2 ਗਜ਼ ਜ਼ਮੀਨ ਲਈ ਭੈਣ ਦਾ ਬੇਰਹਿਮੀ ਨਾਲ ਕੀਤਾ ਕਤਲ

ਫਾਜ਼ਿਲਕਾ : ਫਾਜ਼ਿਲਕਾ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਭਰਾ ਨੇ ਹੀ ਆਪਣੀ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਮਾਮਲਾ ਫ਼ਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਉਝਾਂ ਵਾਲੀ ਦਾ ਹੈ, ਜਿੱਥੇ ਛੁੱਟੀਆਂ ਵਿੱਚ ਪੇਕੇ ਪਰਿਵਾਰ ਨੂੰ ਮਿਲਣ ਆਈ ਭੈਣ ਨੂੰ ਭਰਾ ਨੇ ਉਸਦੀ ਮਾਸੂਮ ਧੀ ਦੇ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ । ਮਿਲੀ ਜਾਣਕਾਰੀ ਮੁਤਾਬਕ ਦੋ ਭਰਾਵਾਂ ਵਿਚਕਾਰ ਜ਼ਮੀਨ ਨੂੰ ਲੈ ਕੇ ਝਗੜਾ ਸੀ ਅਤੇ ਇੱਕ ਭਰਾ ਦਾ ਦੂਜੇ ਭਰਾ ਨਾਲ ਝਗੜਾ ਹੋ ਗਿਆ ਸੀ । ਇਸ ਦੌਰਾਨ ਛੁੱਟੀਆਂ ਵਿੱਚ ਪੇਕੇ ਪਰਿਵਾਰ ਨੂੰ ਮਿਲਣ ਆਈ ਭੈਣ ਨੇ ਜਦੋਂ ਆਪਣੇ ਭਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਭਰਾ ਨੇ ਕਹੀ ਨਾਲ ਵਾਰ ਕਰਕੇ ਆਪਣੀ ਹੀ ਭੈਣ ਨੂੰ ਉਸ ਦੇ ਬੱਚਿਆਂ ਦੇ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਦੋ ਗਜ਼ ਜ਼ਮੀਨ ਨੂੰ ਲੈ ਕੇ ਦੋਵਾਂ ਭਰਾਵਾਂ ਵਿੱਚ ਵਿਵਾਦ ਚੱਲ ਰਿਹਾ ਸੀ । ਇੱਕ ਭਰਾ ਨੇ ਹਰਾ ਚਾਰਾ ਕੱਟਣ ਵਾਲੀ ਮਸ਼ੀਨ ਲਗਾਈ ਹੋਈ ਸੀ, ਜਦਕਿ ਦੂਜਾ ਭਰਾ ਇਸ ਦਾ ਵਿਰੋਧ ਕਰ ਰਿਹਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ। ਜਿਸ ਤੋਂ ਬਾਅਦ ਵੱਡਾ ਭਰਾ ਗੁੱਸੇ ਵਿੱਚ ਛੋਟੇ ਭਰਾ ਦੇ ਘਰ ਆ ਗਿਆ। ਭਰਾ ਨੂੰ ਗੁੱਸੇ ਵਿੱਚ ਆਉਂਦਿਆਂ ਦੇਖ ਕੇ ਭੈਣ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਭਰਾ ਨੇ ਉਸਦੀ ਇੱਕ ਨਾ ਸੁਣੀ ਤੇ ਕਹੀ ਨਾਲ ਗਰਦਨ ‘ਤੇ ਹਮਲਾ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦਕਿ ਵਾਰਦਾਤ ਤੋਂ ਬਾਅਦ ਭਰਾ ਫ਼ਰਾਰ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਸਵੀਰ ਸਿੰਘ ਪਨੂੰ ਨੇ ਦੱਸਿਆ ਕਿ ਮ੍ਰਿਤਕਾ ਦਾ ਨਾਮ ਪਰਵੀਨ ਰਾਣੀ ਸੀ ਜੋ ਕਿ ਚੰਡੀਗੜ੍ਹ ਦੇ ਵਿੱਚ ਪ੍ਰਾਈਵੇਟ ਟੀਚਰ ਸੀ ਅਤੇ ਛੁੱਟੀਆਂ ਵਿੱਚ ਆਪਣੇ ਪੇਕੇ ਆਈ ਹੋਈ ਸੀ । ਘਰੇਲੂ ਝਗੜੇ ਕਾਰਨ ਜਦੋਂ ਉਸਦੇ ਵੱਲੋਂ ਆਪਣੇ ਵੱਡੇ ਭਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਦੇ ਭਰਾ ਨੇ ਕਹੀ ਨਾਲ ਵਾਰ ਕਰਕੇ ਆਪਣੀ ਹੀ ਭੈਣ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਮ੍ਰਿਤਕਾ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਰਖਵਾਇਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।

Leave a Reply

Your email address will not be published.