24 ਘੰਟਿਆਂ ’ਚ ਭਾਰਤ ’ਚ 2,47,417 ਕੋਰੋਨਾ ਦੇ ਨਵੇਂ ਮਾਮਲੇ

ਨਵੀਂ ਦਿੱਲੀ / ਬੀਤੇ 24 ਘੰਟਿਆਂ ’ਚ ਦੇਸ਼ ’ਚ 2,47,417 ਕੋਰੋਨਾ ਦੇ ਨਵੇਂ ਮਾਮਲੇ ਮਿਲੇ ਹਨ। ਇੰਨੀ ਵੱਡੀ ਗਿਣਤੀ ’ਚ ਨਵੇਂ ਮਾਮਲੇ 236 ਦਿਨਾਂ ਬਾਅਦ ਆਏ ਹਨ।

ਇਨ੍ਹਾਂ ਮਾਮਲਿਆਂ ’ਚ ਓਮੀਕ੍ਰੋਨ ਦੇ 5,488 ਮਾਮਲੇ ਸ਼ਾਮਲ ਹਨ। ਇਸ ਦੇ ਨਾਲ ਹੀ ਸਰਗਰਮ ਮਾਮਲੇ ਵੱਧ ਕੇ 11,17,531 ਹੋ ਗਏ ਹਨ ਜਿਹੜੇ 216 ਦਿਨਾਂ ਬਾਅਦ ਬਹੁਤ ਜ਼ਿਆਦਾ ਹਨ। ਨਵੇਂ ਮਾਮਲਿਆਂ ਨੂੰ ਮਿਲਾ ਕੇ ਹੁਣ ਤਕ ਕੁੱਲ 3,63,17,927 ਲੋਕ ਕੋਰੋਨਾ ਤੋਂ ਇਨਫੈਕਟਿਡ ਹੋ ਚੁੱਕੇ ਹਨ। ਸਿਹਤ ਮੰਤਰਾਲੇ ਦੁਆਰਾ ਵੀਰਵਾਰ ਦੀ ਸਵੇਰ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ’ਚ ਓਮੀਕ੍ਰੋਨ ਵੈਰੀਐਂਟ ਦੇ 620 ਮਾਮਲਿਆਂ ’ਚ ਇਕ ਦਿਨ ਦਾ ਵਾਧਾ ਦੇਖਿਆ ਗਿਆ ਜਿਹੜਾ ਹੁਣ ਤਕ ਦਾ ਸਭ ਤੋਂ ਜ਼ਿਆਦਾ ਹੈ। ਅਜਿਹੇ ਮਾਮਲਿਆਂ ਦੀ ਕੁੱਲ ਗਿਣਤੀ 5,488 ਹੋ ਗਈ ਹੈ ਜਿਨ੍ਹਾਂ ’ਚ 2,162 ਲੋਕ ਹੁਣ ਤਕ ਠੀਕ ਹੋ ਚੁੱਕੇ ਹਨ ਜਾਂ ਵਿਦੇਸ਼ ਜਾ ਚੁੱਕੇ ਹਨ। ਇਸ ਦੌਰਾਨ ਕੋਰੋਨਾ ਨਾਲ 380 ਹੋਰ ਲੋਕਾਂ ਦੀ ਮੌਤ ਹੋਈ ਜਿਨ੍ਹਾਂ ’ਚ 199 ਮੌਤਾਂ ਸਿਰਫ਼ ਕੇਰਲ ’ਚ ਅਤੇ 40 ਮੌਤਾਂ ਦਿੱਲੀ ’ਚ ਦਰਜ ਕੀਤੀਆਂ ਗਈਆਂ। ਹੁਣ ਤਕ ਮਹਾਰਾਸ਼ਟਰ ’ਚ ਓਮੀਕ੍ਰੋਨ ਦੇ ਸਭ ਤੋਂ ਵੱਧ 1367 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਰਾਜਸਥਾਨ ’ਚ 792, ਦਿੱਲੀ ’ਚ 549, ਕੇਰਲ ’ਚ 486 ਤੇ ਕਰਨਾਟਕ ’ਚ 479 ਮਾਮਲੇ ਦਰਜ ਕੀਤੇ ਗਏ।

380 ਨਵੇਂ ਇਨਫੈਕਟਿਡਾਂ ’ਚ ਕੇਰਲ ਦੇ 199 ਤੇ ਦਿੱਲੀ ਦੇ 40 ਲੋਕ ਸ਼ਾਮਲ ਹਨ। ਸਿਹਤ ਮੰਤਰਾਲੇ ਮੁਤਾਬਕ, ਰੋਜ਼ਾਨਾ ਸਕਾਰਾਤਮਕਤਾ ਦਰ 13.11 ਪ੍ਰਤੀਸ਼ਤ ਦਰਜ ਕੀਤੀ ਗਈ ਜਦਕਿ ਹਫ਼ਤਾਵਾਰੀ ਸਕਾਰਾਤਮਕਤਾ ਦਰ 10[80 ਪ੍ਰਤੀਸ਼ਤ ਦਰਜ ਕੀਤੀ ਗਈ। ਭਾਰਤ ਵਿਚ ਕਰੋਨਾ ਦੀ ਤੀਜੀ ਲਹਿਰ ਦੀ ਆਮਦ ਤੇ ਵਧਦੇ ਕੇਸਾਂ ਦੇ ਮੱਦੇਨਜਰ ਕਈ ਸੂਬਿਆਂ ਨੇ ਹੋਰ ਪਾਬੰਦੀਆਂ ਲਾ ਦਿੱਤੀਆਂ ਹਨ। ਜ਼ਿਆਦਾਤਰ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਰਾਤ ਦਾ ਕਰਫਿਊ ਪਹਿਲਾਂ ਹੀ ਐਲਾਨਿਆ ਜਾ ਚੁੱਕਾ ਹੈ। ਮਹਾਰਾਸ਼ਟਰ, ਕਰਨਾਟਕ, ਯੂਪੀ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਵਿਚ ਰਾਤ ਨੂੰ ਕਰਫਿਊ ਲਾਇਆ ਗਿਆ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਮਾਜਿਕ ਤੇ ਧਾਰਮਿਕ ਸਮਾਗਮਾਂ ਉਤੇ 24 ਜਨਵਰੀ ਤੱਕ ਪਾਬੰਦੀ ਲਾ ਦਿੱਤੀ ਹੈ। ਅੰਦਰੂਨੀ ਇਕੱਠਾਂ ਲਈ ਵਿਅਕਤੀਆਂ ਦੀ ਗਿਣਤੀ ਸੌ ਤੇ ਬਾਹਰ ਕੀਤੇ ਜਾਣ ਵਾਲੇ ਇਕੱਠਾਂ ਲਈ ਵਿਅਕਤੀਆਂ ਦੀ ਗਿਣਤੀ 300 ਤੱਕ ਸੀਮਤ ਕਰ ਦਿੱਤੀ ਗਈ ਹੈ। ਇਨ੍ਹਾਂ ਵਿਚ ਅਕਾਦਮਿਕ, ਖੇਡ, ਸਭਿਆਚਾਰਕ ਤੇ ਸਿਆਸੀ ਇਕੱਠ ਸ਼ਾਮਲ ਹਨ।

ਹਿਮਾਚਲ ਸਰਕਾਰ ਨੇ ਸਰਕਾਰੀ ਦਫਤਰਾਂ ਨੂੰ ਵੀ 50 ਫੀਸਦ ਸਮਰੱਥਾ ਨਾਲ ਚਲਾਉਣ ਦਾ ਐਲਾਨ ਕੀਤਾ ਹੈ। ਰਾਜਸਥਾਨ ਸਰਕਾਰ ਨੇ ਮਿਉਂਸਪਲ ਖੇਤਰਾਂ ਵਿਚ 17 ਜਨਵਰੀ ਤੱਕ ਸਕੂਲ ਬੰਦ ਕਰ ਦਿੱਤੇ ਹਨ। ਐਤਵਾਰ ਨੂੰ ਕਰਫਿਊ ਲਾ ਦਿੱਤਾ ਗਿਆ ਤੇ ਬਾਜ਼ਾਰ ਖੁੱਲ੍ਹਣ ਦਾ ਸਮਾਂ, ਰੈਸਤਰਾਂ ਅਤੇ ਸਿਨੇਮਿਆਂ ਵਿਚ ਹਾਜਰੀ ਵੀ ਸੀਮਤ ਕੀਤੀ ਗਈ ਹੈ। ਤਾਮਿਲਨਾਡੂ ਵਿਚ ਇਕ ਦਿਨ ਦਾ ਲੌਕਡਾਊਨ ਲਾਇਆ ਗਿਆ। ਉੱਥੇ ਰਾਤ ਦਾ ਕਰਫਿਊ ਵੀ ਲਾਗੂ ਹੈ। ਪੁੱਡੂਚੇਰੀ ਵਿਚ ਵੀ ਸਕੂਲ ਬੰਦ ਕਰ ਦਿੱਤੇ ਗਏ ਹਨ।

ਮਹਾਰਾਸ਼ਟਰ ਸਰਕਾਰ ਨੇ ਕਿਹਾ ਹੈ ਕਿ ਹੌਲੀ-ਹੌਲੀ ਧਾਰਮਿਕ ਸਥਾਨਾਂ, ਸ਼ਰਾਬ ਦੇ ਠੇਕਿਆਂ ਉਤੇ ਵੀ ਪਾਬੰਦੀਆਂ ਲਾਈਆਂ ਜਾਣਗੀਆਂ। ਹਾਲਾਂਕਿ ਉੱਥੇ ਜ਼ਿਆਦਾ ਕਰੋਨਾ ਮਰੀਜ਼ਾਂ ਨੂੰ ਹਸਪਤਾਲਾਂ ‘ਚ ਦਾਖਲ ਕਰਾਉਣ ਦੀ ਲੋੜ ਨਹੀਂ ਪਈ ਹੈ ਤੇ ਨਾ ਹੀ ਆਕਸੀਜਨ ਦੀ ਮੰਗ ਜ਼ਿਆਦਾ ਹੈ। ਮਹਾਰਾਸ਼ਟਰ ਵਿਚ ਜਿਮ, ਬਿਊਟੀ ਪਾਰਲਰ ਵੀ 50 ਫੀਸਦ ਸਮਰੱਥਾ ਨਾਲ ਚਲਾਉਣ ਦੇ ਹੁਕਮ ਦਿੱਤੇ ਗਏ ਹਨ। ਸਕੂਲ ਤੇ ਕਾਲਜ ਵੀ 15 ਫਰਵਰੀ ਤੱਕ ਬੰਦ ਕੀਤੇ ਗਏ ਹਨ। ਹਰ ਤਰ੍ਹਾਂ ਦੇ ਇਕੱਠ ਵੀ ਸੀਮਤ ਕੀਤੇ ਗਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਲੌਕਡਾਊਨ ਲਾਉਣ ਦੀ ਹਾਲੇ ਕੋਈ ਯੋਜਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਹਫਤੇ ਦੇ ਅਖੀਰ ਵਿਚ ਕਰਫਿਊ ਲਾਇਆ ਗਿਆ ਸੀ।

ਹਲਕੇ ਲੱਛਣਾਂ ਵਾਲਿਆਂ ਲਈ ਘਰੇ ਸੱਤ ਦਿਨਾ ਇਕਾਂਤਵਾਸ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਿਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਰੋਨਾ ਵਾਇਰਸ ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਜਾਂ ਜਿਨ੍ਹਾਂ ਨੂੰ ਕੋਈ ਲੱਛਣ ਨਹੀਂ ਹੈ, ਲਈ ਘਰ ਵਿਚ ਹੀ ਸੱਤ ਦਿਨਾਂ ਦਾ ਇਕਾਂਤਵਾਸ ਤੈਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਸੱਤ ਦਿਨਾਂ ਦੇ ਇਕਾਂਤਵਾਸ ਦੇ ਅਖੀਰਲੇ ਤਿੰਨ ਦਿਨ ਬੁਖਾਰ ਨਹੀਂ ਹੋਣਾ ਚਾਹੀਦਾ। ਉਹ ‘ਓਮੀਕਰੋਨ ਦੇ ਵਧਦੇ ਕੇਸਾਂ ਵਿਚਾਲੇ ਘਰ ਵਿਚ ਇਕਾਂਤਵਾਸ ਵਿਸ਼ੇਤੇ ਆਨਲਾਈਨ ਗੱਲਬਾਤ ਵਿਚ ਹਿੱਸਾ ਲੈ ਰਹੇ ਸਨ।

ਬਚਾਅ ਲਈ ਇਹਤਿਆਤੀ ਖੁਰਾਕ ਲੱਗਣੀ ਸ਼ੁਰੂ ਕੋਵਿਡ-19 ਮਹਾਮਾਰੀ ਦੀ ਵਧਦੀ ਤੀਜੀ ਲਹਿਰ ਵਿਚਾਲੇ ਦਿੱਲੀ ਤੇ ਦੇਸ਼ ਦੇ ਹੋਰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 60 ਸਾਲ ਜਾਂ ਵੱਧ ਉਮਰ ਦੇ ਲੋਕਾਂ, ਸਿਹਤ ਕਾਮਿਆਂ ਅਤੇ ਫਰੰਟ ਲਾਈਨ ਵਰਕਰਾਂ ਨੂੰ ਕੋਵਿਡ-19 ਟੀਕੇ ਦੀ ਤੀਜੀ ਜਾਂ ‘ਇਹਤਿਆਤੀ ਖੁਰਾਕ` ਦੇਣ ਦੀ ਸ਼ੁਰੂਆਤ ਕੀਤੀ ਗਈ। ਤੀਜੀ ਖੁਰਾਕ ਇਸ ਸ਼੍ਰੇਣੀ ਦੇ ਉਨ੍ਹਾਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੇ ਨੌਂ ਮਹੀਨੇ ਪਹਿਲਾਂ ਟੀਕੇ ਦੀ ਦੂਜੀ ਖੁਰਾਕ ਲਈ ਸੀ। ਅਜਿਹੇ ਕਰੀਬ ਤਿੰਨ ਲੱਖ ਲੋਕ ਤੀਜੀ ਖੁਰਾਕ ਪ੍ਰਾਪਤ ਕਰਨ ਦੇ ਯੋਗ ਹਨ। ਲਾਭਪਾਤਰੀਆਂ ਨੂੰ ਉਸੇ ਟੀਕੇ ਦੀ ਖੁਰਾਕ ਦਿੱਤੀ ਜਾਵੇਗੀ ਜੋ ਉਨ੍ਹਾਂ ਨੂੰ 39 ਹਫਤੇ ਪਹਿਲਾਂ ਲਗਾਇਆ ਗਿਆ ਸੀ। ਉਨ੍ਹਾਂ ਨੂੰ ਮੌਜੂਦਾ ਕੋਵਿਨ ਅਕਾਊਂਟ ਦਾ ਇਸਤੇਮਾਲ ਕਰਦੇ ਹੋਏ ਸਲਾਟ ਬੁੱਕ ਕਰਨਾ ਹੋਵੇਗਾ।

Leave a Reply

Your email address will not be published. Required fields are marked *