ਕੈਪਟਨ ਦੇ ‘ਸੰਪੂਰਨ ਕਰਜ਼ਾ ਮੁਆਫੀ’ ਦੇ ਲਾਰੇ ਨੇ ਕਸੂਤੇ ਫਸਾਏ ਕਿਸਾਨ, ਗ੍ਰਿਫਤਾਰ ਹੋਣ ਦੀ ਆਈ ਨੌਬਤ

ਪੰਜਾਬ : ਪਿਛਲੀਆਂ ਸਰਕਾਰਾਂ ਵੱਲੋਂ ‘ਸੰਪੂਰਨ ਕਰਜ਼ ਮੁਆਫੀ’ ਦੇ ਵਾਅਦਿਆਂ ‘ਤੇ ਭਰੋਸਾ ਕਰ ਬੈਠੇ ਪੰਜਾਬ ਦੇ ਕਿਸਾਨਾਂ ‘ਤੇ ਦੋਹਰੀ ਗਾਜ ਡਿੱਗੀ ਹੈ।

ਇਕ ਤਾਂ ਕਈ ਸਾਲਾਂ ਦੇ ਡਿਫਾਲਟਰ ਹੋਣ ਕਾਰਣ ਕਰਜ਼ੇ ਦੀ ਪੰਡ ਭਾਰੀ ਹੋ ਗਈ ਉੱਤੋਂ ਸਰਕਾਰ ਵੱਲੋਂ ਕੱਢੇ ਗਏ ਗ੍ਰਿਫ਼ਤਾਰੀ ਵਾਰੰਟ ਕਾਰਨ ਕਈ ਕਿਸਾਨਾਂ ਦੀ ਰਾਤਾਂ ਦੀ ਨੀਂਦ ਹੀ ਗਾਇਬ ਹੋ ਗਈ ਹੈ। ਇਸ ਦੀ ਸ਼ੁਰੂਆਤ ਪੁਰਾਣੇ ਫਿਰੋਜ਼ਪੁਰ ਜ਼ਿਲ੍ਹੇ ਤੋਂ ਕਰਦਿਆਂ ਖੇਤੀ ਵਿਕਾਸ ਬੈਂਕ ਦੇ ਅਧਿਕਾਰੀਆਂ ਵੱਲੋਂ ਦੋ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ,ਜਿਨ੍ਹਾਂ ਵਿਚੋਂ ਇਕ ਵੱਲੋਂ ਸਵਾ ਛੇ ਲੱਖ ਦੇ ਕਰੀਬ ਅਦਾਇਗੀ ਕਰਨ ‘ਤੇ ਵਾਪਸ ਭੇਜ ਦਿੱਤਾ ਗਿਆ ਅਤੇ ਦੂਜੇ ਵੱਲੋਂ ਇਕ ਮਹੀਨੇ ਵਿੱਚ ਅਦਾਇਗੀ ਕਰਨ ਦਾ ਲਿਖਤੀ ਵਾਅਦਾ ਕੀਤੇ ਜਾਣ ਮਗਰੋਂ ਉਸ ਨੂੰ ਛੱਡ ਦਿੱਤਾ ਗਿਆ। ਭਾਵੇਂ ਵਕਤੀ ਤੌਰ ‘ਤੇ ਕਿਸੇ ਵੀ ਡਿਫਾਲਟਰ ਕਿਸਾਨ ਨੂੰ ਜੇਲ੍ਹ ਤਾਂ ਨਹੀਂ ਭੇਜਿਆ ਗਿਆ ਪਰ ਕਿਸਾਨਾਂ ਦੇ ਗ੍ਰਿਫਤਾਰੀ ਵਾਰੰਟ ਤਿਆਰ ਕੀਤੇ ਜਾਣ ਨਾਲ ਕਰਜ਼ਾਈ ਕਿਸਾਨ ਦਹਿਸ਼ਤ ਦੇ ਆਲਮ ਵਿਚ ਹਨ। ਪੰਜਾਬ ਵਿੱਚ ਕਰੀਬ ਦੋ ਹਜ਼ਾਰ ਡਿਫਾਲਟਰ ਕਿਸਾਨਾਂ ਦੇ ਗ੍ਰਿਫ਼ਤਾਰੀ ਵਾਰੰਟ ਤਿਆਰ ਕੀਤੇ ਗਏ ਹਨ, ਪਰ ਇਨ੍ਹਾਂ ਵਿੱਚੋਂ ਕੁਝ ਨਵੇਂ ਹਨ ਅਤੇ ਕੁਝ ਪਿਛਲੀਆਂ ਸਰਕਾਰਾਂ ਵੱਲੋਂ ਜਾਰੀ ਕੀਤੇ ਵਾਰੰਟਾਂ ਨੂੰ ਰੀਨਿਊ ਕੀਤਾ ਗਿਆ ਹੈ।

 ਡਿਫਾਲਟਰ ਕਿਸਾਨਾਂ ਦੇ ਵਾਰੰਟ ਜਾਰੀ ਕਰਨ ਵਿੱਚ ਪਹਿਲ ਕਰਦਿਆਂ ਖੇਤੀ ਵਿਕਾਸ ਬੈਂਕ ਫ਼ਿਰੋਜ਼ਪੁਰ ਨੇ ਬਸਤੀ ਰਾਮ ਲਾਲ ਦੇ ਕਿਸਾਨ ਬਖ਼ਸ਼ੀਸ਼ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਬੈਂਕ ਅਧਿਕਾਰੀਆਂ ਕੋਲ ਲੈ ਆਂਦਾ ਗਿਆ। ਬੈਂਕ ਅਧਿਕਾਰੀ ਮੁਤਾਬਕ ਬਖਸ਼ੀਸ਼ ਸਿੰਘ ਦੇ ਦੋ ਕੇਸ ਚੱਲ ਰਹੇ ਸਨ। ਜਿਸ ਦਾ ਕਰੀਬ 20 ਲੱਖ ਰੁਪਏ ਕਰਜ਼ਾ ਬਣਦਾ ਹੈ। ਸਹਾਇਕ ਰਜਿਸਟਰਾਰ ਫ਼ਿਰੋਜ਼ਪੁਰ ਸਰਵਨਜੀਤ ਸਿੰਘ ਨੇ ਦੱਸਿਆ ਕਿ ਬਖ਼ਸ਼ੀਸ਼ ਸਿੰਘ ਨੇ ਲਿਖਤੀ ਬਿਆਨ ਦੇ ਕੇ ਇੱਕ ਮਹੀਨੇ ਅੰਦਰ ਵਸੂਲੀ ਦੇਣ ਦਾ ਵਾਅਦਾ ਕੀਤਾ ਹੈ, ਜਿਸ ਕਰਕੇ ਉਨ੍ਹਾਂ ਨੂੰ ਵਾਪਸ ਘਰ ਭੇਜ ਦਿੱਤਾ ਗਿਆ ਹੈ। ਉਧਰ ਖੇਤੀ ਵਿਕਾਸ ਬੈਂਕ ਜਲਾਲਾਬਾਦ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਲਾਲਾਬਾਦ ਵਿਚ 400 ਵਾਰੰਟ ਤਿਆਰ ਕੀਤੇ ਗਏ ।

ਇਨ੍ਹਾਂ ਵਿੱਚੋਂ 183 ਹੀ ਨਵੇਂ ਹਨ ਜਦਕਿ 217 ਵਾਰੰਟ ਪਿਛਲੀ ਸਰਕਾਰ ਵਾਲੇ ਰੀਨਿਊ ਕੀਤੇ ਗਏ ਹਨ । ਬੈਂਕ ਅਧਿਕਾਰੀਆਂ ਮੁਤਾਬਕ ਉਨ੍ਹਾਂ ਵੱਲੋਂ ਜਲਾਲਾਬਾਦ ਤੇ ਸੋਮਨਾਥ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਿਸ ਵੱਲੋਂ ਕਰੀਬ ਸਵਾ ਛੇ ਲੱਖ ਰੁਪਏ ਦੀ ਫੌਰੀ ਅਦਾਇਗੀ ਕਰਨ ਮਗਰੋਂ ਉਸ ਨੂੰ ਛੱਡ ਦਿੱਤਾ ਗਿਆ । ਖੇਤੀ ਵਿਕਾਸ ਬੈਂਕ ਫਿਰੋਜ਼ਪੁਰ ਦੇ ਸਹਾਇਕ ਰਜਿਸਟਰਾਰ ਸਰਵਨਜੀਤ ਸਿੰਘ ਨੇ ਦੱਸਿਆ ਕਿ ਖੇਤੀ ਵਿਕਾਸ ਬੈਂਕ ਦਾ ਕਿਸਾਨਾਂ ਵੱਲ ਇਕ ਅਰਬ 42 ਕਰੋੜ ਰੁਪਏ ਦਾ ਕਰਜ਼ਾ ਖਡ਼੍ਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਅਤੇ ਬੈਂਕਾਂ ਦਰਮਿਆਨ ਮੌਜੂਦਾ ਹਾਲਾਤ ਲਈ ਪਿਛਲੀਆਂ ਸਰਕਾਰਾਂ ਦੀਆਂ ਗਲਤ ਪਾਲਸੀਆਂ ਹੀ ਜ਼ਿੰਮੇਵਾਰ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਕਿਸਾਨ ਆਪਣੀ ਜਗ੍ਹਾ ਠੀਕ ਹਨ, ਪਰ ਬੈਂਕ ਦੀ ਰਕਮ ਵਾਪਸ ਨਹੀਂ ਆਏਗੀ ਤਾਂ ਬੈਂਕ ਕਿਵੇਂ ਚੱਲਣਗੇ ।

 ਭਾਵੇਂ ਕਿ ਪਿਛਲੀਆਂ ਸਰਕਾਰਾਂ ਵੱਲੋਂ ਵੀ ਕਿਸਾਨਾਂ ਦੇ ਵਾਰੰਟ ਕੱਢੇ ਜਾਂਦੇ ਰਹੇ ਹਨ ,ਪਰ ਇਸ ਕਦਰ ਚਰਚਾ ਪਹਿਲੀ ਵਾਰ ਹੋਈ ਹੈ। ਵਧ ਰਹੇ ਡੀਜ਼ਲ’ ਖਾਦਾਂ ਅਤੇ ਪੈਸਟੀਸਾਈਡ ਦੇ ਰੇਟਾਂ ਤੋਂ ਪ੍ਰੇਸ਼ਾਨ ਚਲਦੇ ਆ ਰਹੇ ਕਿਸਾਨ ਇਸ ਵਾਰ ਕਣਕ ਦੇ ਘਟੇ ਝਾੜ ਕਰਕੇ ਵੀ ਚਿੰਤਾ ਵਿਚ ਹਨ। ਖੇਤੀ ਵਿਕਾਸ ਬੈਂਕਾਂ ਤੋਂ ਕਿਸਾਨਾਂ ਨੇ ਖੇਤੀ ਅਤੇ ਗੈਰ-ਖੇਤੀ ਕੰਮਾਂ ਲਈ ਕਰਜ਼ੇ ਲਏ ਹੋਏ ਹਨ। ਭਾਵੇਂ ਕਿ ਖੇਤੀ ਵਿਕਾਸ ਬੈਂਕ ‘ਕਰਜ਼ਾ ਮੁਆਫ਼ੀ ਸਕੀਮ’ ਦੇ ਦਾਇਰੇ ਵਿੱਚ ਨਹੀਂ ਆਉਂਦੇ ਸਨ, ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਹਰ ਤਰ੍ਹਾਂ ਦੇ ਕਰਜ਼ ਮੁਆਫੀ’ ਦੇ ਕੀਤੇ ਐਲਾਨ ਕਾਰਨ ਕਿਸਾਨ ਆਸਵੰਦ ਸਨ ਕਿ ਸ਼ਾਇਦ ਉਨ੍ਹਾਂ ਦੇ ਕਰਜ਼ੇ ਵੀ ਮੁਆਫ ਹੋ ਜਾਣ।

Leave a Reply

Your email address will not be published. Required fields are marked *