ਕਾਂਗਰਸ ਵਲੋਂ ਕੋਈ 50 ਉਮੀਦਵਾਰਾਂ ਦੀ ਪਹਿਲੀ ਸੂਚੀ ਨਵੇਂ ਸਾਲ ਦੇ ਪਹਿਲੇ ਹਫ਼ਤੇ

Home » Blog » ਕਾਂਗਰਸ ਵਲੋਂ ਕੋਈ 50 ਉਮੀਦਵਾਰਾਂ ਦੀ ਪਹਿਲੀ ਸੂਚੀ ਨਵੇਂ ਸਾਲ ਦੇ ਪਹਿਲੇ ਹਫ਼ਤੇ
ਕਾਂਗਰਸ ਵਲੋਂ ਕੋਈ 50 ਉਮੀਦਵਾਰਾਂ ਦੀ ਪਹਿਲੀ ਸੂਚੀ ਨਵੇਂ ਸਾਲ ਦੇ ਪਹਿਲੇ ਹਫ਼ਤੇ

ਚੰਡੀਗੜ੍ਹ / ਪੰਜਾਬ ਵਿਧਾਨ ਸਭਾ ਦੀਆਂ ਆ ਰਹੀਆਂ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੀ ਚੋਣ ਕਰਨ ਲਈ ਪਾਰਟੀ ਵਲੋਂ ਅਜੇ ਮਾਕਨ ਦੀ ਅਗਵਾਈ ਵਿਚ ਬਣਾਈ ਕਮੇਟੀ ਦੀ ਅੱਜ ਦਿੱਲੀ ਵਿਖੇ ਹੋਈ ਮੀਟਿੰਗ ਵਲੋਂ ਫ਼ੈਸਲਾ ਲਿਆ ਗਿਆ ਕਿ ਕੋਈ 40-42 ਮੌਜੂਦਾ ਵਿਧਾਇਕਾਂ ਤੇ ਮੰਤਰੀਆਂ, ਜਿਨ੍ਹਾਂ ਦੇ ਨਾਂਅ ਸੰਬੰਧੀ ਕੋਈ ਕਿੰਤੂ-ਪ੍ਰੰਤੂ ਨਹੀਂ ਅਤੇ ਪਾਰਟੀ ਵਲੋਂ ਜਿਨ੍ਹਾਂ ਨੂੰ ਜੇਤੂ ਉਮੀਦਵਾਰ ਸਮਝਿਆ ਜਾ ਰਿਹਾ ਹੈ, ਦੇ ਨਾਂਅ ਕਾਂਗਰਸ ਪ੍ਰਧਾਨ ਨੂੰ ਪ੍ਰਵਾਨਗੀ ਲਈ ਭੇਜ ਦਿੱਤੇ ਗਏ।

ਇਸੇ ਤਰ੍ਹਾਂ ਕੋਈ ਇਕ ਦਰਜਨ ਤੋਂ ਵੱਧ ਹਲਕੇ ਜਿੱਥੇ 2-2 ਉਮੀਦਵਾਰ ਹਨ ਉੱਥੇ ਇਕ ਹਫਤੇ ‘ਚ ਤਾਜ਼ਾ ਸਰਵੇ ਕਰਵਾ ਕੇ ਰਿਪੋਰਟ ਜਨਵਰੀ ਦੇ ਪਹਿਲੇ ਹਫਤੇ ਰੱਖੀ ਜਾਣ ਵਾਲੀ ਮੀਟਿੰਗ ‘ਚ ਪੇਸ਼ ਕੀਤੀ ਜਾਵੇ। ਉੱਚ ਕਾਂਗਰਸ ਸੂਤਰਾਂ ਅਨੁਸਾਰ ਅਗਲੀ ਮੀਟਿੰਗ ਤੋਂ ਬਾਅਦ ਪਾਰਟੀ ਵਲੋਂ ਆਪਣੇ ਕੋਈ 50 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਅੱਜ ਦੀ ਮੀਟਿੰਗ ਦੌਰਾਨ ਭਾਜਪਾ ਵਿਚ ਪਾਰਟੀ ਦੇ ਸ਼ਾਮਿਲ ਹੋਏ ਵਿਧਾਇਕਾਂ ਅਤੇ ਇਕ ਪਰਿਵਾਰ ਤੋਂ 2-2 ਟਿਕਟਾਂ ਦੀ ਮੰਗ ਕਰਨ ਵਾਲਿਆਂ ਦੇ ਮਾਮਲੇ ‘ਤੇ ਵੀ ਵਿਚਾਰ ਹੋਇਆ ਪਰ ਫ਼ੈਸਲਾ ਲਿਆ ਗਿਆ ਕਿ ਮੌਜੂਦਾ ਵਿਧਾਇਕਾਂ ਵਲੋਂ ਹਲਕੇ ਬਦਲਣ ਦੀਆਂ ਮੰਗਾਂ ਅਤੇ ਇਕ ਪਰਿਵਾਰ ‘ਚ ਇਕ ਤੋਂ ਵੱਧ ਟਿਕਟ ਦੇਣ ਦੇ ਰੁਝਾਨ ਨੂੰ ਪੂਰਨ ਤੌਰ ‘ਤੇ ਖ਼ਤਮ ਕੀਤਾ ਜਾਵੇ। ਮੀਟਿੰਗ ਵਿਚ ਭਾਜਪਾ ਵਿਚ ਕਈ ਹੋਰ ਕਾਂਗਰਸ ਮੈਂਬਰਾਂ ਦੇ ਜਾਣ ਦੀਆਂ ਚੱਲ ਰਹੀਆਂ ਅਟਕਲਾਂ ‘ਤੇ ਵੀ ਵਿਚਾਰ ਹੋਇਆ ਲੇਕਿਨ ਫ਼ੈਸਲਾ ਕੀਤਾ ਗਿਆ ਕਿ ਦਲ-ਬਦਲੂਆਂ ਦਾ ਦਾਬਾ ਪ੍ਰਵਾਨ ਨਾ ਕੀਤਾ ਜਾਵੇ। ਅੱਜ ਦੀ ਮੀਟਿੰਗ ਵਿਚ ਤਕਰੀਬਨ ਸਾਰੇ ਮੈਂਬਰ ਜਿਨ੍ਹਾਂ ਵਿਚ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਸੁਨੀਲ ਜਾਖੜ, ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਚਰਨ ਯਾਦਵ ਅਤੇ ਕ੍ਰਿਸ਼ਨਾ ਅਲਾਵਾਰੂ ਸ਼ਾਮਿਲ ਸਨ।

ਮੁੱਖ ਮੰਤਰੀ ਚਿਹਰੇ ਸੰਬੰਧੀ ਵੱਖੋ-ਵੱਖ ਆਵਾਜ਼ਾਂ ਆਉਂਦੀਆਂ ਚੋਣਾਂ ਲਈ ਮੁੱਖ ਮੰਤਰੀ ਚਿਹਰੇ ਸੰਬੰਧੀ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਸੁਨੀਲ ਜਾਖੜ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਆਪਣੀ ਰਵਾਇਤ ਅਨੁਸਾਰ ਮੁੱਖ ਮੰਤਰੀ ਚਿਹਰਾ ਐਲਾਨ ਕੇ ਚੋਣਾਂ ਨਹੀਂ ਲੜੇਗੀ ਅਤੇ ਇਸ ਸੰਬੰਧੀ ਫ਼ੈਸਲਾ ਚੋਣਾਂ ਤੋਂ ਬਾਅਦ ਹੀ ਲਿਆ ਜਾਵੇਗਾ। ਪਰ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚਿਹਰਾ ਪਹਿਲਾਂ ਐਲਾਨਣ ਦੀ ਮੰਗ ਜਾਰੀ ਰੱਖੀ ਅਤੇ ਕਿਹਾ ਕਿ ਮਗਰਲੀ ਚੋਣ ਵਿਚ ਆਮ ਆਦਮੀ ਪਾਰਟੀ ਨੇ ਨੁਕਸਾਨ ਮੁੱਖ ਮੰਤਰੀ ਦਾ ਚਿਹਰਾ ਨਾ ਦੇਣ ਕਾਰਨ ਹੀ ਉਠਾਇਆ ਜਦੋਂਕਿ ਮੁੱਖ ਮੰਤਰੀ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰਦਿਆਂ ਅਗਲੀ ਵਾਰ ਲਈ ਵੀ ਮੌਕਾ ਦਿੱਤੇ ਜਾਣ ਦੀ ਮੰਗ ਜਨਤਕ ਤੌਰ ‘ਤੇ ਕਰ ਰਹੇ ਹਨ।

ਟਿਕਟਾਂ ਦੇ ਚਾਹਵਾਨਾਂ ਵਲੋਂ ਦਿੱਲੀ ਦੇ ਗੇੜੇ ਸ਼ੁਰੂ ਜਾਣਕਾਰੀ ਮੁਤਾਬਿਕ ਪੰਜਾਬ ‘ਚ 117 ਸੀਟਾਂ ਲਈ ਹਾਲੇ ਤੱਕ ਪਾਰਟੀ ਕੋਲ 1800 ਤੋਂ ਵੱਧ ਉਮੀਦਵਾਰਾਂ ਦੀਆਂ ਅਰਜ਼ੀਆਂ ਪਹੁੰਚ ਚੁੱਕੀਆਂ ਹਨ, ਜਿਸ ਮੁਤਾਬਿਕ ਹਾਲੇ ਤੱਕ 1-1 ਸੀਟ ਲਈ ਔਸਤਨ 15 ਉਮੀਦਵਾਰ ਇਕ-ਦੂਜੇ ਦੇ ਆਹਮੋ-ਸਾਹਮਣੇ ਹਨ। ਇਸ ਤੋਂ ਇਲਾਵਾ ਸੂਬੇ ‘ਚ ਐਂਟੀ ਇਨਕੰਬੈਂਸੀ ਦੇ ਕਾਟ ਲਈ ਪਾਰਟੀ ਵਲੋਂ 40 ਫ਼ੀਸਦੀ ਨਵੇਂ ਉਮੀਦਵਾਰ ਐਲਾਨਣ ਦਾ ਫ਼ੈਸਲਾ ਕੀਤਾ ਗਿਆ ਹੈ। ਪੰਜਾਬ ਤੋਂ ਟਿਕਟ ਦੇ ਚਾਹਵਾਨਾਂ ਦਾ ਦਿੱਲੀ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਹਲਕਿਆਂ ਮੁਤਾਬਿਕ ਕਈ ਮੌਜੂਦਾ ਵਿਧਾਇਕਾਂ ਨੇ ਦਿੱਲੀ ਗੇੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਦੱਸਦੇ ਚੱਲੀਏ ਕਿ ਸ਼੍ਰੋਮਣੀ ਅਕਾਲੀ ਦਲ ਤਕਰੀਬਨ ਸਾਰੇ ਉਮੀਦਵਾਰ ਐਲਾਨ ਚੁੱਕਾ ਹੈ। ‘ਆਪ’ ਵਲੋਂ ਵੀ ਤਕਰੀਬਨ ਦੋ ਤਿਹਾਈ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਕਾਂਗਰਸ ‘ਚੋਂ ਟਿਕਟ ਕੱਟਣ ਦੀ ਸੂਰਤ ‘ਚ ਟਿਕਟ ਦੀ ਤਾਂਘ ਰੱਖਣ ਵਾਲੇ ਕੋਲ ਜਾਂ ਤਾਂ ਆਜ਼ਾਦ ਚੋਣ ਲੜਨ ਜਾਂ ਫਿਰ ਭਾਜਪਾ ‘ਚ ਸ਼ਾਮਿਲ ਹੋਣ ਦਾ ਬਦਲ ਹੀ ਬਾਕੀ ਰਹਿੰਦਾ ਹੈ, ਜਿਸ ‘ਚ ਉਸ ਵਲੋਂ ਰਾਸ਼ਟਰੀ ਪਾਰਟੀ ‘ਚ ਸ਼ਾਮਿਲ ਹੋਣ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ।

ਕਾਂਗਰਸ ਦਾ ਇਕ ਹੋਰ ਵੱਡਾ ਆਗੂ ਜਾ ਸਕਦੈ ਭਾਜਪਾ ‘ਚ ਰਾਣਾ ਸੋਢੀ ਅਤੇ ਫ਼ਤਹਿਜੰਗ ਸਿੰਘ ਬਾਜਵਾ ਤੋਂ ਬਾਅਦ ਪੰਜਾਬ ਕਾਂਗਰਸ ਦੇ ਇਕ ਹੋਰ ਵੱਡੇ ਆਗੂ ਦੇ ਭਾਜਪਾ ‘ਚ ਸ਼ਾਮਿਲ ਹੋਣ ਦੇ ਚਰਚੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਦੱਸੇ ਜਾਂਦੇ ਇਸ ਆਗੂ ਦੇ ਭਾਜਪਾ ਨਾਲ ਸੰਪਰਕ ‘ਚ ਹੋਣ ਅਤੇ ਦਿੱਲੀ ‘ਚ ਹੋਣ ਦੀ ਖ਼ਬਰ ਹੈ।

Leave a Reply

Your email address will not be published.