ਓਮਕਾਰ ਗਰੁੱਪ ਤੇ ਅਦਾਕਾਰ ਸਚਿਨ ਜੋਸ਼ੀ ਦੀ 410 ਕਰੋੜ ਦੀ ਜਾਇਦਾਦ ਅਟੈਚ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੈਂਕ ਧੋਖਾਧੜੀ ਦੇ ਮਾਮਲੇ ’ਚ ਮੁੰਬਈ ਦੇ ਰਿਅਲਟੀ ਸਮੂਹ ਓਮਕਾਰ ਰਿਲਅਟਰਜ਼ ਤੇ ਅਦਾਕਾਰ-ਨਿਰਮਾਤਾ ਸਚਿਨ ਜੋਸ਼ੀ ਦੀ ਇਕ ਕੰਪਨੀ ਦੀ ਕੁਲ 410 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ।

ਤੇਲਗੁ ਤੇ ਹਿੰਦੀ ਫਿਲਮਾਂ ’ਚ ਅਦਾਕਾਰੀ ਕਰ ਚੁੱਕੇ ਜੋਸ਼ੀ ਜੇਐੱਮਜੇ ਗਰੁੱਪ ਪ੍ਰਮੋਟਰ ਤੇ ਕਾਰੋਬਾਰੀ ਜੇਐੱਮ ਜੋਸ਼ੀ ਦੇ ਪੁੱਤਰ ਹਨ। ਜੇਐੱਮ ਜੋਸ਼ੀ ਦਾ ਗੁਟਖਾ ਤੇ ਪਾਨ ਮਸਾਲਾ ਤੇ ਹੋਟਲ ਨਾਲ ਜੁੜਿਆ ਕਾਰੋਬਾਰ ਹੈ। ਈਡੀ ਨੇ ਦੱਸਿਆ ਕਿ ਮੁੰਬਈ ਦੇ ਵਰਲੀ ਸਥਿਤ ਓਮਕਾਰ ਗਰੁੱਪ ਦੀ ਓਮਕਾਰ 1973 ਇਮਾਰਤ ਦੇ ਟਾਵਰ ਸੀ ’ਚ 330 ਕਰੋੜ ਰੁਪਏ ਦੇ ਫਲੈਟ ਤੇ ਸਚਿਨ ਜੋਸ਼ੀ ਦੇ ਵਾਈਕਿੰਗ ਸਮੂਹ ਦੇ ਪੁਣੇ ਦੇ ਵਿਰਾਮ ’ਚ ਸਥਿਤ 80 ਕਰੋੜ ਰੁਪਏ ਦੇ ਪਲਾਟ ਨੂੰ ਅਟੈਚ ਕੀਤਾ ਗਿਆ। ਈਡੀ ਨੇ ਪਿਛਲੇ ਸਾਲ ਜਨਵਰੀ ’ਚ ਇੱਥੇ ਛਾਪਾ ਮਾਰਿਆ ਸੀ ਤੇ ਮਾਰਚ ’ਚ ਦੋਸ਼ ਪੱਤਰ ਦਾਖ਼ਲ ਕੀਤਾ ਸੀ।

ਇਸ ’ਚ ਓਮਕਾਰ ਰਿਅਲਟਰਜ਼ ਐਂਡ ਡਵੈੱਲਪਰਜ਼ ਦੇ ਮੁਖੀ ਕਮਲ ਕਿਸ਼ੋਰ ਗੁਪਤਾ (62), ਇਸ ਦੇ ਐੱਮਡੀ ਬਾਬੂਲਾਲ ਸ਼ਰਮਾ (51) ਤੇ ਸਚਿਨ ਜੋਸ਼ੀ (37) ਤੇ ਉਨ੍ਹਾਂ ਦੀ ਕੰਪਨੀ ਦਾ ਨਾਂ ਸ਼ਾਮਲ ਸੀ। ਈਡੀ ਨੇ ਤਿੰਨਾਂ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਸੀ। ਜੋਸ਼ੀ ਨੂੰ ਪਿਛਲੇ ਸਾਲ ਸਤੰਬਰ ’ਚ ਸੁਪਰੀਮ ਕੋਰਟ ਨੇ ਚਾਰ ਮਹੀਨੇ ਦੀ ਜ਼ਮਾਨਤ ਦੇ ਦਿੱਤੀ ਸੀ ਤੇ ਹੋਰ ਦੋ ਨਿਆਇਕ ਹਿਰਾਸਤ ’ਚ ਹਨ। ਮਾਮਲਾ ਗੁਪਤਾ ਤੇ ਵਰਮਾ ਖ਼ਿਲਾਫ਼ ਔਰੰਗਾਬਾਦ ਪੁਲਿਸ ਵੱਲੋਂ 2020 ’ਚ ਦਰਜ ਐੱਫਆਈਆਰ ’ਤੇ ਅਧਾਰਤ ਹੈ, ਜਿਸ ’ਚ ‘ਆਨੰਦ ਨਗਰ ਝੁੱਗੀ ਬਸਤੀ ਮੁੜਵਸੇਬਾ ਅਥਾਰਟੀ’ ਦੇ ਮੁੜ ਵਿਕਾਸ ਲਈ ਯੈੱਸ ਬੈਂਕ ਤੋਂ ਲਏ ਗਏ 410 ਕਰੋੜ ਰੁਪਏ ਦੇ ਕਰਜ਼ ਨੂੰ ਲੈ ਕੇ ਧੋਖਾਧੜੀ ਕਰਨ ਤੇ ਇਸ ਪੈਸੇ ਦੀ ਵਰਤੋਂ ਕਿਸੇ ਹੋਰ ਕੰਮ ਲਈ ਕਰਨ ਦਾ ਦੋਸ਼ ਲਗਾਇਆ ਗਿਆ ਹੈ।

Leave a Reply

Your email address will not be published. Required fields are marked *