No.1 ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਦਾ ਵੀਜ਼ਾ ਦੂਜੀ ਵਾਰ ਰੱਦ

Home » Blog » No.1 ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਦਾ ਵੀਜ਼ਾ ਦੂਜੀ ਵਾਰ ਰੱਦ
No.1 ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਦਾ ਵੀਜ਼ਾ ਦੂਜੀ ਵਾਰ ਰੱਦ

ਆਸਟ੍ਰੇਲੀਆ ਦੀ ਸਰਕਾਰ ਨੇ ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਕ ਦਾ ਵੀਜ਼ਾ ਦੂਜੀ ਵਾਰ ਰੱਦ ਕਰ ਦਿੱਤਾ ਹੈ ਜਿਸ ਨਾਲ ਉਨ੍ਹਾਂ ਨੂੰ ਬਾਹਰ ਕੀਤਾ ਜਾ ਸਕਦਾ ਹੈ।

ਇਸ ਕਾਰਨ ਜੋਕੋਵਿਕ ਦੇ ਆਸਟ੍ਰੇਲੀਆ ਓਪਨ ਵਿਚ ਖੇਡ ਸਕਣ ਨੂੰ ਲੈ ਕੇ ਬਣੀ ਗ਼ੈਰਯਕੀਨੀ ਵਿਚਾਲੇ ਇਕ ਨਵਾਂ ਮੋੜ ਆ ਗਿਆ ਹੈ। ਆਸਟ੍ਰੇਲੀਆ ਦੇ ਇੰਮੀਗੇ੍ਸ਼ਨ ਮੰਤਰੀ ਐਲੇਕਸ ਹਾਕੇ ਨੇ ਕਿਹਾ ਕਿ ਉਨ੍ਹਾਂ ਨੇ ਮੰਤਰੀ ਵਜੋਂ ਆਪਣੇ ਖ਼ਾਸ ਅਧਿਕਾਰ ਦਾ ਇਸਤੇਮਾਲ ਕਰ ਕੇ ਇਸ 34 ਸਾਲਾ ਖਿਡਾਰੀ ਦਾ ਵੀਜ਼ਾ ਜਨਹਿਤ ਆਧਾਰ ‘ਤੇ ਰੱਦ ਕਰ ਦਿੱਤਾ ਹੈ। ਜੋਕੋਵਿਕ ਦੇ ਵਕੀਲ ਫੈਡਰਲ ਸਰਕਤ ਤੇ ਫੈਮਿਲੀ ਕੋਰਟ ‘ਚ ਇਸ ਖ਼ਿਲਾਫ਼ ਅਪੀਲ ਕਰ ਸਕਦੇ ਹਨ। ਆਸਟ੍ਰੇਲੀਆ ਤੋਂ ਬਾਹਰ ਕੀਤੇ ਜਾਣ ‘ਤੇ ਜੋਕੋਵਿਕ ‘ਤੇ ਅਗਲੇ ਤਿੰਨ ਸਾਲ ਤਕ ਦੇਸ਼ ਵਿਚ ਪ੍ਰਵੇਸ਼ ‘ਤੇ ਪਾਬੰਦੀ ਰਹੇਗੀ।

ਇਸ ਦੇ ਮਾਅਨੇ ਹਨ ਕਿ ਅਗਲੀ ਵਾਰ ਜੋਕੋਵਿਕ ਜਦ ਆਸਟ੍ਰੇਲੀਅਨ ਓਪਨ ਖੇਡਣ ਆਉਣਗੇ ਤਾਂ ਉਹ 37 ਸਾਲ ਦੇ ਹੋ ਜਾਣਗੇ। ਹਾਕੇ ਨੇ ਕਿਹਾ ਕਿ ਉਨ੍ਹਾਂ ਨੇ ਜਨਹਿਤ ਨੂੰ ਧਿਆਨ ਵਿਚ ਰੱਖ ਕੇ ਸਿਹਤ ਸਬੰਧੀ ਕਾਰਨਾਂ ਨਾਲ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਰਿਸਨ ਸਰਕਾਰ ਆਸਟ੍ਰੇਲਿਆਈ ਸੀਮਾਵਾਂ ਦੀ ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਰੱਖਿਆ ਕਰਨ ਨੂੰ ਲੈ ਕੇ ਵਚਨਬੱਧ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਆਸਟ੍ਰੇਲੀਆ ਵਿਚ ਕੋਰੋਨਾ ਮਹਾਮਾਰੀ ਕਾਰਨ ਮੌਤ ਦੀ ਦਰ ਬਹੁਤ ਘੱਟ ਰਹੀ ਹੈ ਤੇ ਟੀਕਾਕਰਨ ਦੇ ਅੰਕੜੇ ਸਭ ਤੋਂ ਉੱਚੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮਹਾਮਾਰੀ ਹਰ ਆਸਟ੍ਰੇਲਿਆਈ ਲਈ ਕਾਫੀ ਔਖੀ ਰਹੀ ਹੈ।ਅਸੀਂ ਇਕੱਠੇ ਹੋ ਕੇ ਜਾਨਾਂ ਬਚਾਈਆਂ। ਆਸਟ੍ਰੇਲਿਆਈ ਲੋਕਾਂ ਨੇ ਮਹਾਮਾਰੀ ਦੌਰਾਨ ਕਾਫੀ ਕੁਰਬਾਨੀਆਂ ਦਿੱਤੀਆਂ ਹਨ ਤੇ ਉਹ ਉਮੀਦ ਕਰਦੇ ਹਨ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਬੇਕਾਰ ਨਹੀਂ ਜਾਣਗੀਆਂ।

ਇਹੀ ਕਾਰਨ ਹੈ ਕਿ ਮੰਤਰੀ ਨੇ ਇਹ ਫ਼ੈਸਲਾ ਕੀਤਾ ਹੈ। ਆਸਟ੍ਰੇਲੀਆ ਓਪਨ ਵਿਚ ਉਨ੍ਹਾਂ ਖਿਡਾਰੀਆਂ, ਸਹਿਯੋਗੀ ਸਟਾਫ ਤੇ ਦਰਸ਼ਕਾਂ ਨੂੰ ਪ੍ਰਵੇਸ਼ ਮਿਲੇਗਾ ਜਿਨ੍ਹਾਂ ਨੂੰ ਕੋਰੋਨਾ ਦੇ ਟੀਕੇ ਲੱਗ ਚੁੱਕੇ ਹਨ। ਜੋਕੋਵਿਕ ਨੇ ਇਸ ਆਧਾਰ ‘ਤੇ ਮੈਡੀਕਲ ਛੋਟ ਮੰਗੀ ਸੀ ਕਿ ਉਹ ਦਸੰਬਰ ਵਿਚ ਕੋਰੋਨਾ ਨਾਲ ਪੀੜਤ ਹੋਏ ਸਨ। ਜੋਕੋਵਿਕ ਦਾ ਵੀਜ਼ਾ ਦੂਜੀ ਵਾਰ ਰੱਦ ਹੋਇਆ ਹੈ। ਪਿਛਲੇ ਹਫ਼ਤੇ ਮੈਲਬੌਰਨ ਪੁੱਜਦੇ ਹੀ ਆਸਟ੍ਰੇਲੀਆ ਬਾਰਡਰ ਫੋਰਸ ਵੱਲੋਂ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਆਸਟ੍ਰੇਲੀਆ ਦੇ ਸਖ਼ਤ ਕੋਰੋਨਾ ਟੀਕਾਕਰਨ ਨਿਯਮਾਂ ਤੋਂ ਮੈਡੀਕਲ ਛੋਟ ਲਈ ਜ਼ਰੂਰੀ ਮਾਪਦੰਡਾਂ ‘ਤੇ ਉਹ ਖ਼ਰੇ ਨਹੀਂ ਉਤਰੇ ਸਨ। ਉਨ੍ਹਾਂ ਨੇ ਚਾਰ ਰਾਤਾਂ ਕੁਆਰੰਟਾਈਨ ਹੋਟਲ ਵਿਚ ਬਿਤਾਈਆਂ ਜਿਸ ਤੋਂ ਬਾਅਦ ਪਿਛਲੇ ਸੋਮਵਾਰ ਨੂੰ ਜੱਜ ਨੇ ਉਨ੍ਹਾਂ ਦੇ ਪੱਖ ਵਿਚ ਫ਼ੈਸਲਾ ਦਿੱਤਾ। ਜੋਕੋਵਿਕ ਨੇ ਰਾਡ ਲਾਵੇਰ ਏਰੇਨਾ ਵਿਚ ਅਭਿਆਸ ਸ਼ੁਰੂ ਕਰ ਦਿੱਤਾ ਸੀ। ਵੀਰਵਾਰ ਨੂੰ ਨਿਕਲੇ ਆਸਟ੍ਰੇਲੀਅਨ ਓਪਨ ਡਰਾਅ ਵਿਚ ਵੀ ਜੋਕੋਵਿਕ ਨੂੰ ਸ਼ਾਮਲ ਕੀਤਾ ਗਿਆ ਸੀ ਤੇ ਉਨ੍ਹਾਂ ਨੇ ਪਹਿਲੇ ਗੇੜ ਵਿਚ ਹਮਵਤਨ ਮੀਓਮੀਰ ਕੇਸਮਾਨੋਵਿਚ ਖ਼ਿਲਾਫ਼ ਖੇਡਣਾ ਸੀ।

Leave a Reply

Your email address will not be published.