਨੇ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਹੀ 7 ਮਈ ਅਤੇ 19 ਮਈ ਨੂੰ ਕੀਤੇ ਆਦੇਸ਼ਾਂ ਅਨੁਸਾਰ ਜਾਂਚ ਟੀਮ ਦੇ ਕਾਨੂੰਨੀ ਮਾਹਿਰ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਸੀ | ਜਦੋਂਕਿ ਅਕਾਲੀ ਦਲ ਦਾ ਇਤਰਾਜ਼ ਸੀ ਕਿ ਉਹ ਪਹਿਲਾਂ ਵੀ ਸ. ਬਾਦਲ ਵਿਰੁੱਧ ਕੇਸ ਲੜਦੇ ਰਹੇ ਹਨ | ਵਰਨਣਯੋਗ ਹੈ ਕਿ ਅੱਜ ਦੀ ਸਾਰੀ ਪੁੱਛਗਿੱਛ ਦੀ ਵੀਡੀEਗ੍ਰਾਫ਼ੀ ਵੀ ਕੀਤੀ ਗਈ |

Leave a Reply

Your email address will not be published.