22 ਯੂ-ਟਿਊਬ ਚੈਨਲਾਂ ਨੂੰ ਸਰਕਾਰ ਨੇ ਕੀਤਾ ਬਲੌਕ, ਚਾਰ ਪਾਕਿਸਤਾਨੀ ਚੈਨਲਾਂ ‘ਤੇ ਵੀ ਸਖ਼ਤ ਕਾਰਵਾਈ

ਨਵੀਂ ਦਿੱਲੀ: ਨਰਿੰਦਰ ਮੋਦੀ ਸਰਕਾਰ ਨੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ ਸਬੰਧਾਂ ਅਤੇ ਜਨਤਕ ਵਿਵਸਥਾ ਬਾਰੇ ਗਲਤ ਜਾਣਕਾਰੀ ਫੈਲਾਉਣ ਵਾਲੇ 22 ਯੂ-ਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਇਨ੍ਹਾਂ ‘ਚੋਂ 4 ਚੈਨਲ ਪਾਕਿਸਤਾਨ ਦੇ ਹਨ। ਇਸ ਤੋਂ ਇਲਾਵਾ 3 ਟਵਿਟਰ, ਇੱਕ ਫੇਸਬੁੱਕ ਅਕਾਊਂਟ ਤੇ ਇੱਕ ਨਿਊਜ਼ ਵੈੱਬਸਾਈਟ ਨੂੰ ਵੀ ਬਲਾਕ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਨਿਊਜ਼ ਏਜੰਸੀ ਏਐਨਆਈ ਨੇ ਜਾਰੀ ਕੀਤੀ ਹੈ। 

ਦੱਸ ਦਈਏ ਕਿ ਇਸ ਤੋਂ ਪਹਿਲਾਂ ਜਨਵਰੀ ‘ਚ ਮੋਦੀ ਸਰਕਾਰ ਨੇ 35 ਯੂ-ਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਸੀ। ਮੰਤਰਾਲੇ ਨੂੰ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ 20 ਜਨਵਰੀ ਨੂੰ 35 ਯੂਟਿਊਬ ਚੈਨਲ, 2 ਟਵਿੱਟਰ ਅਕਾਊਂਟ, 2 ਇੰਸਟਾਗ੍ਰਾਮ ਅਕਾਊਂਟ, 2 ਵੈੱਬਸਾਈਟਸ ਤੇ ਇਕ ਫੇਸਬੁੱਕ ਅਕਾਊਂਟ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਸੀ। ਇਹ ਸਾਰੇ ਅਕਾਊਂਟ ਪਾਕਿਸਤਾਨ ਤੋਂ ਚਲਾਏ ਜਾਂਦੇ ਸੀ ਤੇ ਭਾਰਤ ਵਿਰੋਧੀ ਝੂਠੀਆਂ ਖ਼ਬਰਾਂ ਅਤੇ ਹੋਰ ਸਮੱਗਰੀ ਫੈਲਾਉਂਦੇ ਸੀ।

ਪਿਛਲੇ ਸਾਲ ਦਸੰਬਰ ‘ਚ ਖੁਫੀਆ ਏਜੰਸੀਆਂ ਨਾਲ ਮਿਲ ਕੇ 20 ਯੂ-ਟਿਊਬ ਚੈਨਲਾਂ ਤੇ ਦੋ ਵੈੱਬਸਾਈਟਾਂ ਨੂੰ ਬਲਾਕ ਕਰਨ ਦੇ ਹੁਕਮ ਦਿੱਤੇ ਸੀ। ਇਹ ਚੈਨਲ ਭਾਰਤ ਵਿਰੋਧੀ ਪ੍ਰਚਾਰ ਤੇ ਫਰਜ਼ੀ ਖਬਰਾਂ ਵੀ ਫੈਲਾ ਰਹੇ ਸੀ। ਉਦੋਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਸੀ ਕਿ ਇਨ੍ਹਾਂ ਚੈਨਲਾਂ ਦੀ ਵਰਤੋਂ “ਕਸ਼ਮੀਰ, ਭਾਰਤੀ ਫੌਜ, ਭਾਰਤ ਵਿੱਚ ਘੱਟ ਗਿਣਤੀ ਭਾਈਚਾਰੇ, ਰਾਮ ਮੰਦਰ, ਜਨਰਲ ਬਿਪਿਨ ਰਾਵਤ ਆਦਿ” ਵਰਗੇ ਵਿਸ਼ਿਆਂ ‘ਤੇ ਤਾਲਮੇਲ ਨਾਲ ਵੰਡਣ ਵਾਲੀ ਸਮੱਗਰੀ ਪੋਸਟ ਕਰਨ ਲਈ ਕੀਤੀ ਜਾ ਰਹੀ ਸੀ।

Leave a Reply

Your email address will not be published. Required fields are marked *