ਕਿਸਾਨਾਂ ਵਲੋਂ 26 ਨੂੰ ਮੁਕੰਮਲ ਭਾਰਤ ਬੰਦ ਦਾ ਐਲਾਨ

Home » Blog » ਕਿਸਾਨਾਂ ਵਲੋਂ 26 ਨੂੰ ਮੁਕੰਮਲ ਭਾਰਤ ਬੰਦ ਦਾ ਐਲਾਨ
ਕਿਸਾਨਾਂ ਵਲੋਂ 26 ਨੂੰ ਮੁਕੰਮਲ ਭਾਰਤ ਬੰਦ ਦਾ ਐਲਾਨ

ਨਵੀਂ ਦਿੱਲੀ / ਸੰਯੁਕਤ ਕਿਸਾਨ ਮੋਰਚੇ ਨੇ 26 ਮਾਰਚ ਨੂੰ ਕਿਸਾਨ ਅੰਦੋਲਨ ਦੇ 4 ਮਹੀਨੇ ਪੂਰੇ ਹੋਣ ‘ਤੇ ਮੁਕੰਮਲ ਭਾਰਤ ਬੰਦ ਦਾ ਸੱਦਾ ਦਿੱਤਾ ਹੈ ।

ਇਸ ਬੰਦ ਦਾ ਦਾਇਰਾ ਵਿਆਪਕ ਕਰਨ ਲਈ 17 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਮਜ਼ਦੂਰ ਜਥੇਬੰਦੀਆਂ ਅਤੇ ਹੋਰ ਲੋਕ ਅਧਿਕਾਰ ਜਥੇਬੰਦੀਆਂ ਨਾਲ ਇਕ ਸਾਂਝੀ ਕਨਵੈਂਨਸ਼ਨ ਕੀਤੀ ਜਾਵੇਗੀ । ਉਕਤ ਐਲਾਨ ਸੰਯੁਕਤ ਕਿਸਾਨ ਮੋਰਚੇ ਵਲੋਂ ਬੁੱਧਵਾਰ ਨੂੰ ਸਿੰਘੂ ਬਾਰਡਰ ‘ਤੇ ਕੀਤੀ ਮੀਟਿੰਗ ਤੋਂ ਬਾਅਦ ਕੀਤੀ ਕਾਨਫ਼ਰੰਸ ‘ਚ ਕੀਤਾ । ਪ੍ਰੈੱਸ ਕਾਨਫ਼ਰੰਸ ‘ਚ ਸੰਯੁਕਤ ਕਿਸਾਨ ਮੋਰਚੇ ਵਲੋਂ ਆਉਣ ਵਾਲੇ ਦਿਨਾਂ ‘ਚ ਕੀਤੇ ਜਾਣ ਵਾਲੇ ਕੁਝ ਹੋਰ ਪ੍ਰੋਗਰਾਮਾਂ ਦਾ ਵੀ ਐਲਾਨ ਕੀਤਾ । ਮਿੱਥੇ ਪ੍ਰੋਗਰਾਮ ਮੁਤਾਬਿਕ 19 ਮਾਰਚ ਨੂੰ ਮੁਜਾਹਰਾ ਲਹਿਰ ਨੂੰ ਸਮਰਪਿਤ ਕੀਤਾ ਜਾਵੇਗਾ ।

ਡਾ: ਦਰਸ਼ਨ ਪਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਦਿਨ ਐੱਫ਼.ਸੀ.ਆਈ. ਅਤੇ ਖੇਤੀ ਬਚਾE ਪ੍ਰੋਗਰਾਮ ਤਹਿਤ ਦੇਸ਼ ਭਰ ‘ਚ ਮੰਡੀਆਂ ‘ਚ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ । 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹਾਦਤ ਦਿਵਸ ਮੌਕੇ ਦੇਸ਼ ਭਰ ਦੇ ਨੌਜਵਾਨਾਂ ਨੂੰ ਦਿੱਲੀ ਦੇ ਕਿਸਾਨ ਅੰਦੋਲਨ ‘ਚ ਸ਼ਮੂਲੀਅਤ ਦਾ ਸੱਦਾ ਦਿੱਤਾ ਗਿਆ ਹੈ ਜਦਕਿ 28 ਮਾਰਚ ਨੂੰ ਹੋਲੀ ਵਾਲੇ ਦਿਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ । ਸੰਯੁਕਤ ਕਿਸਾਨ ਮੋਰਚੇ ਨੇ 15 ਮਾਰਚ ਨੂੰ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਖ਼ਿਲਾਫ਼ ਡਿਪਟੀ ਕਮਿਸ਼ਨਰਾਂ ਅਤੇ ਐੱਸ.ਡੀ.ਐੱਮ. ਨੂੰ ਮੰਗ ਪੱਤਰ ਦੇ ਕੇ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ । ਇਸ ਤੋਂ ਇਲਾਵਾ ਜਥੇਬੰਦੀਆਂ ਵਲੋਂ ਦਿੱਤੇ ਸੱਦੇ ‘ਤੇ ਉਸ ਦਿਨ ਨਿੱਜੀਕਰਨ ਦੇ ਖ਼ਿਲਾਫ਼ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ‘ਤੇ ਪ੍ਰਦਰਸ਼ਨ ਕੀਤਾ ਜਾਵੇਗਾ ।

ਹੋਰਨਾਂ ਰਾਜਾਂ ‘ਚ ਅੰਦੋਲਨ ਦਾ ਪਸਾਰ ਵੀ ਮੋਰਚੇ ਦੀ ਵਿਉਂਤਬੰਦੀ ‘ਚ ਸ਼ਾਮਿਲ
ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਦਾ ਪਸਾਰ ਹੋਰ ਰਾਜਾਂ ‘ਚ ਕਰਨ ਦੀ ਵਿਉਂਤਬੰਦੀ ਸਾਂਝੀ ਕਰਦਿਆਂ ਇਸ ਸਬੰਧ ‘ਚ ਬਿਹਾਰ ਅਤੇ ਪੱਛਮੀ ਬੰਗਾਲ ਬਾਰੇ ਆਪਣੇ ਪ੍ਰੋਗਰਾਮ ਵੀ ਸਾਂਝੇ ਕੀਤੇ । ਚੋਣਾਂ ਵਾਲੇ ਰਾਜ ਪੱਛਮੀ ਬੰਗਾਲ ‘ਤੇ ਜ਼ੋਰ ਦਿੰਦਿਆਂ ਬੁੱਧਵਾਰ ਤੋਂ ਹੀ ਅਮਲ ‘ਚ ਲਿਆਂਦਿਆ ਉੱਥੇ ਇਕ ਰੈਲੀ ਵੀ ਕੱਢੀ ਗਈ । ਡਾ: ਦਰਸ਼ਨ ਪਾਲ ਮੁਤਾਬਿਕ ਰੈਲੀ ਦੌਰਾਨ ‘ਨੋ ਵੋਟ ਟੂ ਬੀ.ਜੇ.ਪੀ’ ਦੇ ਨਾਅਰੇ ਲਗਾਉਂਦਿਆਂ ਭਾਜਪਾ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ । ਕਿਸਾਨ ਆਗੂਆਂ ਵਲੋਂ ਪਹਿਲਾਂ 12 ਮਾਰਚ ਤੋਂ ਚੋਣਾਂ ਵਾਲੇ ਰਾਜਾਂ ਦਾ ਦੌਰਾ ਕਰਨ ਦਾ ਪ੍ਰੋਗਰਾਮ ਸੀ ਪਰ ਭਾਜਪਾ ਦਾ ਵਧੇਰੇ ਧਿਆਨ ਪੱਛਮੀ ਬੰਗਾਲ ‘ਚ ਵੇਖਦਿਆਂ ਕਿਸਾਨ ਆਗੂਆਂ ਨੇ ਇਸ ਨੂੰ ਤਰਜ਼ੀਹੀ ਆਧਾਰ ‘ਤੇ ਰੱਖਣ ਦਾ ਫ਼ੈਸਲਾ ਕੀਤਾ । ਬਿਹਾਰ ਭਾਵੇਂ ਚੋਣ ਮੁਖੀ ਰਾਜ ਨਹੀਂ ਹੈ ਪਰ ਉੱਥੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ ਵਲੋਂ ਵੀ ਹੁੰਗਾਰਾ ਦਿੱਤਾ ਗਿਆ ਅਤੇ ਮੋਰਚੇ ਮੁਤਾਬਿਤ ਉੱਥੋਂ ਦੇ ਕਿਸਾਨਾਂ ਨੇ ਵੀ ਇਸ ਨੂੰ ਹਮਾਇਤ ਪ੍ਰਗਟਾਈ ਹੈ । ਪ੍ਰੋਗਰਾਮ ਮੁਤਾਬਿਕ 11 ਤੋਂ 15 ਮਾਰਚ ਤੱਕ ਬਿਹਾਰ ‘ਚ ਕਿਸਾਨ ਯਾਤਰਾ ਕੱਢੀ ਜਾਵੇਗੀ ਜੋ ਕਿ 18 ਮਾਰਚ ਨੂੰ ਸੰਪੂਰਨ ਕ੍ਰਾਂਤੀ ਦਿਵਸ ਮੌਕੇ ਪਟਨਾ ‘ਚ ਵਿਧਾਨ ਸਭਾ ਮਾਰਚ ਵਜੋਂ ਖ਼ਤਮ ਹੋਵੇਗੀ ।

ਕਿਸਾਨ ਮੋਰਚੇ ਦੇ ਨਾਂਅ ‘ਤੇ ਭੇਜੀਆਂ ਜਾ ਰਹੀਆਂ ਫ਼ਰਜ਼ੀ ਧਮਕੀਆਂ
ਮੋਰਚੇ ਦੇ ਆਗੂਆਂ ਨੇ ਫ਼ਰਜ਼ੀ ਕਾਰਵਾਈਆਂ ਤੋਂ ਸੁਚੇਤ ਰਹਿਣ ਦੀ ਤਾਕੀਦ ਕਰਦਿਆਂ ਕਿਹਾ ਕਿ ਇਕ ਸਾਫ਼ਟਵੇਅਰ ਰਾਹੀਂ ਕੁਝ ਵੈੱਬਸਾਈਟਾਂ ਤੋਂ ਧਮਕੀਆਂ ਭੇਜੀਆਂ ਜਾ ਰਹੀਆਂ ਹਨ । ਮੋਰਚੇ ਵਲੋਂ ਜਾਰੀ ਬਿਆਨ ‘ਚ ਸਪੱਸ਼ਟੀਕਰਨ ਦਿੰਦਿਆਂ ਕਿਹਾ ਗਿਆ ਕਿ ਇਨ੍ਹਾਂ ਦਾ ਸੰਯੁਕਤ ਕਿਸਾਨ ਮੋਰਚੇ ਜਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਕੋਈ ਸਬੰਧ ਨਹੀਂ ਹੈ ।

ਜੇ.ਜੇ.ਪੀ. ਦਾ ਕਿਸਾਨ ਵਿਰੋਧੀ ਚਿਹਰਾ ਬੇਨਕਾਬ ਹੋਇਆ
ਹਰਿਆਣਾ ‘ਚ ਬੁੱਧਵਾਰ ਨੂੰ ਹੋਏ ਘਟਨਾਕ੍ਰਮ ਜਿਸ ‘ਚ ਕਾਂਗਰਸ ਵਲੋਂ ਲਿਆਂਦੇ ਬੇਭਰੋਸਗੀ ਮਤੇ ਨੂੰ ਸਫਲਤਾ ਨਹੀਂ ਮਿਲੀ ‘ਤੇ ਟਿੱਪਣੀ ਕਰਦਿਆਂ ਮੋਰਚੇ ਨੇ ਕਿਹਾ ਕਿ ਆਪਣੇ ਆਪ ਨੂੰ ਖੇਤੀ ਭਾਈਚਾਰੇ ਨਾਲ ਜੁੜੀ ਪਾਰਟੀ ਕਹਿਣ ਵਾਲੀ ਜੇ.ਜੇ.ਪੀ. (ਜਜਪਾ) ਕਿਸਾਨ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ । ਮੋਰਚੇ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਹਰਿਆਣੇ ਦੇ ਕਿਸਾਨ ਇਨ੍ਹਾਂ ਭਾਜਪਾ ਅਤੇ ਜੇ.ਜੇ.ਪੀ. ਦੇ ਵਿਧਾਇਕਾਂ ਦਾ ਸਮਾਜਿਕ ਬਾਈਕਾਟ ਕਰ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ।

Leave a Reply

Your email address will not be published.