ਪੰਜਾਬ ਰਾਜਨੀਤੀ ਵਿੱਚ ਮੋਗਾ ਸੀਟ ਕਾਂਗਰਸ ਲਈ ਟੇਢੀ ਖੀਰ ਬਣਦੀ ਜਾ ਰਹੀ ਹੈ।
ਮੁੱਖ ਮੰਤਰੀ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸੋਮਵਾਰ ਸੋਨੂੰ ਸੂਦ ਦੀ ਭੈਣ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਗਿਆ ਹੈ, ਜਿਸ ਨਾਲ ਮਾਲਵਿਕਾ ਸੂਦ ਸੱਚਰ ਦੇ ਮੋਗਾ ਤੋਂ ਪੰਜਾਬ ਵਿਧਾਨ ਸਭਾ 2022 ਵਿੱਚ ਚੋਣ ਲੜਨ ਦੀਆਂ ਕਿਆਸਰਾਈਆਂ ਹਨ, ਜਿਸ ਨੂੰ ਲੈ ਕੇ ਕਾਂਗਰਸ ਦੇ ਮੌਜੂਦਾ ਵਿਧਾਇਕ ਹਰਜੋਤ ਕਮਲ ਨੇ ਬਾਗ਼ੀ ਸੁਰ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਮਾਲਵਿਕਾ ਸੂਦ ਦੇ ਕਾਂਗਰਸ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਹਰਜੋਤ ਕਮਲ ਨੇ ਆਪਣੇ ਸਮਰਥਕਾਂ ਦਾ ਇਕੱਠ ਕਰਕੇ ਇੱਕ ਲਾਈਵ ਕਾਨਫਰੰਸ ਕੀਤੀ, ਜਿਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਉਹ ਮੋਗਾ ਤੋਂ ਹਰ ਹਾਲ ਵਿੱਚ ਚੋਣ ਲੜਨਗੇ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਭਾਵੇਂ ਕੋਈ ਵੀ ਸ਼ਾਮਲ ਹੋ ਜਾਵੇ, ਪਰ ਮੋਗਾ ਤੋਂ ਉਹ ਹੀ ਕਾਂਗਰਸ ਵੱਲੋਂ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦਾ ਪੁਰਾਣਾ ਅਤੇ ਤਜ਼ਰਬੇਕਾਰ ਵਰਕਰ ਹਾਂ।