ਮਾਲਦਾ (ਪੱਛਮੀ ਬੰਗਾਲ), 31 ਜਨਵਰੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਲਾਗੂ ਕਰਨ ਦੇ ਨਾਮ ‘ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਕੇਂਦਰ ‘ਤੇ ਸੂਬਾ ਸਰਕਾਰ ਦਾ ਬਕਾਇਆ ਨਾ ਦੇਣ ਦਾ ਵੀ ਦੋਸ਼ ਲਾਇਆ।
ਇੱਥੇ ਇੱਕ ਸਰਕਾਰੀ ਸਮਾਗਮ ਵਿੱਚ ਮਮਤਾ ਨੇ ਦਾਅਵਾ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਤ੍ਰਿਣਮੂਲ ਕਾਂਗਰਸ ‘ਮਤੁਆ’ ਭਾਈਚਾਰੇ ਨਾਲ ਸਬੰਧਤ ਲੋਕਾਂ ਦਾ ਧਿਆਨ ਰੱਖ ਰਹੇ ਹਨ ਪਰ ਹੁਣ ਭਾਜਪਾ ਵੱਲੋਂ ਸੀਏਏ ਦੇ ਨਾਮ ‘ਤੇ ਇਸ ਭਾਈਚਾਰੇ ਦੇ ਲੋਕਾਂ ਨਾਲ ‘ਦੋਸਤ’ ਵਜੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ”ਸੋਧੇ ਹੋਏ ਨਾਗਰਿਕਤਾ ਕਾਨੂੰਨ ਦੇ ਨਾਮ ‘ਤੇ ਉਹ (ਭਾਜਪਾ ਆਗੂ) ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਅਸੀਂ ਲੰਬੇ ਸਮੇਂ ਤੋਂ ਮਤੁਆ ਭਾਈਚਾਰੇ ਦੇ ਲੋਕਾਂ ਦਾ ਧਿਆਨ ਰੱਖ ਰਹੇ ਹਾਂ ਪਰ ਜਦੋਂ ਚੋਣਾਂ ਨੇੜੇ ਹੁੰਦੀਆਂ ਹਨ ਤਾਂ ਭਾਜਪਾ ਆਗੂ ਉਨ੍ਹਾਂ ਕੋਲ ਜਾਂਦੇ ਹਨ ਅਤੇ ਸੀਏਏ ਦਾ ਜ਼ਿਕਰ ਕਰਕੇ ਉਨ੍ਹਾਂ ਦੇ ਦੋਸਤ ਹੋਣ ਦਾ ਦਾਅਵਾ ਕਰਦੇ ਹਨ।” ਜ਼ਿਕਰਯੋਗ ਹੈ ਕਿ ਮਤੁਆ ਭਾਈਚਾਰਾ ਮੂਲ ਰੂਪ ਵਿੱਚ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਨਾਲ ਸਬੰਧਤ ਹੈ।
ਇਸ ਦੌਰਾਨ ਮਮਤਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਸੂਬਾ ਸਰਕਾਰ ਦੇ ਬਕਾਏ ਦਾ ਭੁਗਤਾਨ ਨਾ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ, “ਤੁਸੀਂ (ਕੇਂਦਰ) ਬੰਗਾਲ ਨੂੰ 1 ਲੱਖ ਕਰੋੜ ਰੁਪਏ ਦੇਣੇ ਹਨ, ਸਾਨੂੰ ਸਾਡਾ ਬਕਾਇਆ ਦਿੱਤਾ ਜਾਵੇ।” ਇਸ ਤੋਂ ਪਹਿਲਾਂ ਮਮਤਾ ਨੇ ਕੇਂਦਰ ‘ਤੇ ਮਗਨਰੇਗਾ ਫੰਡ ਨਾ ਜਾਰੀ ਕਰਨ ਦਾ ਵੀ ਦੋਸ਼ ਲਾਇਆ ਸੀ। -ਪੀਟੀਆਈ