ਕੈਪਟਨ ਦੀ ਅਗਵਾਈ ‘ਚ ਹੀ ਲੜਾਂਗੇ ਚੋਣਾਂ-ਰਾਵਤ

Home » Blog » ਕੈਪਟਨ ਦੀ ਅਗਵਾਈ ‘ਚ ਹੀ ਲੜਾਂਗੇ ਚੋਣਾਂ-ਰਾਵਤ
ਕੈਪਟਨ ਦੀ ਅਗਵਾਈ ‘ਚ ਹੀ ਲੜਾਂਗੇ ਚੋਣਾਂ-ਰਾਵਤ

• ਬਾਗ਼ੀ ਧੜੇ ਨੂੰ ਦੋ ਟੁੱਕ ਜਵਾਬ • ਆਪਣੇ ਸਲਾਹਕਾਰਾਂ ਨੂੰ ਕਾਬੂ ‘ਚ ਰੱਖੇ ਸਿੱਧੂ

ਚੰਡੀਗੜ੍ਹ/ਦੇਹਰਾਦੂਨ / ਪੰਜਾਬ ਕਾਂਗਰਸ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਜਾਰੀ ਟਕਰਾਅ ਦਰਮਿਆਨ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਹੀ ਲੜੀਆਂ ਜਾਣਗੀਆਂ | ਮੁੱਖ ਮੰਤਰੀ ਦਾ ਚਿਹਰਾ ਬਦਲਣ ਦੀ ਮੰਗ ਕਰਨ ਵਾਲਿਆਂ ਨੂੰ ਝਟਕਾ ਦਿੰਦਿਆਂ ਰਾਵਤ ਨੇ ਕਿਹਾ ਕਿ ਵਾਰ-ਵਾਰ ਇਸ ਗੱਲ ਨੂੰ ਦੁਹਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ | ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ, ਪਰ ਸਰਕਾਰ ਦੇ ਸੂਬਾ ਤੇ ਜ਼ਿਲ੍ਹਾ ਪੱਧਰ ‘ਤੇ ਕੰਮਕਾਜ ਨੂੰ ਲੈ ਕੇ ਕੁਝ ਚਿੰਤਾਵਾਂ ਜ਼ਰੂਰ ਹਨ | ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵੱਖਰੇ ਪਿਛੋਕੜ ਤੋਂ ਆਏ ਹਨ | ਅਸੀਂ ਭਵਿੱਖ ਨੂੰ ਧਿਆਨ ‘ਚ ਰੱਖਦੇ ਹੋਏ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਪੂਰੀ ਪਾਰਟੀ ਉਨ੍ਹਾਂ ‘ਤੇ ਛੱਡ ਦਿੱਤੀ ਗਈ ਹੈ |

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਛਿੜੇ ਵਿਵਾਦ ਨੂੰ ਜਲਦ ਸੁਲਝਾਅ ਲਿਆ ਜਾਵੇਗਾ ਅਤੇ ਇਸ ਸਬੰਧੀ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਮਿਲ ਕੇ ਸਾਰੀ ਸਥਿਤੀ ਦੀ ਜਾਣਕਾਰੀ ਦੇਣਗੇ | ਪਾਰਟੀ ਦੇ ਸਾਰੇ ਨੇਤਾਵਾਂ ਨੂੰ ਹਾਈਕਮਾਨ ‘ਤੇ ਪੂਰਾ ਭਰੋਸਾ ਹੈ ਅਤੇ ਪਾਰਟੀ ਹਾਈਕਮਾਨ ਜੋ ਵੀ ਕਹੇਗੀ, ਸਾਰੇ ਉਸ ਦੀ ਪਾਲਣਾ ਕਰਨਗੇ | ਉਨ੍ਹਾਂ ਕਿਹਾ ਕਿ ਸਿੱਧੂ ਉਥੇ ਹਨ, ਅਮਰਿੰਦਰ ਸਿੰਘ ਉਥੇ ਹਨ, ਤਿ੍ਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਉਥੇ ਹਨ ਅਤੇ ਸਭ ਤੋਂ ਅਹਿਮ ਅੰਬਿਕਾ ਸੋਨੀ ਵਰਗੇ ਦਿੱਗਜ ਨੇਤਾ ਉਥੇ ਹਨ | ਮਾਮਲੇ ਨੂੰ ਸੁਲਝਾਉਣ ਲਈ ਸਾਰਿਆਂ ਨੂੰ ਵਿਸ਼ਵਾਸ ‘ਚ ਲਿਆ ਜਾਵੇਗਾ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਵਤੀ ਰੁਖ਼ ਅਪਣਾਉਣ ਵਾਲੇ ਚਾਰ ਕੈਬਨਿਟ ਮੰਤਰੀਆਂ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਤੇ ਤਿੰਨ ਵਿਧਾਇਕਾਂ ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ ਅਤੇ ਸੁਰਜੀਤ ਸਿੰਘ ਧੀਮਾਨ ਨੇ ਅੱਜ ਦੇਹਰਾਦੂਨ ਵਿਖੇ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ |

ਇਸ ਮੁਲਾਕਾਤ ਬਾਅਦ ਸ੍ਰੀ ਰਾਵਤ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਤੇ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਪੰਜਾਬ ‘ਚ ਮੁੜ ਸਰਕਾਰ ਬਣਾਏਗੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕੁਝ ਮੰਤਰੀ ਤੇ ਵਿਧਾਇਕ ਉਨ੍ਹਾਂ ਨੂੰ ਮਿਲਣ ਆਏ ਸਨ | ਉਨ੍ਹਾਂ ‘ਚ ਕਿਸੇ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ ਹੈ | ਸਾਰਿਆਂ ਨੇ ਅਗਲੇ ਸਾਲ ਪੰਜਾਬ ‘ਚ ਪਾਰਟੀ ਦੀ ਜਿੱਤ ਦੀ ਸੰਭਾਵਨਾ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ | ਉਨ੍ਹਾਂ ਸੂਬੇ ‘ਚ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਮਕਾਜ ਨੂੰ ਲੈ ਕੇ ਕੁਝ ਸਵਾਲ ਚੁੱਕੇ ਹਨ | ਇਸ ਦੇ ਇਲਾਵਾ ਉਨ੍ਹਾਂ ਨੇ ਵੀ ਪਾਰਟੀ ਦੀ ਏਕਤਾ ਲਈ ਹਾਈਕਮਾਨ ‘ਤੇ ਭਰੋਸਾ ਪ੍ਰਗਟਾਇਆ ਹੈ |

ਸਿੱਧੂ ਦੇ ਸਲਾਹਕਾਰਾਂ ਸਬੰਧੀ ਝਾੜਿਆ ਪੱਲਾ ਰਾਵਤ ਨੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਸਬੰਧੀ ਪੱਲਾ ਝਾੜਦਿਆਂ ਕਿਹਾ ਕਿ ਉਨ੍ਹਾਂ ਨਾਲ ਕਾਂਗਰਸ ਦਾ ਕੋਈ ਸਬੰਧ ਨਹੀਂ ਹੈ | ਜੇਕਰ ਉਨ੍ਹਾਂ ਦੇ ਬਿਆਨਾਂ ਨਾਲ ਕਾਂਗਰਸ ਪਾਰਟੀ ਤੇ ਦੇਸ਼ ਦੀਆਂ ਭਾਵਨਾਵਾਂ ਨੂੰ ਨੁਕਸਾਨ ਹੁੰਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ | ਇਸ ਸਬੰਧੀ ਨਵਜੋਤ ਸਿੰਘ ਸਿੱਧੂ ਨੂੰ ਵੀ ਕਹਿ ਦਿੱਤਾ ਗਿਆ ਹੈ ਕਿ ਉਹ ਸਲਾਹਕਾਰਾਂ ਨੂੰ ਕਾਬੂ ‘ਚ ਰੱਖਣ |

ਹਾਈਕਮਾਨ ਦੇ ਫ਼ੈਸਲੇ ਦੀ ਉਡੀਕ-ਚੰਨੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ੍ਰੀ ਹਰੀਸ਼ ਰਾਵਤ ਨਾਲ ਚੰਗੇ ਮਾਹੌਲ ‘ਚ ਗੱਲਬਾਤ ਹੋਈ ਹੈ | ਉਨ੍ਹਾਂ ਨੇ ਧਿਆਨ ਨਾਲ ਸਾਡੀਆਂ ਗੱਲਾਂ ਸੁਣੀਆਂ ਹਨ ਅਤੇ ਹਾਈਕਮਾਨ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ | ਅਸੀਂ ਇਸ ਸਬੰਧੀ ਹਾਈਕਮਾਨ ਦੇ ਫ਼ੈਸਲੇ ਦੀ ਉਡੀਕ ਕਰਾਂਗੇ | ਜ਼ਰੂਰਤ ਪਈ ਜਾਂ ਸਾਨੂੰ ਬੁਲਾਇਆ ਗਿਆ ਤਾਂ ਅਸੀਂ ਦਿੱਲੀ ਵੀ ਜਾਵਾਂਗੇ | ਉਸ ਸਮੇਂ ਤੱਕ ਪਾਰਟੀ ਲਈ ਸਾਰੇ ਇਕਜੁੱਟ ਹੋ ਕੇ ਕੰਮ ਕਰਨਗੇ | ਚੰਨੀ ਨੇ ਐਨ੍ਹਾ ਜ਼ਰੂਰ ਕਿਹਾ ਕਿ ਉਹ ਆਪਣੇ ਪੁਰਾਣੇ ਰੁਖ਼ ‘ਤੇ ਵੀ ਕਾਇਮ ਰਹਿਣਗੇ |

Leave a Reply

Your email address will not be published.