ਚੰਡੀਗੜ੍ਹ / ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਅੱਜ ਚੰਡੀਗੜ੍ਹ ਵਿਖੇ ਐਲਾਨ ਕੀਤਾ ਗਿਆ ਕਿ ਉਹ ਕੱਲ੍ਹ 18 ਅਗਸਤ ਤੋਂ ਹਲਕਾ ਜ਼ੀਰਾ ਤੋਂ ਸ਼ੁਰੂ ਕਰਕੇ 100 ਵਿਧਾਨ ਸਭਾ ਖੇਤਰਾਂ ‘ਚ 100 ਦਿਨ ਦੀ ਯਾਤਰਾ ਸ਼ੁਰੂ ਕਰਨਗੇ, ਜਿਸ ਦੌਰਾਨ ਉਹ ਕਿਸਾਨਾਂ ਸਮੇਤ ਹਰ ਵਰਗ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨਗੇ, ਇਸ ਦੇ ਇਲਾਵਾ ਉਨ੍ਹਾਂ ਅੱਜ ਮੌਜੂਦਾ ਕਾਂਗਰਸ ਸਰਕਾਰ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ 132 ਪੰਨਿਆਂ ਦੀ ਚਾਰਜਸ਼ੀਟ ਵੀ ਜਾਰੀ ਕੀਤੀ |
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਸਾਢੇ ਚਾਰ ਸਾਲ ਦੌਰਾਨ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਕੀਤਾ ਇੱਕ ਵੀ ਕੰਮ ਦੱਸਣ | ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੌਰਾਨ ਭਿ੍ਸ਼ਟਾਚਾਰ ਸਿਖ਼ਰਾਂ ‘ਤੇ ਰਿਹਾ ਅਤੇ ਸੂਬੇ ‘ਚ ਅਕਾਲੀ-ਬਸਪਾ ਸਰਕਾਰ ਆਉਣ ‘ਤੇ ਕਾਂਗਰਸ ਦੇ ਭਿ੍ਸ਼ਟ ਮੰਤਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜ ਮੰਤਰੀਆਂ ਦੇ ਘੁਟਾਲਿਆਂ ਦੇ ਨਾਲ ਉਨ੍ਹਾਂ ਦੇ ਨਾਂਅ ਜਨਤਕ ਕਰਨ | ਉਨ੍ਹਾਂ ਕਿਹਾ ਕਿ ਪਹਿਲਾ ਕੈਪਟਨ ਅਤੇ ਹੁਣ ਨਵਜੋਤ ਸਿੰਘ ਸਿੱਧੂ ਸੂਬੇ ਵਿਚਲੇ ਹਰ ਤਰ੍ਹਾਂ ਦੇ ਮਾਫ਼ੀਆ ਦਾ ਲੀਡਰ ਬਣ ਗਿਆ ਹੈ | ਇਸ ਮੌਕੇ ਉਨ੍ਹਾਂ ਪੰਜਾਬੀਆਂ ਲਈ ਵੈੱਬਸਾਈਟ ਅਤੇ ਮਿਸਡ ਕਾਲ ਨੰਬਰ ਸਰਵਿਸ ਨਾਲ ‘ਗੱਲ ਪੰਜਾਬ ਦੀ’ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ |
ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ 100 ਦਿਨਾਂ ‘ਚ 100 ਹਲਕਿਆਂ ਦੀ ਯਾਤਰਾ ਕਰਨਗੇ ਤੇ ਭਿ੍ਸ਼ਟ ਤੇ ਘੁਟਾਲਿਆਂ ਵਾਲੀ ਕਾਂਗਰਸ ਸਰਕਾਰ ਨੂੰ ਬੇਨਕਾਬ ਕਰਨਗੇ | ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ 100 ਦਿਨਾਂ ਦੀ ਆਪਣੀ ਯਾਤਰਾ ਦੌਰਾਨ 700 ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ ਅਤੇ ਸਮਾਜ ਦੇ ਹਰ ਵਰਗ ਦੀਆਂ ਮੁਸ਼ਕਲਾਂ ਸੁਣਨਗੇ ਤੇ ਸੂਬੇ ਦੇ ਹਰ ਪਿੰਡ ਤੇ ਹਰ ਵਾਰਡ ਵਿਚ ਅਕਾਲੀ ਵਰਕਰਾਂ ਨਾਲ ਰਾਬਤਾ ਕਾਇਮ ਕਰਨਗੇ | ਉਨ੍ਹਾਂ ਇਸ ਮੌਕੇ ਵੈਬਸਾਈਟ .74. ਅਤੇ 96878-96878 ਨੰਬਰ ਵੀ ਜਾਰੀ ਕੀਤਾ ਜਿਸ ‘ਤੇ ਫੋਨ ਕਰ ਕੇ ਪੰਜਾਬੀ ਪਾਰਟੀ ਦੀ ਮੁਹਿੰਮ ‘ਚ ਵੀ ਸ਼ਾਮਿਲ ਹੋ ਸਕਦੇ ਹਨ ਤੇ ਪਾਰਟੀ ਤੋਂ ਆਸਾਂ ਵੀ ਸਾਂਝੀਆਂ ਕਰ ਸਕਦੇ ਹਨ |
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 6500 ਕਰੋੜ ਰੁਪਏ ਦੇ ਆਬਕਾਰੀ ਘੁਟਾਲੇ, ਪੰਜ ਮੰਤਰੀਆਂ ਵਲੋਂ ਕੀਤੇ ਭਿ੍ਸ਼ਟਾਚਾਰ ਤੇ ਹੋਰ ਮਾਮਲਿਆਂ ਬਾਰੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ | ਉਨ੍ਹਾਂ ਕਿਹਾ ਕਿ ਜਿੱਥੇ ਸਾਧੂ ਸਿੰਘ ਧਰਮਸੋਤ ਐਸ. ਸੀ. ਸਕਾਲਰਸ਼ਿਪ ਘੁਟਾਲੇ ਵਿਚ ਸ਼ਾਮਿਲ ਹੈ, ਸੁਖਜਿੰਦਰ ਸਿੰਘ ਰੰਧਾਵਾ ਬੀਜ ਘੁਟਾਲੇ ਵਿਚ, ਬਲਬੀਰ ਸਿੰਘ ਸਿੱਧੂ ਕੋਰੋਨਾ ਸਮਾਨ ਤੇ ਨਸ਼ਾ ਛੁਡਾਊ ਗੋਲੀਆਂ ਦੀ ਖ਼ਰੀਦ ਦੇ ਘੁਟਾਲੇ ਵਿਚ, ਭਾਰਤ ਭੂਸ਼ਣ ਆਸ਼ੂ ਕਣਕ ਘੁਟਾਲੇ ਵਿਚ ਤੇ ਸੁੰਦਰ ਸ਼ਾਮ ਅਰੋੜਾ ਜੇ.ਸੀ.ਟੀ ਜ਼ਮੀਨ ਘੁਟਾਲੇ ਦੇ ਦੋਸ਼ੀ ਹਨ | ਸ. ਬਾਦਲ ਨੇ ਕਿਹਾ ਕਿ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਦਿੱਲੀ ਮਾਡਲ ਲਾਗੂ ਕਰਨਾ ਚਾਹੁੰਦੇ ਹਨ, ਪਰ ਉਹ ਧੋਖਾ ਦੇਣ ਦੇ ਮਾਹਿਰ ਹਨ |