1983 ਕ੍ਰਿਕਟ ਵਿਸ਼ਵ ਕੱਪ ਜਿੱਤ ਦੇ ਹੀਰੋ ਯਸ਼ਪਾਲ ਸ਼ਰਮਾ ਦਾ ਦਿਹਾਂਤ

Home » Blog » 1983 ਕ੍ਰਿਕਟ ਵਿਸ਼ਵ ਕੱਪ ਜਿੱਤ ਦੇ ਹੀਰੋ ਯਸ਼ਪਾਲ ਸ਼ਰਮਾ ਦਾ ਦਿਹਾਂਤ
1983 ਕ੍ਰਿਕਟ ਵਿਸ਼ਵ ਕੱਪ ਜਿੱਤ ਦੇ ਹੀਰੋ ਯਸ਼ਪਾਲ ਸ਼ਰਮਾ ਦਾ ਦਿਹਾਂਤ

ਜੁਝਾਰੂ ਬੱਲੇਬਾਜ਼ੀ ਲਈ ਜਾਣੇ ਜਾਂਦੇ ਸੀ ਲੁਧਿਆਣਾ ਦੇ ਜੰਮਪਲ ਯਸ਼ਪਾਲ

ਨਵੀਂ ਦਿੱਲੀ / ਮੱਧ ਕ੍ਰਮ ਵਿਚ ਆਪਣੀ ਜੁਝਾਰੂ ਬੱਲੇਬਾਜ਼ੀ ਕਾਰਨ ਭਾਰਤੀ ਕ੍ਰਿਕਟ ਟੀਮ ਵਿਚ ਵਿਸ਼ੇਸ਼ ਪਹਿਚਾਣ ਬਣਾਉਣ ਵਾਲੇ ਅਤੇ 1983 ਵਿਸ਼ਵ ਕੱਪ ਦੇ ਹੀਰੋ ਯਸ਼ਪਾਲ ਸ਼ਰਮਾ ਦਾ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਹ 66 ਸਾਲ ਦੇ ਸਨ ਅਤੇ ਉਹ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਅਤੇ ਇਕ ਪੁੱਤਰ ਛੱਡ ਗਏ | ਜਾਣਕਾਰੀ ਅਨੁਸਾਰ ਸਵੇਰ ਦੀ ਸੈਰ ਤੋਂ ਪਰਤੇ ਯਸ਼ਪਾਲ ਬੇਹੋਸ਼ ਹੋ ਗਏ ਸਨ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ | ਉਨ੍ਹਾਂ ਦਾ ਲੋਧੀ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਦੋਸਤ ਕੀਰਤੀ ਆਜ਼ਾਦ ਵੀ ਮੌਜੂਦ ਸਨ | ਯਸ਼ਪਾਲ ਸ਼ਰਮਾ ਨੇ ਆਪਣੇ ਅੰਤਰਰਾਸ਼ਟਰੀ ਖੇਡ ਜੀਵਨ ਵਿਚ 37 ਟੈਸਟ ਮੈਚਾਂ ਵਿਚ 1606 ਦੌੜਾਂ ਅਤੇ 42 ਇਕ ਦਿਨਾ ਮੈਚਾਂ ਵਿਚ 883 ਦੌੜਾਂ ਬਣਾਈਆਂ | ਇਕ ਦਿਨਾ ਮੈਚਾਂ ਵਿਚ ਉਹ ਕਦੇ ਵੀ ਸਿਫਰ ‘ਤੇ ਆਊਟ ਨਹੀਂ ਹੋਏ | ਉਨ੍ਹਾਂ ਨੇ ਦੋਵਾਂ ਰੂਪਾਂ ਵਿਚ ਇਕ-ਇਕ ਵਿਕਟ ਵੀ ਲਿਆ | ਉਨ੍ਹਾਂ ਨੂੰ ਆਪਣੇ ਜੁਝਾਰੂਪਨ ਲਈ ਜਾਣਿਆ ਜਾਂਦਾ ਹੈ |

1983 ਦੇ ਵਿਸ਼ਵ ਕੱਪ ‘ਚ ਇੰਗਲੈਂਡ ਖ਼ਿਲਾਫ਼ ਸੈਮੀਫਾਈਨਲ ਵਿਚ Eਲਡ ਟ੍ਰੈਫਰਡ ਵਿਚ ਖੇਡੀ ਗਈ ਉਨ੍ਹਾਂ ਦੀ ਅਰਧ ਸੈਂਕੜੇ ਦੀ ਪਾਰੀ ਕ੍ਰਿਕਟ ਪ੍ਰੇਮੀਆਂ ਨੂੰ ਹਮੇਸ਼ਾ ਯਾਦ ਰਹੇਗੀ | ਸਾਬਕਾ ਭਾਰਤੀ ਕਪਤਾਨ ਦਿਲੀਪ ਵੇਂਗਸਰਕਰ ਨੇ ਕਿਹਾ ਕਿ ਉਹ ਆਪਣੇ ਸਾਬਕਾ ਸਾਥੀ ਦੇ ਦਿਹਾਂਤ ਕਾਰਨ ਸਦਮੇ ਵਿਚ ਹਨ | ਦੱਸਣਯੋਗ ਹੈ ਕਿ ਦੋ ਹਫ਼ਤੇ ਪਹਿਲਾਂ ਹੀ 1983 ਵਿਸ਼ਵ ਕੱਪ ਜੇਤੂ ਟੀਮ ਇਕ ਪੁਸਤਕ ਜਾਰੀ ਕਰਨ ਸਬੰਧੀ ਹੋਏ ਸਮਾਗਮ ਦੌਰਾਨ ਇਕੱਠੀ ਹੋਈ ਸੀ | ਯਸ਼ਪਾਲ 2000 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿਚ ਰਾਸ਼ਟਰੀ ਟੀਮ ਲਈ ਚੋਣਕਰਤਾ ਵੀ ਰਹੇ | ਉਹ ਉਸ ਚੋਣ ਪੈਨਲ ਦਾ ਹਿੱਸਾ ਸਨ ਜਿਸ ਨੇ 2004 ਵਿਚ ਮਹਿੰਦਰ ਸਿੰਘ ਧੋਨੀ ਨੂੰ ਰਾਸ਼ਟਰੀ ਟੀਮ ਵਿਚ ਪਹਿਲਾ ਮੌਕਾ ਦਿੱਤਾ ਸੀ | ਯਸ਼ਪਾਲ 2011 ਵਿਸ਼ਵ ਕੱਪ ਵਿਚ ਧੋਨੀ ਦੀ ਅਗਵਾਈ ਵਿਚ ਚੈਂਪੀਅਨ ਬਣਨ ਵਾਲੀ ਟੀਮ ਦੀ ਚੋਣ ਕਰਨ ਵਾਲੇ ਚੋਣ ਪੈਨਲ ਦਾ ਵੀ ਹਿੱਸਾ ਸਨ |

ਉਹ ਉਸ ਦੌਰ ਦੇ ਵੀ ਗਵਾਹ ਰਹੇ ਜਦੋਂ ਤਤਕਾਲੀਨ ਕਪਤਾਨ ਸੌਰਵ ਗਾਂਗੁਲੀ ਅਤੇ ਟੀਮ ਦੇ ਕੋਚ ਗ੍ਰੇਗ ਚੈਪਲ ਵਿਚਕਾਰ 2006 ਵਿਚ ਅਣਬਣ ਹੋ ਗਈ ਸੀ | ਯਸ਼ਪਾਲ ਨੇ ਉਸ ਸਮੇਂ ਗਾਂਗੁਲੀ ਦਾ ਪੱਖ ਲਿਆ ਸੀ | ਯਸ਼ਪਾਲ ਨੇ ਰਣਜੀ ਟਰਾਫੀ ਵਿਚ ਤਿੰਨ ਟੀਮਾਂ ਪੰਜਾਬ, ਹਰਿਆਣਾ ਅਤੇ ਰੇਲਵੇ ਦੀ ਨੁਮਾਇੰਦਗੀ ਵੀ ਕੀਤੀ | ਉਨ੍ਹਾਂ ਨੇ 160 ਫਸਟ ਕਲਾਸ ਮੈਚਾਂ ਵਿਚ 8933 ਦੌੜਾਂ ਬਣਾਈਆਂ ਜਿਸ ਵਿਚ 21 ਸੈਂਕੜੇ ਸ਼ਾਮਿਲ ਹਨ | ਉਨ੍ਹਾਂ ਦੀਆਂ ਸਰਬੋਤਮ ਦੌੜਾਂ ਨਾਬਾਦ 201 ਸੀ | ਉਹ ਅੰਪਾਇਰ ਵੀ ਰਹੇ ਅਤੇ ਦੋ ਮਹਿਲਾ ਇਕ ਦਿਨਾ ਮੈਚਾਂ ਵਿਚ ਅੰਪਾਇਰਿੰਗ ਵੀ ਕੀਤੀ | ਪ੍ਰਧਾਨ ਮਤੰਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਯਸ਼ਪਾਲ 1983 ਦੇ ਮਸ਼ਹੂਰ ਟੀਮ ਸਮੇਤ ਭਾਰਤੀ ਕ੍ਰਿਕਟ ਟੀਮ ਦੇ ਇਕ ਹਰਮਨ ਪਿਆਰੇ ਮੈਂਬਰ ਸਨ | ਉਹ ਟੀਮ ਦੇ ਸਾਥੀਆਂ, ਪ੍ਰਸੰਸਕਾਂ ਦੇ ਨਾਲ-ਨਾਲ ਉਭਰਦੇ ਹੋਏ ਕਿ੍ਕਟਰਾਂ ਲਈ ਪ੍ਰਰੇਣਾ ਸਰੋਤ ਸਨ |

ਮੁੱਖ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਕਿ੍ਕਟਰ ਯਸ਼ਪਾਲ ਸ਼ਰਮਾ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਮੁੱਖ ਮੰਤਰੀ ਨੇ ਯਸ਼ਪਾਲ ਸ਼ਰਮਾ ਨੂੰ ਇਕ ਮਹਾਨ ਕਿ੍ਕਟਰ ਦੱਸਿਆ ਜਿਹੜੇ ਉਸ ਭਾਰਤੀ ਕਿ੍ਕਟ ਟੀਮ ਦਾ ਹਿੱਸਾ ਸਨ, ਜਿਨ੍ਹਾਂ ਨੇ 1983 ‘ਚ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਸੀ |

Leave a Reply

Your email address will not be published.