ਕੈਪਟਨ ਦੀ ਛੁੱਟੀ, ਚਰਨਜੀਤ ਚੰਨੀ ਹੱਥ ਆਈ ਪੰਜਾਬ ਦੀ ਕਮਾਨ

Home » Blog » ਕੈਪਟਨ ਦੀ ਛੁੱਟੀ, ਚਰਨਜੀਤ ਚੰਨੀ ਹੱਥ ਆਈ ਪੰਜਾਬ ਦੀ ਕਮਾਨ
ਕੈਪਟਨ ਦੀ ਛੁੱਟੀ, ਚਰਨਜੀਤ ਚੰਨੀ ਹੱਥ ਆਈ ਪੰਜਾਬ ਦੀ ਕਮਾਨ

ਚੰਡੀਗੜ੍ਹ: ਪੰਜਾਬ ਵਿਚ ਕਾਂਗਰਸ ਸਰਕਾਰ ਦੀ ਸਾਢੇ ਚਾਰ ਸਾਲ ਦੀ ਸੱਤਾ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਵਜੋਂ ਛੁੱਟੀ ਕਰ ਦਿੱਤੀ ਗਈ।

ਉਨ੍ਹਾਂ ਦੀ ਥਾਂ ਦਲਿਤ ਆਗੂ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਦੇ ਨਾਲ ਓਪੀ ਸੋਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਪ ਮੁੱਖ ਮੰਤਰੀ ਲਾਇਆ ਗਿਆ ਹੈ। ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਵਲੋਂ ਇਕ ਦਲਿਤ ਚਿਹਰੇ ਦੀ ਮੁੱਖ ਮੰਤਰੀ ਵਜੋਂ ਚੋਣ ਕਰਕੇ ਵਿਰੋਧੀ ਧਿਰਾਂ ਨੂੰ ਹੈਰਾਨ ਕਰਨ ਵਾਲੀ ਕਾਰਵਾਈ ਕੀਤੀ ਹੈ। ਕਾਂਗਰਸ ਹਾਈਕਮਾਨ ਵਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੁੱਖ ਮੰਤਰੀ ਦੀ ਚੋਣ ਨੂੰ ਲੈ ਕੇ ਕਾਂਗਰਸ ‘ਚ ਚੱਲੇ 24 ਘੰਟਿਆਂ ਦੇ ਘਮਾਸਾਨ ਤੋਂ ਬਾਅਦ ਚੰਨੀ ਦੇ ਨਾਂ ਦਾ ਐਲਾਨ ਕੀਤਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਅਹੁਦੇ ਤੋਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਅਧਿਕਾਰ ਦਿੱਤੇ ਗਏ ਸਨ।

ਪਾਰਟੀ ਹਾਈਕਮਾਨ ਵੱਲੋਂ ਪਹਿਲਾਂ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਨਾਂ ਨਵੇਂ ਮੁੱਖ ਮੰਤਰੀ ਵਜੋਂ ਪੇਸ਼ ਕਰਨਾ ਚਾਹਿਆ ਪਰ ਇਸ ਦਾ ਕੁਝ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਇਹ ਕਹਿ ਕੇ ਵਿਰੋਧ ਕੀਤਾ ਗਿਆ ਕਿ ਦੇਸ਼ ਦਾ ਇਕੋ ਸੂਬਾ ਪੰਜਾਬ ਹੈ, ਜਿਥੇ ਪਗੜੀ ਧਾਰੀ ਮੁੱਖ ਮੰਤਰੀ ਬਣ ਸਕਦਾ ਹੈ ਤੇ ਇਸ ਰਵਾਇਤ ਨੂੰ ਖਤਮ ਨਾ ਕੀਤਾ ਜਾਵੇ। ਇਸ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੁੱਖ ਮੰਤਰੀ ਦੀ ਦੌੜ ਵਿਚ ਕੁੱਦ ਪਏ ਪਰ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਨੇ ਵੀ ਆਪਣਾ ਦਾਅਵਾ ਪੇਸ਼ ਕਰ ਦਿੱਤਾ। ਪਾਰਟੀ ਹਾਈਕਮਾਨ ਵੱਲੋਂ ਆਖਰ ਇਕ ਦਲਿਤ ਮੁੱਖ ਮੰਤਰੀ ਦੇਣ ਦਾ ਫੈਸਲਾ ਲੈਂਦਿਆਂ ਚੰਨੀ ਦੇ ਨਾਂ ‘ਤੇ ਮੋਹਰ ਲਗਾ ਦਿੱਤੀ, ਜਦੋਂਕਿ ਨਵਜੋਤ ਸਿੰਘ ਸਿੱਧੂ ਵੀ ਉਨ੍ਹਾਂ ਦੀ ਚੋਣ ਨਾਲ ਸਹਿਮਤ ਦੱਸੇ ਜਾ ਰਹੇ ਹਨ। ਚੰਨੀ, ਜੋ ਕੈਪਟਨ ਸਰਕਾਰ ਵਿਚ ਤਕਨੀਕੀ ਸਿੱਖਿਆ ਤੇ ਸਨਅਤੀ ਸਿਖਲਾਈ ਦੇ ਮੰਤਰੀ ਸਨ, ਸਾਲ 2015-2016 ਦੌਰਾਨ ਵਿਧਾਨ ਸਭਾ ‘ਚ ਕਾਂਗਰਸ ਵਲੋਂ ਵਿਰੋਧੀ ਧਿਰ ਦੇ ਆਗੂ ਵੀ ਰਹਿ ਚੁੱਕੇ ਹਨ। ਦਲਿਤਾਂ ਦੇ ਹੱਕਾਂ ਨੂੰ ਲੈ ਕੇ ਉਹ ਲਗਾਤਾਰ ਸੰਘਰਸ਼ ਕਰਦੇ ਰਹੇ ਤੇ ਸਰਕਾਰ ਵਿਚ ਹੁੰਦਿਆਂ ਵੀ ਦਲਿਤਾਂ ਨਾਲ ਸਬੰਧਤ ਕਈ ਅਹਿਮ ਫੈਸਲੇ ਉਨ੍ਹਾਂ ਕਾਰਨ ਹੋਏ।

Leave a Reply

Your email address will not be published.