ਕੈਪਟਨ ਵਲੋਂ ‘ਪੰਜਾਬ ਲੋਕ ਕਾਂਗਰਸ’ ਨਾਂਅ ਦੀ ਨਵੀਂ ਪਾਰਟੀ ਦਾ ਐਲਾਨ

ਚੰਡੀਗੜ੍ਹ / ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦਾ ਐਲਾਨ ਕੀਤਾ ਹੈ ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੇ ਭੇਜੇ 7 ਸਫ਼ਿਆਂ ਦੇ ਅਸਤੀਫ਼ੇ ‘ਚ ਉਨ੍ਹਾਂ ਕਾਂਗਰਸ ਲਈ ਕੀਤੇ ਗਏ ਕੰਮਾਂ ਤੇ ਪੰਜਾਬ ਲਈ ਨਿਭਾਈ ਅਹਿਮ ਭੂਮਿਕਾ ਨੂੰ ਬਿਆਨ ਕਰਦਿਆਂ ਕਿਹਾ ਕਿ ਮੈਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹੁਣ ਲਈ ਵਿਧਾਇਕਾਂ ਦੀ ਮੀਟਿੰਗ ਸੱਦ ਕੇ ਅੱਧੀ ਰਾਤ ਨੂੰ ਮੇਰੇ ਖ਼ਿਲਾਫ਼ ਜੋ ਸਾਜਿਸ਼ ਕੀਤੀ ਗਈ, ਜਿਸ ਵਿਚ ਤੁਸੀਂ ਤੇ ਤੁਹਾਡੇ ਬੱਚੇ ਸ਼ਾਮਿਲ ਸਨ, ਮੇਰੇ ਲਈ ਬੇਹੱਦ ਦੁਖਦਾਈ ਸੀ, ਕਿਉਂਕਿ ਮੇਰੀ ਤੁਹਾਡੇ ਪਤੀ ਤੇ ਬੱਚਿਆਂ ਦੇ ਪਿਤਾ ਨਾਲ 67 ਸਾਲ ਦੀ ਪਰਿਵਾਰਕ ਸਾਂਝ ਸੀ । ਉਨ੍ਹਾਂ ਕਿਹਾ ਕਿ ਮੇਰੇ ਭਾਜਪਾ ਨਾਲ ਸੰਬੰਧਾਂ ਦੀ ਤੁਹਾਡੇ ਵਲੋਂ ਨੁਕਤਾਚੀਨੀ ਹੋਈ । ਹਾਲਾਂਕਿ ਮੈਂ ਭਾਜਪਾ ਨਾਲ ਕਿਸਾਨਾਂ ਦੇ ਹਿੱਤਾਂ ਲਈ ਗੱਲ ਕਰ ਰਿਹਾ ਸੀ, ਪਰ ਕਾਂਗਰਸ ਨੇ ਸ਼ਿਵ ਸੈਨਾ ਵਰਗੀ ਫ਼ਿਰਕੂ ਜਮਾਤ ਨਾਲ ਸਮਝੌਤਾ ਕਰਨ ਲੱਗਿਆਂ ਇਕ ਵਾਰ ਵੀ ਨਹੀਂ ਸੋਚਿਆ ਕਿ ਕੀ ਲੋਕ ਮੂਰਖ਼ ਹਨ, ਜੋ ਇਹ ਸਭ ਕੁਝ ਨਹੀਂ ਸਮਝਦੇ । ਕੈਪਟਨ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਚੋਣ ਕਮਿਸ਼ਨ ਤੋਂ ਪਾਰਟੀ ਦੀ ਰਜਿਸਟ੍ਰੇਸ਼ਨ ਤੇ ਚੋਣ ਨਿਸ਼ਾਨ ਦੀ ਅਲਾਟਮੈਂਟ ਹੋਣ ਤੋਂ ਤੁਰੰਤ ਬਾਅਦ ਆਪਣੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦੇਣਗੇ ।

ਸੂਚਨਾ ਅਨੁਸਾਰ ਸਾਬਕਾ ਮੁੱਖ ਮੰਤਰੀ ਵਲੋਂ ਗਾਂ ਤੇ ਵੱਛੇ ਦਾ ਚੋਣ ਨਿਸ਼ਾਨ ਮੰਗਿਆ ਗਿਆ ਸੀ, ਪਰ ਚੋਣ ਕਮਿਸ਼ਨ ਵਲੋਂ ਇਹ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ ਤੇ ਹੁਣ ਕੋਈ ਹੋਰ ਚੋਣ ਨਿਸ਼ਾਨ ਪਾਰਟੀ ਨੂੰ ਮਿਲੇਗਾ । ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵਲੋਂ ਆਪਣਾ ਮੁੱਖ ਦਫ਼ਤਰ ਚੰਡੀਗੜ੍ਹ ਦੇ ਸੈਕਟਰ 8 ‘ਚ ਸਥਾਪਿਤ ਕੀਤਾ ਜਾ ਰਿਹਾ ਹੈ ਜੋ ਕਿ ਆਉਂਦੇ 3-4 ਦਿਨਾਂ ‘ਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ । ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ‘ਚ ਸਰਕਾਰ ਤੇ ਪਾਰਟੀ ਨੂੰ ਹਰੀਸ਼ ਚੌਧਰੀ ਤੇ ਕ੍ਰਿਸ਼ਨਨ ਚਲਾ ਰਹੇ ਹਨ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਕ ਪਾਸੇ ਇਹ ਦੋਵੇਂ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਕੰਮ ਹੀ ਨਹੀਂ ਕਰਨ ਦੇ ਰਹੇ । ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ‘ਚ ਮੱੁਖ ਮੰਤਰੀ ਕੀ ਕੰਮ ਕਰੇਗਾ । ਉਨ੍ਹਾਂ ਕਿਹਾ ਕਿ ਮੈਂ ਸਾਢੇ 4 ਦੇ ਆਪਣੇ ਕਾਰਜਕਾਲ ‘ਚ ਨਾ ਕਿਸੇ ਨੂੰ ਦਿੱਲੀ ਤੋਂ ਸਰਕਾਰ ਦੇ ਕੰਮਕਾਜ ‘ਚ ਦਖ਼ਲ ਦੇਣ ਦਿੱਤਾ ਤੇ ਨਾ ਹੀ ਕਿਸੇ ਹੋਰ ਦਾ ਦਖ਼ਲ ਸਰਕਾਰ ‘ਚ ਪ੍ਰਵਾਨ ਕੀਤਾ ।

ਸੋਨੀਆ ਗਾਂਧੀ ਨੂੰ ਲਿਖੇ ਆਪਣੇ ਪੱਤਰ ‘ਚ ਉਨ੍ਹਾਂ ਹਰੀਸ਼ ਰਾਵਤ ਸੰਬੰਧੀ ਵੀ ਟਿੱਪਣੀ ਕੀਤੀ ਕਿ ਉਹ ਦੋਹਰੇ ਕਿਰਦਾਰ ਵਾਲੇ ਇਨਸਾਨ ਹਨ ਤੇ ਸ੍ਰੀਮਤੀ ਗਾਂਧੀ ਨੂੰ ਕਿਹਾ ਕਿ ਨਵਜੋਤ ਸਿੰਘ ਸਿੱਧੂ ਸੰਬੰਧੀ ਮੈਂ ਜੋ ਤੁਹਾਨੂੰ ਟਿੱਪਣੀਆਂ ਕੀਤੀਆਂ ਸਨ, ਤੁਸੀਂ ਉਸ ਨੂੰ ਪ੍ਰਧਾਨ ਬਣਾਉਣ ਦੇ ਫ਼ੈਸਲੇ ਸੰਬੰਧੀ ਇਕ ਦਿਨ ਪਛਤਾਉਗੇ, ਪਰ ਇਹ ਪਛਤਾਵਾ ਬਹੁਤ ਲੇਟ ਹੋ ਚੁੱਕਾ ਹੋਵੇਗਾ । ਪੱਤਰ ‘ਚ ਉਨ੍ਹਾਂ ਇਹ ਵੀ ਲਿਿਖਆ ਕਿ ਰਾਜ ਦੇ ਦਰਿਆਈ ਪਾਣੀਆਂ ਸਬੰਧੀ ਸਮਝੌਤੇ ਰੱਦ ਕਰਨ ਦੇ ਮੇਰੇ ਵਲੋਂ 2005 ‘ਚ ਲਏ ਗਏ ਫ਼ੈਸਲੇ ਕਾਰਨ ਤੁਸੀਂ ਮੇਰੇ ਨਾਲ 9 ਮਹੀਨੇ ਤੱਕ ਗੱਲ ਨਹੀਂ ਕੀਤੀ ਤੇ ਡਾ[ ਮਨਮੋਹਨ ਸਿੰਘ ਮੇਰੀ ਸਰਕਾਰ ਨੂੰ ਬਰਤਰਫ਼ ਕਰਨ ਤੱਕ ਵਿਚਾਰ ਕਰ ਰਹੇ ਸਨ, ਪਰ ਮੈਂ ਹਮੇਸ਼ਾ ਆਪਣੇ ਸਾਹਮਣੇ ਪੰਜਾਬ ਦੇ ਮੁਫ਼ਾਦ ਨੂੰ ਰੱਖਿਆ ।

ਉਨ੍ਹਾਂ ਅਸਤੀਫ਼ਾ ਪੱਤਰ ਵਿਚ ਇਹ ਵੀ ਕਿਹਾ ਕਿ ਕਾਂਗਰਸ ਵਿਧਾਇਕਾਂ ਤੇ ਮੰਤਰੀਆਂ ਦਾ ਇਕ ਵੱਡਾ ਹਿੱਸਾ ਇਸ ਕੰਮ ‘ਚ ਲੱਗਾ ਹੋਇਆ ਸੀ । ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਮੈਂ ਉਨ੍ਹਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਕਿਉਂਕਿ ਮੈਨੂੰ ਇਹ ਲੱਗ ਰਿਹਾ ਸੀ ਕਿ ਇਸ ਨਾਲ ਪਾਰਟੀ ਦਾ ਅਕਸ ਖ਼ਰਾਬ ਹੋਵੇਗਾ । ਉਨ੍ਹਾਂ ਕਿਹਾ ਕਿ ਅਜਿਹੇ ਵਿਧਾਇਕਾਂ ਤੇ ਮੰਤਰੀਆਂ ਦੀ ਸੂਚੀ ਮੈਂ ਜਨਤਕ ਕਰਨ ਦਾ ਵਿਚਾਰ ਰੱਖਦਾ ਹਾਂ, ਜੋ ਮੈਨੂੰ ਰਾਜ ਸਰਕਾਰ ਤੇ ਸਟੇਟ ਦੇ ਖ਼ੁਫ਼ੀਆ ਵਿਭਾਗ ਵਲੋਂ ਦਿੱਤੀ ਗਈ ਸੀ । ਆਪਣੇ ਅਸਤੀਫ਼ਾ ਪੱਤਰ ‘ਚ ਉਨ੍ਹਾਂ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨ ਦੇ ਫ਼ੌਜੀ ਜਰਨੈਲ ਨੂੰ ਜੱਫੀ ਪਾਉਣ ਦਾ ਮੁੱਦਾ ਦੁਬਾਰਾ ਉਠਾਇਆ ਤੇ ਸੂਬੇ ‘ਚ ਨਸ਼ਿਆਂ ਦੇ ਕਾਰੋਬਾਰ ਨਾਲ ਨਜਿੱਠਣ ਲਈ ਚੁੱਕੇ ਕਦਮਾਂ ਦਾ ਵੀ ਬਿਉਰਾ ਦਿੱਤਾ ।

Leave a Reply

Your email address will not be published. Required fields are marked *