ਪੁਣੇ (ਮਹਾਰਾਸ਼ਟਰ), 29 ਜਨਵਰੀ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਆਖਿਆ ਕਿ ਸ੍ਰੀ ਕ੍ਰਿਸ਼ਨ ਅਤੇ ਹਨੂੰਮਾਨ ਦੁਨੀਆਂ ਦੇ ਸਭ ਤੋਂ ਮਹਾਨ ਕੂਟਨੀਤੀਵਾਨ ਸਨ। ਉਨ੍ਹਾਂ ਨੇ ਅੱਜ ਇਹ ਗੱਲ ਪੁਣੇ ਵਿੱਚ ਆਪਣੀ ਕਿਤਾਬ ”ਦਿ ਇੰਡੀਆ ਵੇਅ” ਦੇ ਮਰਾਠੀ ਅਨੁਵਾਦ ”ਭਾਰਤ ਮਾਰਗ” ਦੇ ਰਿਲੀਜ਼ ਮੌਕੇ ਦਰਸ਼ਕਾਂ ਨਾਲ ਸਵਾਲ-ਜਵਾਬ ਸੈਸ਼ਨ ਦੌਰਾਨ ਆਖੀ।
ਵਿਦੇਸ਼ ਮੰਤਰੀ ਨੇ ਕਿਹਾ, ”ਸ੍ਰੀ ਕ੍ਰਿਸ਼ਨ ਅਤੇ ਹਨੂੰਮਾਨ ਦੁਨੀਆ ਦੇ ਸਭ ਤੋਂ ਮਹਾਨ ਕੂਟਨੀਤਕ ਸਨ। ਮੈਂ ਇਹ ਗੱਲ ਬਹੁਤ ਗੰਭੀਰਤਾ ਨਾਲ ਕਹਿ ਰਿਹਾ ਹਾਂ।” ਉਨ੍ਹਾਂ ਆਖਿਆ ਜੇਕਰ ਕੋਈ ਉਨ੍ਹਾਂ ਨੂੰ ਕੂਟਨੀਤੀ ਦੇ ਨਜ਼ਰੀਏ ਤੋਂ ਦੇਖੇ, ਉਹ ਕਿਹੜੀ ਸਥਿਤੀ ‘ਚ ਸਨ, ਉਨ੍ਹਾਂ ਨੂੰ ਕੀ ਕੰਮ ਦਿੱਤਾ ਗਿਆ ਸੀ, ਉਨ੍ਹਾਂ ਸਥਿਤੀ ਨੂੰ ਕਿਵੇਂ ਸੰਭਾਲਿਆ ਸੀ। ਸ੍ਰੀ ਜੈਸ਼ੰਕਰ ਮੁਤਾਬਕ, ”ਹਨੂੰਮਾਨ ਜੀ, ਆਪਣੇ ਮਿਸ਼ਨ ਤੋਂ ਅੱਗੇ ਗਏ ਸਨ, ਉਨ੍ਹਾਂ ਦੇਵੀ ਸੀਤਾ ਨਾਲ ਸੰਪਰਕ ਕੀਤਾ ਸੀ, ਲੰਕਾ ਸਾੜੀ ਸੀ… ਉਹ ਇੱਕ ਬਹੁ-ਉਦੇਸ਼ੀ ਕੂਟਨੀਤਕ ਸਨ।” ਵਿਦੇਸ਼ ਮੰਤਰੀ ਨੇ ਕਿਹਾ ਕਿ ਅੱਜ ਦੀ ਚਰਚਾ ਵਿੱਚ ਕੌਮਾਂਤਰੀ ਸਬੰਧਾਂ ਨਾਲ ਜੁੜੀਆਂ 10 ਵੱਡੀਆਂ ਕੂਟਨੀਤਕ ਧਾਰਨਾਵਾਂ ਬਾਰੇ ਉਹ ਮਹਾਂਕਾਵਿ ਮਹਾਭਾਰਤ ਵਿੱਚੋਂ ਹਰ ਧਾਰਨਾ ਲਈ ਇੱਕ ਉਦਾਹਰਨ ਦੇ ਸਕਦੇ ਹਨ। ਉਨ੍ਹਾਂ ਆਖਿਆ, ”ਜੇਕਰ ਤੁਸੀਂ ਅੱਜ ਕਹਿੰਦੇ ਹੋ ਕਿ ਇਹ ਇੱਕ ਬਹੁ-ਧਰੁਵੀ ਦੁਨੀਆ ਹੈ ਤਾਂ ਉਸ ਸਮੇਂ ਕੁਰੂਕਸ਼ੇਤਰ (ਮਹਾਭਾਰਤ ਦੀ ਲੜਾਈ ਵਾਲੀ ਥਾਂ) ਵਿੱਚ ਕੀ ਹੋ ਰਿਹਾ ਸੀ। ਉਹ ਬਹੁ-ਧਰੁਵੀ ਭਾਰਤ ਸੀ, ਜਿੱਥੇ ਵੱਖ-ਵੱਖ ਰਾਜ (ਕਿੰਗਡਮ) ਸਨ। ਉਨ੍ਹਾਂ ਨੂੰ ਦੱਸਿਆ ਗਿਆ ਸੀ, ”ਤੁਸੀਂ ਉਨ੍ਹਾਂ ਦੇ ਨਾਲ ਹੋ, ਤੁਸੀਂ ਮੇਰੇ ਨਾਲ ਹੋ”… ਉਨ੍ਹਾਂ ਵਿੱਚੋਂ ਕੁੱਝ ਨਿਰਪੱਖ ਸਨ… ਜਿਵੇਂ ਬਲਰਾਮ ਅਤੇ ਰੁਕਮੀ।” ਉਨ੍ਹਾਂ ਕਿਹਾ ਕਿ ਹੁਣ ਲੋਕ ਕਹਿੰਦੇ ਹਨ ਇਹ ਵਿਸ਼ਵੀਕਰਨ ਹੈ, ਆਪਸੀ ਨਿਰਭਰਤਾ ਹੈ, ਰੁਕਾਵਟ ਹੈ। ਜੈਸ਼ੰਕਰ ਨੇ ਆਖਿਆ, ”ਅਰਜੁਨ ਦੀ ਦੁਚਿੱਤੀ ਕੀ ਸੀ, ਇਹ ਮਜਬੂਰੀ ਸੀ, ਉਹ ਭਾਵਨਾਤਮਕ ਤੌਰ ‘ਤੇ ਅੰਤਰ-ਨਿਰਭਰਤਾ ਦੀ ਸਥਿਤੀ ਵਿੱਚ ਸਨ, ਕਿ ਮੈਂ ਆਪਣੇ ਰਿਸ਼ਤੇਦਾਰਾਂ ਖ਼ਿਲਾਫ਼ ਕਿਵੇਂ ਲੜਾਂ।” ਵਿਦੇਸ਼ ਮੰਤਰੀ ਨੇ ਆਖਿਆ, ”ਕ੍ਰਿਸ਼ਨ ਨੇ ਜਿਵੇਂ ਸ਼ਿਸ਼ੂਪਾਲ ਨੂੰ ਸੰਭਾਲਿਆ ਉਹ ਕੂਟਨੀਤਕ ਸਬਰ ਦੀ ਸਭ ਤੋਂ ਵਧੀਆ ਉਦਾਹਰਨ ਹੈ।” -ਪੀਟੀਆਈ