11 ਲੱਖ ‘ਚ ਪਿਆ ਆਨਲਾਈਨ ਮੰਗਵਾਇਆ ਪੀਜ਼ਾ

ਮੁੰਬਈ ਮਹਾਨਗਰਾਂ ’ਚ ਸਾਈਬਰ ਧੋਖਾਧਡ਼ੀ ਲਗਾਤਾਰ ਵੱਧਦੀ ਜਾ ਰਹੀ ਹੈ।

ਅਜਿਹੀ ਹੀ ਇਕ ਉਦਾਹਰਨ ਮੁੰਬਈ ’ਚ ਸਾਹਮਣੇ ਆਈ ਹੈ। ਜਿਥੇ ਇਕ ਬਜ਼ੁਰਗ ਔਰਤ ਨੂੰ ਆਨਲਾਈਨ ਪੀਜ਼ਾ ਆਰਡਰ ਦੀ ਕੀਮਤ 11 ਲੱਖ ਰੁਪਏ ਗੁਆ ਕੇ ਚੁਕਾਉਣੀ ਪਈ। ਸਾਈਬਰ ਦੋਸ਼ੀਆਂ ਨੇ ਬਜ਼ੁਰਗ ਔਰਤ ਨਾਲ ਧੋਖਾਧਡ਼ੀ ਕਰਕੇ 11 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰ ਲਈ। ਧੋਖਾਧਡ਼ੀ ਦੀ ਇਹ ਘਟਨਾ ਉਸ ਸਮੇਂ ਹੋਈ ਜਦੋਂ ਬਜ਼ੁਰਗ ਔਰਤ ਪੀਜ਼ਾ ਅਤੇ ਸੁੱਕੇ ਮੇਵੇ ਦਾ ਆਨਲਾਈਨ ਆਰਡਰ ਕਰਨ ਦੌਰਾਨ ਗੁਆਏ ਪੈਸਿਆਂ ਨੂੰ ਵਾਪਸ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਮੁੰਬਈ ਪੁਲਿਸ ਦੇ ਅਧਿਕਾਰੀਆਂ ਅਨੁਸਾਰ, ਸਾਈਬਰ ਕ੍ਰਾਈਮ ਦਾ ਪਤਾ ਉਦੋਂ ਲੱਗਾ ਜਦੋਂ ਔਰਤ ਨੇ ਬੀਕੇਸੀ ਥਾਣੇ ’ਚ ਸੰਪਰਕ ਕਰਕੇ ਪੁਲਿਸ ਨੂੰ ਇਸਦੀ ਸ਼ਿਕਾਇਤ ਦਿੱਤੀ।

ਬਜ਼ੁਰਗ ਔਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਆਈਪੀਸੀ ਦੀ ਧਾਰਾ 420 ਅਤੇ ਆਈਟੀ ਐਕਟ ਦੀਆਂ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਮੁਤਾਬਕ ਅੰਧੇਰੀ ਦੀ ਰਹਿਣ ਵਾਲੀ ਔਰਤ ਨੇ ਪਿਛਲੇ ਸਾਲ ਜੁਲਾਈ 2020 ‘ਚ ਪੀਜ਼ਾ ਆਰਡਰ ਕੀਤਾ ਸੀ। ਫੋਨ ਰਾਹੀਂ ਭੁਗਤਾਨ ਕਰਨ ਦੌਰਾਨ ਉਸ ਦੇ 9999 ਰੁਪਏ ਗਾਇਬ ਹੋ ਗਏ।ਇਸੇ ਤਰ੍ਹਾਂ 29 ਅਕਤੂਬਰ ਨੂੰ ਸ਼ਿਕਾਇਤਕਰਤਾ ਦੇ ਖਾਤੇ ਵਿੱਚੋਂ 1496 ਰੁਪਏ ਸੁੱਕੇ ਮੇਵੇ ਮੰਗਵਾਉਣ ਸਮੇਂ ਗਾਇਬ ਹੋ ਗਏ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ, ਗੁਆਚੀ ਹੋਈ ਰਕਮ ਨੂੰ ਵਾਪਸ ਕਰਨ ਲਈ, ਔਰਤ ਨੇ ਗੂਗਲ ਸਰਚ ਦੌਰਾਨ ਮਿਲੇ ਇੱਕ ਫੋਨ ਨੰਬਰ ‘ਤੇ ਸੰਪਰਕ ਕੀਤਾ, ਜਿਸ ਨੂੰ ਇੱਕ ਸਾਈਬਰ ਠੱਗ ਦੁਆਰਾ ਫਰਜ਼ੀ ਨੰਬਰ ਵਜੋਂ ਲਗਾਇਆ ਗਿਆ ਸੀ।ਸਾਈਬਰ ਠੱਗ ਨੇ ਉਨ੍ਹਾਂ ਨੂੰ ਫ਼ੋਨ ‘ਤੇ ਪੈਸੇ ਵਾਪਸ ਦਿਵਾਉਣ ਦਾ ਵਾਅਦਾ ਕੀਤਾ।

ਫਿਰ ਉਸਨੇ ਬਜ਼ੁਰਗ ਔਰਤ ਨੂੰ ਆਪਣੇ ਮੋਬਾਈਲ ਫੋਨ ‘ਤੇ ਇੱਕ ਐਪਲੀਕੇਸ਼ਨ ਡਾਊਨਲੋਡ ਕਰਨ ਲਈ ਕਿਹਾ। ਇਸ ਨਾਲ ਉਸ ਨੂੰ ਔਰਤ ਦੇ ਡਿਵਾਈਸ ਤੱਕ ਪਹੁੰਚ ਮਿਲੀ। ਇਸ ਨਾਲ ਸਾਈਬਰ ਅਪਰਾਧੀ ਨੇ ਸ਼ਿਕਾਇਤਕਰਤਾ ਦੇ ਫੋਨ, ਉਸ ਦੇ ਬੈਂਕ ਖਾਤੇ ਦੇ ਵੇਰਵੇ ਅਤੇ ਪਾਸਵਰਡ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਬਾਅਦ ਸਾਈਬਰ ਅਪਰਾਧੀ ਨੇ 14 ਨਵੰਬਰ ਤੋਂ 1 ਦਸੰਬਰ 2021 ਦਰਮਿਆਨ ਔਰਤ ਦੇ ਖਾਤੇ ਤੋਂ 11.78 ਲੱਖ ਰੁਪਏ ਟਰਾਂਸਫਰ ਕੀਤੇ।ਸ਼ਿਕਾਇਤਕਰਤਾ ਨੇ ਇਸ ਬਾਰੇ ਪਤਾ ਲੱਗਣ ‘ਤੇ ਮੁੰਬਈ ਪੁਲਿਸ ਨਾਲ ਸੰਪਰਕ ਕੀਤਾ। ਮੁੰਬਈ ਪੁਲਿਸ ਇਸ ਘਟਨਾ ਬਾਰੇ ਜਾਣ ਕੇ ਹੈਰਾਨ ਰਹਿ ਗਈ। ਪੀੜਤ ਔਰਤ ਤੋਂ ਸਾਰੀ ਜਾਣਕਾਰੀ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੀਨੀਅਰ ਨਾਗਰਿਕਾਂ ਸਮੇਤ ਸਾਰੇ ਲੋਕਾਂ ਨੂੰ ਆਨਲਾਈਨ ਲੈਣ-ਦੇਣ ਦੌਰਾਨ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਕੁਝ ਦਿਨ ਪਹਿਲਾਂ ਗ੍ਰੇਟਰ ਨੋਇਡਾ ‘ਚ ਇਕ ਔਰਤ ਨੂੰ ਸਾਈਬਰ ਠੱਗਾਂ ਨੇ ਇਸੇ ਤਰ੍ਹਾਂ ਦੇ ਝਾਂਸੇ ‘ਚ ਫਸਾ ਕੇ ਉਸ ਦੇ ਖਾਤੇ ‘ਚੋਂ 13 ਲੱਖ ਰੁਪਏ ਕੱਢ ਲਏ ਸਨ।

Leave a Reply

Your email address will not be published. Required fields are marked *