ਆਪ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ- ਕਈ ਸਾਲ ਪਹਿਲਾਂ ਜੇਲ੍ਹ ’ਚ ਹੋਣਾ ਚਾਹੀਦਾ ਸੀ ਮਜੀਠੀਆ

ਆਪ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ- ਕਈ ਸਾਲ ਪਹਿਲਾਂ ਜੇਲ੍ਹ ’ਚ ਹੋਣਾ ਚਾਹੀਦਾ ਸੀ ਮਜੀਠੀਆ

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਦਾਲਤ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੇ ਮਾਮਲੇ ਵਿਚ ਜੇਲ੍ਹ ਭੇਜਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।

ਚੀਮਾ ਨੇ ਕਿਹਾ ਕਿ ਪੰਜਾਬ ’ਚ ਬਣਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਵਲ ਅਕਾਲੀ ਆਗੂ ਮਜੀਠੀਆ ਨੂੰ ਜੇਲ੍ਹ ਜਾਣ ’ਤੇ ਚੁੱਪ ਨਹੀਂ ਬੈਠੇਗੀ ਸਗੋਂ ਡਰੱਗ ਮਾਫੀਆ ਦੀਆਂ ਜੜ੍ਹਾਂ ਵੱਢਣ ਦਾ ਕੰਮ ਕਰੇਗੀ। ਜ਼ਿਕਰਯੋਗ ਹੈ ਕਿ ਮੋਹਾਲੀ ਦੀ ਅਦਾਲਤ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ 8 ਮਾਰਚ ਤਕ ਜੇਲ੍ਹ ਭੇਜਿਆ ਹੈ ਜਿਨ੍ਹਾਂ ਨੂੰ ਨਸ਼ੇ ਨਾਲ ਸਬੰਧਤ ਮਾਮਲੇ ’ਚ ਸੁਪਰੀਮ ਕੋਰਟ ਵੱਲੋਂ 23 ਫਰਵਰੀ ਤਕ ਜ਼ਮਾਨਤ ਦਿੱਤੀ ਗਈ ਸੀ।

ਚੀਮਾ ਨੇ ਇਕ ਬਿਆਨ ਵਿਚ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵਾਂਗ ਮੌਜੂਦਾ ਕਾਂਗਰਸ ਸਰਕਾਰ ਵੀ ਨਸ਼ੇ ਦੇ ਵਪਾਰੀਆਂ ਅਤੇ ਉਨ੍ਹਾਂ ਦੇ ਚਰਚਿਤ ਸਿਆਸੀ ਆਕਿਆਂ ਨੂੰ ਸ਼ਰ੍ਹੇਆਮ ਬਚਾਉਂਦੀ ਰਹੀ ਹੈ ਅਤੇ ਗਰੀਬ ਲੋਕਾਂ ’ਤੇ ਕੇਸ ਦਰਜ ਕਰਕੇ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾਉਂਦੀ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੀ ਚੰਨੀ ਸਰਕਾਰ ਅਤੇ ਮਜੀਠੀਆ ਇਕ-ਦੂਜੇ ਦੀ ਮਦਦ ਨਾਲ ਡਰੱਗ ਮਾਮਲੇ ਨੂੰ ਲਟਕਾਉਣ ਲਈ ਨਵੇਂ-ਨਵੇਂ ਹਥਕੰਡੇ ਅਪਣਾਉਂਦੇ ਰਹੇ ਹਨ। ਇਸੇ ਲਈ ਕਾਂਗਰਸ ਸਰਕਾਰ ਨੇ ਨਸ਼ੇ ਮਾਮਲੇ ’ਚ ਹਾਈ ਕੋਰਟ ਵੱਲੋਂ ਗਠਿਤ ਕੀਤੀ ਐੱਸਟੀਐੱਫ ਦੀ ਰਿਪੋਰਟ ਨੂੰ ਲੋਕਾਂ ਸਾਹਮਣੇ ਨਹੀਂ ਰੱਖਿਆ ਸਗੋਂ ਰਿਪੋਰਟ ਸੀਲਬੰਦ ਹੋਣ ਦੀ ਆੜ ਵਿਚ ਕਾਂਗਰਸ ਸਰਕਾਰ ਲਗਾਤਾਰ ਡਰੱਗ ਮਾਫੀਆ ਅਤੇ ਉਸ ਦੇ ਸਿਆਸੀ ਸਰਪ੍ਰਸਤਾਂ ਨੂੰ ਬਚਾਉਣ ਦੇ ਯਤਨ ਕਰਦੀ ਰਹੀ ਹੈ।

ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਸਰਕਾਰ, ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਬਾਦਲ ਰਲ-ਮਿਲ ਕੇ ਕਾਨੂੰਨ ਦੀਆਂ ਅੱਖਾਂ ’ਚ ਘੱਟਾ ਪਾਉਂਦੇ ਰਹੇ ਹਨ। ਡਰੱਗ ਮਾਮਲੇ ’ਚ ਜਿਹੜਾ ਬੰਦਾ (ਬਿਕਰਮ ਮਜੀਠੀਆ) ਕਈ ਸਾਲ ਪਹਿਲਾਂ ਜੇਲ੍ਹ ਵਿੱਚ ਹੋਣਾ ਚਾਹੀਦਾ ਸੀ, ਪਿਛਲੀਆਂ ਸਰਕਾਰਾਂ ਅਤੇ ਪੰਜਾਬ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਦੇ ਚੱਲਦਿਆਂ ਉਸ ਬੰਦੇ (ਮਜੀਠੀਆ) ਨੂੰ ਅਦਾਲਤ ਨੂੰ ਜੇਲ੍ਹ ਸੁੱਟਣਾ ਪਿਆ। ਉਨ੍ਹਾਂ ਕਿਹਾ ਕਿ ਮਜੀਠੀਆ ਖ਼ਿਲਾਫ਼ ਡਰੱਗ ਮਾਮਲਾ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਹੈ ਕਿਉਂਕਿ ਕਾਂਗਰਸ ਅਤੇ ਭਾਜਪਾ ਸਰਕਾਰਾਂ ਨੇ ਅਦਾਲਤ ਵਿਚ ਠੋਸ ਸਬੂਤ ਪੇਸ਼ ਨਹੀਂ ਕੀਤੇ ਸਨ।

ਆਪ’ ਆਗੂ ਨੇ ਕਿਹਾ ਕਿ ਡਰੱਗ ਮਾਮਲੇ ’ਚ ਪੰਜਾਬ ਪੁਲਿਸ ਵੱਲੋਂ ਅਦਾਲਤ ਕੋਲੋਂ ਮਜੀਠੀਆ ਦੇ ਪੁਲਿਸ ਰਿਮਾਂਡ ਦੀ ਮੰਗ ਹੀ ਨਹੀਂ ਕੀਤੀ ਗਈ, ਇਸ ਲਈ ਹੁਣ ਪੁਲਿਸ ਦੀ ਜਾਂਚ ’ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ। ਹੁਣ ਜ਼ਰੂਰੀ ਹੈ ਕਿ ਹਾਈ ਕੋਰਟ ਦੀ ਨਿਗਰਾਨੀ ’ਚ ਹੀ ਮਜੀਠੀਆ ਕੋਲੋਂ ਪੁੱਛ-ਪੜਤਾਲ ਕੀਤੀ ਜਾਵੇ।

Leave a Reply

Your email address will not be published.