ਕਾਨਪੁਰ (ਯੂਪੀ), 18 ਮਾਰਚ
ਜੇਲ੍ਹ ਵਿੱਚ ਬੰਦ ਸਮਾਜਵਾਦੀ ਪਾਰਟੀ ਦੇ ਵਿਧਾਇਕ ਇਰਫਾਨ ਸੋਲੰਕੀ ਨੇ ਪੁਲੀਸ ਮੁਲਾਜ਼ਮਾਂ ਉੱਤੇ ਉਸ ਨਾਲ ‘ਜਾਨਵਰ’ ਵਰਗਾ ਸਲੂਕ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹੋ ਜਿਹਾ ਵਤੀਰਾ ਝੱਲਣ ਦੀ ਬਜਾਏ ਉਹ ਵਿਧਾਨ ਸਭਾ ਤੋਂ ਅਸਤੀਫ਼ਾ ਦੇਣ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਕਈ ਅਪਰਾਧਿਕ ਮਾਮਲਿਆਂ ਵਿੱਚ ਸੋਲੰਕੀ ਪਿਛਲੇ ਸਾਲ 2 ਦਸੰਬਰ ਤੋਂ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੂੰ ਮਹਾਰਾਜਗੰਜ ਜੇਲ੍ਹ ਤੋਂ ਇੱਥੇ ਸ਼ੁੱਕਰਵਾਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ। ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਪੁਲੀਸ ਮੁਲਾਜ਼ਮਾਂ ਵੱਲੋਂ ਵਿਧਾਇਕ ਨੂੰ ਕਥਿਤ ਤੌਰ ‘ਤੇ ਧੱਕਾ ਮਾਰਿਆ ਗਿਆ। ਇਸ ਦੌਰਾਨ ਵਿਧਾਇਕ ਨੇ ਮੀਡੀਆ ਸਾਹਮਣੇ ਕਿਹਾ ਕਿ ਪੁਲੀਸ ਉਸ ਨਾਲ ਅਕਸਰ ਇਸੇ ਤਰ੍ਹਾਂ ਖਿੱਚ-ਧੂਹ ਕਰਦੀ ਹੈ ਅਤੇ ਉਸ ਨਾਲ ‘ਜਾਨਵਰ’ ਵਾਂਗ ਵਿਵਹਾਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ, ‘ਮੈਂ ਅਸਤੀਫਾ ਦੇਣ ਲਈ ਤਿਆਰ ਹਾਂ ਪਰ ਇਸ ਤਰ੍ਹਾਂ ਦਾ ਵਤੀਰਾ ਮੈਨੂੰ ਬਰਦਾਸ਼ਤ ਨਹੀਂ।’ -ਪੀਟੀਆਈ