ਨਵੀਂ ਦਿੱਲੀ : ਮੌਜੂਦਾ ਚੈਂਪੀਅਨ ਨਿਕਹਤ ਜ਼ਰੀਨ (50 ਕਿੱਲੋਗ੍ਰਾਮ) ਤੇ ਨੀਤੂ ਘਣਘਸ (48 ਕਿੱਲੋਗ੍ਰਾਮ) ਨੇ ਵੀਰਵਾਰ ਨੂੰ ਆਪੋ-ਆਪਣੇ ਮੁਕਾਬਲਿਆਂ ਵਿਚ ਸ਼ਾਨਦਾਰ ਜਿੱਤ ਨਾਲ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਨਿਕਹਤ ਨੇ ਜਿੱਥੇ ਰੀਓ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਕੋਲੰਬੀਆ ਦੀ ਇੰਗਿ੍ਟ ਵਾਲੇਂਸੀਆ ਨੂੰ 5-0 ਨਾਲ ਮਾਤ ਦਿੱਤੀ ਤਾਂ ਉਥੇ ਨੀਤੂ ਨੇ ਕਜ਼ਾਕਿਸਤਾਨ ਦੀ ਅਲੁਆ ਬਾਲਕੀਬੇਕੋਵਾ ‘ਤੇ 5-2 ਨਾਲ ਜਿੱਤ ਹਾਸਲ ਕੀਤੀ। ਨਿਕਹਤ ਨੇ ਆਪਣੀ ਫੁਰਤੀ ਤੇ ਰਣਨੀਤਕ ਸਮਰੱਥਾ ਨਾਲ ਵਾਲੇਂਸੀਆ ਨੂੰ ਹਰਾਇਆ ਤੇ ਆਪਣੇ ਖ਼ਿਤਾਬ ਦੇ ਬਚਾਅ ਵੱਲ ਕਦਮ ਵਧਾਉਣਾ ਜਾਰੀ ਰੱਖਿਆ। ਇਸ ਤੋਂ ਪਹਿਲਾਂ ਨੀਤੂ ਤੇ ਬਾਲਕੀਬੇਕੋਵਾ ਵਿਚਾਲੇ ਮੁਕਾਬਲਾ ਪਿਛਲੇ ਸਾਲ ਦੇ ਕੁਆਰਟਰ ਫਾਈਨਲ ਵਰਗਾ ਹੀ ਸੀ। ਇਸ ਵਿਚ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਨੀਤੂ ਤੇ ਬਾਲਕੀਬੇਕੋਵਾ ਨੇ ਪਹਿਲੇ ਗੇੜ ਵਿਚ ਇਕ ਦੂਜੇ ‘ਤੇ ਲਗਾਤਾਰ ਮੁੱਕੇ ਜੜੇ। ਹਾਲਾਂਕਿ ਕਜ਼ਾਕਿਸਤਾਨ ਦੀ ਮੁੱਕੇਬਾਜ਼ ਜ਼ਿਆਦਾ ਹਾਵੀ ਰਹੀ ਜਿਸ ਨਾਲ ਪਹਿਲਾ ਗੇੜ 3-2 ਨਾਲ ਉਨ੍ਹਾਂ ਦੇ ਨਾਂ ਰਿਹਾ। ਦੂਜੇ ਗੇੜ ਵਿਚ ਹਾਲਾਂਕਿ ਨੀਤੂ ਨੇ ਮਜ਼ਬੂਤ ਵਾਪਸੀ ਕਰਦੇ ਹੋਏ ਦਮਦਾਰ ‘ਹੁਕਸ’ ਤੇ ‘ਜੈਬਜ਼’ ਜੜੇ। ਦੋਵੇਂ ਮੁੱਕੇਬਾਜ਼ ਇਕ ਦੂਜੇ ਨੂੰ ਜਕੜਨ ਦੀ ਕੋਸ਼ਿਸ਼ ਕਰਦੀਆਂ ਰਹੀਆਂ ਪਰ ਨੀਤੂ ਇਸ ਗੇੜ ਨੂੰ ਆਪਣੇ ਨਾਂ ਕਰਨ ਵਿਚ ਕਾਮਯਾਬ ਰਹੀ। ਅਗਲੇ ਤਿੰਨ ਮਿੰਟ ਕਾਫੀ ਤਣਾਅਪੂਰਨ ਰਹੇ ਜਿਸ ਵਿਚ ਨੀਤੂ ਨੇ ਬਾਲਕੀਬੇਕੋਵਾ ਤੋਂ ਬਿਹਤਰ ਪ੍ਰਦਸ਼ਨ ਕੀਤਾ ਜਿਸ ਨਾਲ ਮੁਕਾਬਲੇ ਦਾ ਰਿਵਿਊ ਕੀਤਾ ਗਿਆ ਤੇ ਉਨ੍ਹਾਂ ਨੂੰ ਜੇਤੂ ਐਲਾਨ ਦਿੱਤਾ ਗਿਆ।