ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਮੁਸਲਿਮ ਵਿਦਿਆਰਥਣਾਂ ਦੀ ਉਸ ਅਰਜ਼ੀ ਉਤੇ ਸੁਣਵਾਈ ਲਈ ਤਿੰਨ ਜੱਜਾਂ ਦੇ ਬੈਂਚ ਦਾ ਗਠਨ ਕਰੇਗਾ ਜਿਸ ‘ਚ ਉਨ੍ਹਾਂ ਕਰਨਾਟਕ ਸਰਕਾਰ ਦੇ ਸਕੂਲਾਂ ਵਿਚ ਹਿਜਾਬ ਪਾ ਕੇ ਪ੍ਰੀਖਿਆਵਾਂ ‘ਚ ਬੈਠਣ ਦੀ ਇਜਾਜ਼ਤ ਮੰਗੀ ਹੈ। ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਪਹਿਲਾਂ ਕਿਹਾ ਸੀ ਕਿ ਇਸ ਮਾਮਲੇ ਉਤੇ ਸੁਣਵਾਈ ਹੋਲੀ ਦੀਆਂ ਛੁੱਟੀਆਂ ਤੋਂ ਬਾਅਦ ਹੋਵੇਗੀ। ਪਰ ਇਕ ਮਹਿਲਾ ਵਕੀਲ ਨੇ ਮੰਗ ਕੀਤੀ ਕਿ ਅਰਜ਼ੀ ਉਤੇ ਤੁਰੰਤ ਸੁਣਵਾਈ ਕੀਤੀ ਜਾਵੇ ਕਿਉਂਕਿ ਅਜਿਹਾ ਨਾ ਹੋਣ ‘ਤੇ ਲੜਕੀਆਂ ਦਾ ਇਕ ਹੋਰ ਸਾਲ ਖ਼ਰਾਬ ਹੋ ਜਾਵੇਗਾ। ਵਕੀਲ ਨੇ ਕਿਹਾ ਕਿ ਪ੍ਰੀਖਿਆਵਾਂ ਸਰਕਾਰੀ ਸਕੂਲਾਂ ਵਿਚ ਹੋ ਰਹੀਆਂ ਹਨ ਜਿੱਥੇ ਹਿਜਾਬ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਵਕੀਲ ਨੇ ਕਿਹਾ ਕਿ ਪ੍ਰੀਖਿਆਵਾਂ ਪੰਜ ਦਿਨਾਂ ਬਾਅਦ ਹੋਣੀਆਂ ਹਨ। ਉਹ ਪਹਿਲਾਂ ਹੀ ਇਕ ਸਾਲ ਗੁਆ ਚੁੱਕੀਆਂ ਹਨ ਤੇ ਇਕ ਹੋਰ ਸਾਲ ਖ਼ਰਾਬ ਹੋ ਸਕਦਾ ਹੈ। -ਪੀਟੀਆਈ