ਬੇਲਗਾਵੀ (ਕਰਨਾਟਕ), 29 ਜਨਵਰੀ
ਮੱਧ ਪ੍ਰਦੇਸ਼ ਵਿੱਚ ਮਿਰਾਜ 2000ਤੇ ਸੁਖੋਈ-30ਐੱਮਕੇਆਈ ਜੈੱਟ ਦੀ ਟੱਕਰ ਕਾਰਨ ਹਾਦਸੇ ਵਿੱਚ ਮਾਰੇ ਗਏ ਵਿੰਗ ਕਮਾਂਡਰ ਹਨੂਮੰਤ ਰਾਓ ਸਾਰਥੀ (35) ਦਾ ਅੱਜ ਫੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਦੇ ਮੌਰੇਨਾ ਜ਼ਿਲ੍ਹੇ ਵਿੱਚ ਵਿੱਚ ਸ਼ਨਿੱਚਰਵਾਰ ਨੂੰ ਸਿਖਲਾਈ ਮਿਸ਼ਨ ਦੌਰਾਨ ਲੜਾਕੂੁ ਜਹਾਜ਼ਾਂ ਦੀ ਟੱਕਰ ਦੌਰਾਨ ਮਿਰਾਜ ਸਵਾਰ ਵਿੰਗ ਕਮਾਂਡਰ ਹਨੂਮੰਤ ਰਾਓ ਸਾਰਥੀ ਦੀ ਮੌਤ ਹੋ ਗਈ ਸੀ ਜਦੋੋਂਕਿ ਸੁਖੋਈ ਸਵਾਰ ਦੋ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ ਸਨ।
ਅੱਜ ਤਿਰੰਗੇ ਵਿੱਚ ਲਪੇਟੀ ਪਾਇਲਟ ਹਨੂਮੰਤ ਰਾਓ ਦੀ ਦੇਹ ਹਵਾਈ ਸੈਨਾ ਦੇ ਵਿਸ਼ੇਸ਼ ਰਾਹੀਂ ਅੰਤਿਮ ਰਸਮਾਂ ਲਈ ਮੌਰੇਨਾ ਤੋਂ ਬੇਲਗਾਵੀ ਲਿਆਂਦੀ ਗਈ। ਮ੍ਰਿਤਕ ਦੇਹ ਨੂੰ ਇਥੋਂ ਗਣੇਸ਼ਪੁਰ ਵਿੱਚ ਸਾਰਥੀ ਦੇ ਘਰ ਲਿਜਾਇਆ ਗਿਆ। ਸਾਬਕਾ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਅਤੇ ਕਾਂਗਰਸੀ ਵਿਧਾਇਕ ਲਕਸ਼ਮੀ ਹੈਬਾਲਕਰ ਸਣੇ ਕਈ ਹੋਰ ਲੋਕ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਏ ਤੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ। ਬਾਅਦ ਵਿੱਚ ਹਨੂਮੰਤ ਰਾਓ ਸਾਰਥੀ ਦੀ ਦੇਹ ਦਾ ਪੂਰੇ ਫੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਮੱਧ ਪ੍ਰਦੇਸ਼ ਦੇ ਗਵਾਲੀਵਰ ਵਿੱਚ ਟੀਏਸੀ-ਡੀਈ ਦੇ ਇੰਸਟਰੱਕਟਰ ਹਨੂਮੰਤ ਸਾਰਥੀ ਦੇ ਘਰ ਮਾਤਮ ਛਾਇਆ ਹੋਇਆ ਸੀ ਅਤੇ ਉਸ ਦੇ ਅਚਾਨਕ ਵਿਛੋੜੇ ਤੋਂ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਗਮਗੀਨ ਸਨ। -ਪੀਟੀਆਈ
ਮਿਰਾਜ ਦਾ ਬਲੈਕ ਬਾਕਸ ਤੇ ਸੁਖੋਈ ਦੇ ਫਲਾਈਟ ਡੇਟਾ ਰਿਕਾਰਡਰ ਦਾ ਇਕ ਹਿੱਸਾ ਲੱਭਿਆ
ਮੋਰੈਨਾ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੇ ਮੋਰੈਨਾ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਨੂੰ ਸਿਖਲਾਈ ਮਿਸ਼ਨ ਦੌਰਾਨ ਹਾਦਸਾਗ੍ਰਸਤ ਹੋਏ ਲੜਾਕੂ ਜਹਾਜ਼ ਮਿਰਾਜ 2000 ਦਾ ਬਲੈਕ ਬਾਕਸ ਤੇ ਸੁਖੋਈ-30ਐੱਮਕੇਆਈ ਜੈੱਟ ਦੇ ਫਲਾਈਟ ਡੇਟਾ ਰਿਕਾਰਡਰ ਦਾ ਇਕ ਹਿੱਸਾ ਅੱਜ ਮਲਬੇ ਵਿੱਚੋਂ ਬਰਾਮਦ ਹੋ ਗਿਆ ਹੈ। ਹਾਦਸੇ ਵਿੱਚ ਮਿਰਾਜ ਸਵਾਰ ਵਿੰਗ ਕਮਾਂਡਰ ਹਨੂਮੰਤ ਰਾਓ ਸਾਰਥੀ ਦੀ ਮੌਤ ਹੋ ਗਈ ਸੀ ਜਦੋੋਂਕਿ ਸੁਖੋਈ ਸਵਾਰ ਦੋ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ ਸਨ। ਭਾਰਤੀ ਹਵਾਈ ਸੈਨਾ ਦੀਆਂ ਟੀਮਾਂ ਨੇ ਪਹਾੜਗੰਜ ਦੇ ਜੰਗਲੀ ਇਲਾਕੇ ਵਿੱਚ ਤਲਾਸ਼ੀ ਲਈ ਜਿੱਥੇ ਲੜਾਕੂੁ ਜਹਾਜ਼ਾਂ ਦਾ ਮਲਬਾ ਡਿੱਗਿਆ ਸੀ। ਮੋਰੈਨਾ ਦੇ ਐੱਸਪੀ ਆਸ਼ੂਤੋਸ਼ ਬਾਗੜੀ ਨੇ ਇਸ ਖ਼ਬਰ ਏਜੰਸੀ ਨੂੰ ਫੋਨ ‘ਤੇ ਦੱਸਿਆ, ”ਮਿਰਾਜ ਜਹਾਜ਼ ਦਾ ਬਲੈਕ ਬਾਕਸ ਮੋਰੈਨਾ ਦੇ ਪਹਾੜਗੜ੍ਹ ਖੇਤਰ ਵਿੱਚ ਮਲਬੇ ‘ਚੋਂ ਲੱਭ ਗਿਆ ਹੈ ਅਤੇ ਸੁਖੋਈ ਜਹਾਜ਼ ਦੇ ਫਲਾਈਟ ਡੇਟਾ ਰਿਕਾਰਡਰ ਦਾ ਇਕ ਹਿੱਸਾ ਮਿਲ ਗਿਆ ਹੈ ਜਦੋਂਕਿ ਦੂਜਾ ਹਿੱਸਾ ਭਰਤਪੁਰ ਵਿੱਚ ਕਿਤੇ ਡਿੱਗਿਆ ਹੋ ਸਕਦਾ ਹੈ।” ਦੂੁਜੇ ਪਾਸੇ ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਰੂਸੀ ਡਿਜ਼ਾਈਨ ਵਾਲੇ ਸੁਖੋਈ-30 ਐੱਮਕੇਆਈ ਜੈੱਟ ਤੇ ਫਰਾਂਸ ਦੇ ਬਣੇ ਮਿਰਾਜ 2000 ਦੇ ਸਿਖਲਾਈ ਮਿਸ਼ਨ ਦੌਰਾਨ ਹਵਾ ਵਿੱਚ ਟਕਰਾਉਣ ਦੀ ਸੰਭਾਵਨਾ ਹੈ। -ਪੀਟੀਆਈ