ਕਿਸਾਨ ਸੰਘਰਸ਼ ਦੇ ਹੱਕ ਵਿਚ ਰੈਲੀ ਅਤੇ ਕੈਂਡਲ ਮਾਰਚ 17 ਅਕਤੂਬਰ ਨੂੰ

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਅਤੇ ਓਨਟਾਰੀਓ ਸਿਖ ਐਂਡ ਗੁਰਦਵਾਰਾ ਕੌਂਸਲ ਵਲੋਂ ਪੰਜਾਬੀ ਕਲਮਾਂ ਦਾ ਕਾਫਲਾ ਟਰਾਂਟੋ ਦੇ ਸਹਿਯੋਗ ਨਾਲ, ਕਿਸਾਨ ਸੰਘਰਸ਼ ਦੇ ਹੱਕ ਵਿਚ ਰੈਲੀ ਅਤੇ ਕੈਂਡਲ ਮਾਰਚ 17 ਅਕਤੂਬਰ 2021, ਦਿਨ ਐਤਵਾਰ ਨੂੰ ਸ਼ਾਮ ਦੇ ਸਾਢੇ ਚਾਰ ਵਜੇ ਬਰੈਂਪਟਨ ਦੇ ਸਿਟੀ ਹਾਲ ਜੋ ਕੁਈਨ ਅਤੇ ਮੇਨ ਸਟਰੀਟ ਦੇ ਚੌਕ ਨਾਲ ਹੈ, ਵਿਖੇ ਕੀਤਾ ਜਾ ਰਿਹਾ ਹੈ। ਇਹ ਭਾਰਤ ਵਿਚ ਬੀ ਜੇ ਪੀ ਲੀਡਰ ਵਲੋਂ ਲਖੀਮਪੁਰ ਖੇੜੀ ਵਿਚ ਸ਼ਾਂਤਮਈ ਅੰਦੋਲਨ ਕਰਕੇ ਵਾਪਿਸ ਆ ਰਹੇ ਕਿਸਾਨਾ ਨੂੰ ਅੱਤ ਦਰਿੰਦਗੀ ਨਾਲ ਅਪਣੀਆਂ ਜੀਪਾਂ ਥੱਲੇ ਦਰੜਣ ਅਤੇ ਹਰਿਆਣੇ ਵਿਚ ਕਿਸਾਨਾ ਤੇ ਕੀਤੇ ਗਏ ਲਾਠੀਚਾਰਜ ਅਤੇ ਤਸ਼ੱਦਦ ਖਿਲਾਫ਼ ਕਿਸਾਨ ਮੋਰਚੇ ਵਲੋਂ ਦਿੱਤੇ ਸੱਦੇ ਨੂੰ ਕਬੂਲਦਿਆਂ, ਇਨ੍ਹਾਂ ਘਿਰਣਤ ਕਾਰਵਾਈਆਂ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕਰਨ ਲਈ ਕੀਤਾ ਜਾ ਰਿਹਾ ਹੈ।

ਸਭ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਕਿਸਾਨ ਜਥੇਬੰਦੀਆਂ ਦਾ ਮੰਨਣਾ ਹੈ ਕਿ ਭਾਰਤ ਦੀ ਸਰਕਾਰ ਵਲੋਂ ਨਵਉਦਾਰਵਾਦ ਦੇ ਕੋਝੇ ਅਸੂਲਾਂ ਤੇ ਚਲਦਿਆਂ, ਖੇਤੀ ਨਾਲ ਸਬੰਧਿਤ ਬਣਾਏ ਇਹ ਤਿੰਨੋ ਕਾਲੇ ਕਾਨੂੰਨ ਛੋਟੇ ਤੇ ਮੱਧਵਰਗੀ ਕਿਸਾਨਾ ਨੂੰ ਉਨ੍ਹਾਂ ਦੀਆਂ ਜ਼ਮੀਨਾ ਤੋਂ ਪੁੱਟ ਕੇ ਝੁਗੀਆਂ ਝੌਪੜੀਆਂ ਦੇ ਵਸਨੀਕ ਬਣਾਉਣ ਦਾ ਰਾਹ ਪੱਧਰਾ ਕਰਨ ਲਈ ਹਨ ਤਾਂ ਜੋ ਰਾਜ ਕਰ ਰਹੀ ਪਾਰਟੀ ਦੇ ਸਮਰੱਥਕ ਪੂੰਜੀਪਤੀ ਕਾਰਖਾਨੇਦਾਰਾਂ ਅਤੇ ਹੋਰ ਅਮੀਰਾਂ ਲਈ ਸਸਤੇ ਮਜ਼ਦੂਰ ਮਹੱਈਆ ਹੋ ਸਕਣ ਅਤੇ ਨਾਲ ਹੀ ਉਹ ਕਿਸਾਨਾਂ ਤੋਂ ਸਸਤੇ ਭਾਅ ਜਿਨਸਾਂ ਖਰੀਦ ਕੇ, ਭੰਡਾਰ ਕਰਕੇ ਆਮ ਲੋਕਾਂ ਨੂੰ ਫਿਰ ਅਪਣੀ ਮਨਮਰਜ਼ੀ ਦੇ ਮੁੱਲ ਵੇਚ, ਵੱਡੇ ਮੁਨਾਫੇ ਕਮਾ ਸਕਣ।

ਇਹ ਕਾਨੂੰਨ ਕਿਸਾਨਾ ਦੇ ਨਾਲ ਨਾਲ ਹੇਠਲੇ ਵਰਗ ਦੀ ਜਿੰਦਗੀ ਵੀ ਨਰਕ ਬਣਾ ਦੇਣਗੇ। ਇਸੇ ਕਰਕੇ ਕਿਸਾਨਾ ਵਲੋਂ ਇਹ ਲੰਬਾ ਸੰਘਰਸ਼ ਲੜਿਆ ਜਾ ਰਿਹਾ ਹੈ, ਜਿਸ ਦੌਰਾਨ ਉਹ ਅਪਣੀਆਂ ਖੇਤੀ ਮੰਤਰੀ ਨਾਲ ਹੋਈਆਂ 11 ਮੀਟਿੰਗਾਂ ਵਿਚ ਇਨ੍ਹਾਂ ਕਾਨੂੰਨਾਂ ਦੀਆਂ ਸਾਰੀਆਂ ਧਾਰਾਵਾਂ ਦੇ ਕਿਸਾਨਾ ਅਤੇ ਆਮ ਲੋਕਾਂ ਤੇ ਪੈ ਸਕਣ ਵਾਲੇ ਮਾੜੇ ਅਸਰਾਂ ਨੂੰ ਵਿਸਥਾਰ ਵਿਚ ਦੱਸ ਚੁੱਕੇ ਹਨ। ਪਰ ਕਿਸਾਨਾਂ ਅਤੇ ਆਮ ਲੋਕਾਂ ਦੇ ਵਿਚਾਰਾਂ ਨੂੰ ਨਕਾਰ ਕੇ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਜਿਉਂ ਦਾ ਤਿਉਂ ਰੱਖਣ ਤੇ ਅੜੀ ਹੋਈ ਹੈ। ਜਥੇਬੰਦੀਆਂ ਵਲੋਂ ਸਭ ਨੂੰ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਹਿੱਤ ਸਹਿਯੋਗ ਕਰਨ ਲਈ ਅਪੀਲ ਕੀਤੀ ਜਾਂਦੀ ਹੈ। ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਕੁਲਤਾਰ ਸਿੰਘ ਗਿੱਲ (416 676 8820) ਜਾਂ ਦਰਸ਼ਨ ਗਿੱਲ (647 990 5790) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *