ਅਮਰੀਕਾ ‘ਚ 3 ਪੰਜਾਬੀਆਂ ਦੀ ਕਾਰ ਹਾਦਸੇ ਚ ਮੌਤ

ਅਮਰੀਕਾ ‘ਚ 3 ਪੰਜਾਬੀਆਂ ਦੀ ਕਾਰ ਹਾਦਸੇ ਚ ਮੌਤ

ਨਿਊਯਾਰਕ : ਨਿਊਯਾਰਕ ਦੇ ਲੌਗਾਆਈਲੈਂਡ ਦੇ ਇਲਾਕੇ ’ਚ ਹੋਏ ਇਕ ਸੜਕ ਕਾਰ ਹਾਦਸੇ ’ਚ ਨਿਊਜਰਸੀ ਸੂਬੇ ’ਚ ਰਹਿੰਦੇ ਪ੍ਰਸਿੱਧ ਕਾਰੋਬਾਰੀ ਜਸਵੀਰ ਸਿੰਘ ਜੱਸੀ ਦੇ ਬੇਟੇ ਅਤੇ ਪਾਲੇ ਨਿੱਝਰ ਦੇ ਸਕੇ ਭਤੀਜੇ ਨੌਜਵਾਨ ਪੁਨੀਤ ਸਿੰਘ ਨਿੱਝਰ ਸਮੇਤ ਕਾਰ ’ਚ ਸਵਾਰ ਉਸ ਦੇ ਦੋ ਦੋਸਤਾਂ ਦੀ ਮੌਤ ਹੋ ਜਾਣ ਦੇ ਬਾਰੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਸੜਕ ਹਾਦਸੇ ’ਚ ਮਾਰੇ ਗਏ 3 ਨੌਜਵਾਨਾਂ ਵਿਚ 2 ਜਲੰਧਰ ਨਾਲ ਸਬੰਧਿਤ ਤੇ ਪ੍ਰਸਿੱਧ ਬਾਸਕਟਬਾਲ ਦੇ ਖਿਡਾਰੀ ਦੱਸੇ ਜਾ ਰਹੇ ਹਨ। ਸੂਤਰਾਂ ਅਨੁਸਾਰ ਜੋ ਕਿ ਨਿਊਯਾਰਕ ਤੋਂ ਨਿਊਜਰਸੀ ਵਿਖੇ ਸਿੱਖ ਹੂਪ ਲਈ ਹਿੱਕਸਵੈਲ ਨਿਊਯਾਰਕ ਲਈ ਹੋਣ ਵਾਲੇ ਮੈਚ ਵਿਚ ਸ਼ਾਮਲ ਹੋਣ ਲਈ ਘਰਾਂ ਤੋਂ ਚੱਲੇ ਸਨ ਕਿ ਰਾਹ ’ਚ ਉਨ੍ਹਾਂ ਨੂੰ ਮੌਤ ਦੇ ਦੈਂਤ ਨੇ ਨਿਗਲ ਲਿਆ। ਇਨ੍ਹਾਂ ਤਿੰਨਾਂ ਨੌਜਵਾਨਾਂ ਦੇ ਬੇਵਕਤੀ ਵਿਛੋੜੇ ਕਾਰਨ ਪੰਜਾਬੀ ਭਾਈਚਾਰਾ ਡੂੰਘੇ ਸਦਮੇ ’ਚ ਹੈ ਤੇ ਸਭ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਮੌਤ ’ਤੇ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਨੌਜਵਾਨਾਂ ਦੀ ਪਛਾਣ ਪੁਨੀਤ ਸਿੰਘ ਨਿੱਝਰ ਪੁੱਤਰ ਜਸਬੀਰ ਸਿੰਘ ਜੱਸੀ ਵਾਸੀ ਪਿੰਡ ਨਿੱਝਰਾਂ, ਜ਼ਿਲ੍ਹਾ ਜਲੰਧਰ, ਅਮਰਜੀਤ ਸਿੰਘ ਗਿੱਲ ਵਾਸੀ ਪਿੰਡ ਮੁਰੀਦਵਾਲ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਅਤੇ ਤੀਜੇ ਨੌਜਵਾਨ ਦੀ ਹਰਪਾਲ ਸਿੰਘ ਮੁਲਤਾਨੀ ਵਜੋਂ ਹੋਈ ਹੈ। ਇਹ ਨੌਜਵਾਨ, ਜੋ 30 ਐਗਜ਼ੈਕਟ ਨੂੰ ਉੱਤਰੀ ਪਾਰਕ ਬੇਅ ਤੋਂ ਬਾਹਰ ਨਿਕਲ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ ਤੇ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਦਰੱਖਤ ਵਗੈਰਾ ਨਾਲ ਟਕਰਾ ਗਈ ਹੋਵੇਗੀ, ਜਿਸ ਤੋਂ ਅੱਗ ਲੱਗਣ ਨਾਲ ਸ਼ਾਇਦ ਉਹ ਤਿੰਨੋਂ ਨੌਜਵਾਨ ਕਾਰ ਵਿਚ ਹੀ ਜਿਊਂਦੇ ਸੜ ਗਏ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ। ਇਸ ਘਟਨਾ ਦਾ ਦੁਖਦਾਇਕ ਪਹਿਲੂ ਇਹ ਹੈ ਕਿ ਪੁਨੀਤ ਨਿੱਝਰ ਤੇ ਅਮਰਜੀਤ ਸਿੰਘ ਗਿੱਲ ਦੋਹਾਂ ਪਰਿਵਾਰਾਂ ਦੇ ਇਕਲੌਤੇ ਪੁੱਤਰ ਦੱਸੇ ਜਾ ਰਹੇ ਹਨ ਤੇ ਸਾਰਿਆਂ ਦੀ ਉਮਰ 23 ਕੁ ਸਾਲ ਦੱਸੀ ਜਾ ਰਹੀ ਹੈ। ਇਸ ਦੁਖਦਾਇਕ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਖੇਡ ਜਗਤ ’ਚ ਵੀ ਭਾਰੀ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।

Leave a Reply

Your email address will not be published.