ਅੰਮ੍ਰਿਤਸਰ : ਅੰਮ੍ਰਿਤਸਰ ਚ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦਾ ਸ਼ਰੇਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸੂਰੀ ਗੋਪਾਲ ਮੰਦਰ ਦੇ ਬਾਹਰ ਕੂੜੇ ਵਿੱਚ ਭਗਵਾਨ ਦੀਆਂ ਮੂਰਤੀਆਂ ਮਿਲਣ ਦੇ ਵਿਰੋਧ ਵਿੱਚ ਧਰਨੇ ‘ਤੇ ਬੈਠੇ ਸਨ। ਇਸੇ ਦੌਰਾਨ ਭੀੜ ‘ਚੋਂ ਕਿਸੇ ਨੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ। ਗੋਲੀਆਂ ਦੀ ਆਵਾਜ਼ ਕਰਕੇ ਉਥੇ ਭਾਜੜਾਂ ਪੈ ਗਈਆਂ। ਦਿਨ-ਦਿਹਾੜੇ ਹੋਏ ਇਸ ਕਤਲ ਕਰਕੇ ਇਲਾਕੇ ‘ਚ ਸਨਸਨੀ ਫੈਲ ਗਈ। ਪੁਲਿਸ ਨੇ ਗੋਲੀ ਮਾਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਵਾਸੀ ਕੋਟ ਬਾਬਾ ਦੀਪ ਸਿੰਘ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸੂਰੀ ਨੂੰ .30 ਕੈਲੀਬਰ ਰਿਵਾਲਵਰ ਨਾਲ ਦੋ ਵਾਰ ਗੋਲੀ ਮਾਰੀ ਗਈ ਸੀ। ਉਹ ਆਪਣੇ ਸੁਰੱਖਿਆ ਕਰਮਚਾਰੀਆਂ ਨਾਲ ਗੋਪਾਲ ਮੰਦਰ ਦੇ ਬਾਹਰ ਪਹੁੰਚੇ ਸਨ। ਦੇਵੀ-ਦੇਵਤਿਆਂ ਦੀਆਂ ਟੁੱਟੀਆਂ ਮੂਰਤੀਆਂ ਨੂੰ ਕੁਝ ਲੋਕਾਂ ਨੇ ਮੰਦਰ ਦੇ ਬਾਹਰ ਸੁੱਟ ਦਿੱਤਾ ਸੀ। ਇਸ ਬਾਰੇ ਜਦੋਂ ਸੂਰੀ ਨੂੰ ਪਤਾ ਲੱਗਾ ਤਾਂ ਉਹ ਮੰਦਰ ਦੇ ਬਾਹਰ ਪਹੁੰਚ ਗਏ। ਸੂਰੀ ਨੇ ਉਥੇ ਮੂਰਤੀਆਂ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕਰਵਾਉਣ ਲਈ ਧਰਨਾ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੌਜਵਾਨ ਧਰਨੇ ‘ਚ ਹੀ ਬੈਠਾ ਸੀ, ਜਿਸ ਨੇ ਮੌਕਾ ਮਿਲਦੇ ਹੀ ਸੂਰੀ ‘ਤੇ ਗੋਲੀਆਂ ਚਲਾ ਦਿੱਤੀਆਂ। ਸੀਨੀਅਰ ਪੁਲੀਸ ਅਧਿਕਾਰੀ ਇਸ ਘਟਨਾ ਬਾਰੇ ਮੀਡੀਆ ਤੋਂ ਬੱਚਦੇ ਰਹੇ। ਦੱਸ ਦੇਈਏ ਕਿ ਸੁਧੀਰ ਸੂਰੀ ਨੂੰ ਪਿਛਲੇ ਕਈ ਸਾਲਾਂ ਤੋਂ ਖਾਲਿਸਤਾਨੀ ਅੱਤਵਾਦੀਆਂ ਅਤੇ ਉਨ੍ਹਾਂ ਦੇ ਗੁੰਡਿਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਦੇ ਮੱਦੇਨਜ਼ਰ ਸਰਕਾਰ ਨੇ ਪੰਜਾਬ ਪੁਲਿਸ ਦੇ ਇੱਕ ਦਰਜਨ ਸੁਰੱਖਿਆ ਮੁਲਾਜ਼ਮ ਉਨ੍ਹਾਂ ਦੀ ਸੁਰੱਖਿਆ ਹੇਠ ਤਾਇਨਾਤ ਕੀਤੇ ਹੋਏ ਹਨ। ਹੁਣ ਪਿਛਲੇ ਕੁਝ ਦਿਨਾਂ ਤੋਂ ਹਿੰਦੂ ਨੇਤਾ ਸੁਧੀਰ ਸੂਰੀ ਨੂੰ ਫਿਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਸੁਧੀਰ ਸੂਰੀ ਕਤਲ ਮਾਮਲੇ ਦੀ ਵਿਚ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸੁਧੀਰ ਸੂਰੀ ਕਤਲ ਕਾਂਡ ਦੀ ਜਾਂਚ ਹੁਣ ਚਾਰ ਮੈਂਬਰੀ ਐੱਸਆਈਟੀ ਦੀ ਕਮੇਟੀ ਕਰੇਗੀ, ਜੋ ਅੱਜ ਗਠਿਤ ਕੀਤੀ ਜਾਵੇਗੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕਿਸੇ ਦਾ ਵੀ ਰੋਲ ਆਏਗਾ ਉਸ ਦੀ ਕਾਰਵਾਈ ਕੀਤੀ ਜਾਏਗੀ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਗੋਪਾਲ ਮੰਦਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਮੰਦਿਰ ਦੇ ਬਾਹਰ ਕੂੜਾ ਵਿੱਚ ਮੂਰਤੀਆਂ ਸੁੱਟਣ ਦਾ ਵਿਰੋਧ ਕਰ ਰਹੇ ਸਨ। ਇਸ ਦੌਰਾਨ ਸੰਦੀਪ ਨਾਂ ਦੇ ਵਿਅਕਤੀ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਨੂੰ ਲੈ ਕੇ ਸ਼ਨੀਵਾਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ।