ਲੁਧਿਆਣਾ / ਲੁਧਿਆਣਾ ਦੇ ਅਦਾਲਤੀ ਕੰਪਲੈਕਸ ਦੀ ਤੀਜੀ ਮੰਜ਼ਿਲ ਵਿੱਚ ਅੱਜ ਦੁਪਹਿਰ ਵੇਲੇ ਬਾਥਰੂਮ ਵਿੱਚ ਬੰਬ ਧਮਾਕਾ ਹੋਇਆ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਵਕੀਲ ਸਣੇ 5 ਲੋਕ ਫੱਟੜ ਹੋ ਗਏ ਹਨ।
ਇਸੇ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇਸ ਘਟਨਾ ਦੀ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਇਸੇ ਦੌਰਾਨ ਕੇਂਦਰ ਸਰਕਾਰ ਨੇ ਵੀ ਪੰਜਾਬ ਸਰਕਾਰ ਤੋਂ ਇਸ ਧਮਾਕੇ ਬਾਰੇ ਰਿਪੋਰਟ ਮੰਗੀ ਹੈ। ਮੌਕੇ ’ਤੇ ਮੁੱਢਲੀ ਪੜਤਾਲ ਵਿੱਚ ਪੁਲੀਸ ਨੂੰ ਖਦਸ਼ਾ ਹੈ ਕਿ ਜੋ ਵਿਅਕਤੀ ਬਾਥਰੂਮ ਦੇ ਅੰਦਰ ਬੰਬ ਲਗਾ ਰਿਹਾ ਸੀ ਤਾਂ ਉਸ ਸਮੇਂ ਬੰਬ ਫੱਟ ਗਿਆ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀਆਂ ਲੱਤਾਂ ਉਡ ਗਈਆਂ। ਘਟਨਾ ਤੋਂ ਬਾਅਦ ਮੌਕੇ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪੰਜਾਬ ਪੁਲੀਸ ਮੁਖੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਫੱਟੜਾਂ ਦਾ ਹਾਲ ਵੀ ਪੁੱਛਿਆ। ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਅਦਾਲਤ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲੀਸ ਇਸ ਬੰਬ ਧਮਾਕੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਮੌਕੇ ’ਤੇ ਐੱਨਆਈਏ ਦੀ ਟੀਮ ਵੀ ਜਾਂਚ ਲਈ ਪੁੱਜ ਰਹੀ ਹੈ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਹਾਲੇ ਮ੍ਰਿਤਕ ਦੀ ਤਾਂ ਪਛਾਣ ਨਹੀਂ ਹੋ ਸਕੀ ਹੈ ਪਰ ਫੱਟੜਾਂ ਵਿੱਚ ਸੰਦੀਪ ਕੌਰ, ਸ਼ਰਨਜੀਤ ਕੌਰ, ਮਨੀਸ਼ ਕੁਮਾਰ, ਵਕੀਲ ਕੁਲਦੀਪ ਸਿੰਘ ਮੰਡ ਤੇ ਕ੍ਰਿਸ਼ਨ ਖੰਨਾ ਸ਼ਾਮਲ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਕਾਂਗਰਸੀ ਆਗੂ ਰਵਨੀਤ ਬਿੱਟੂ ਨੇ ਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿੱਚ ਹੋਏ ਧਮਾਕੇ ਦੀ ਨਿੰਦਾ ਕੀਤੀ ਹੈ। ਇਸੇ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਦੇਸ਼ ਵਿਰੋਧੀ ਅਨਸਰਾਂ ਨੇ ਅਤਿਵਾਦੀ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੀ ਨਿੰਦਾ ਕਰਦਿਆਂ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਜ਼ਖ਼ਮੀ ਲੋਕਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਲੁਧਿਆਣਾ ਧਮਾਕੇ ਤੋਂ ਬਾਅਦ ਪੰਜਾਬ ਹਾਈ ਅਲਰਟ ’ਤੇ ਹੈ, ਜਿਸ ਦੇ ਮੱਦੇਨਜ਼ਰ ਜਲੰਧਰ ਰੇਲਵੇ ਸਟੇਸ਼ਨ ’ਤੇ ਪੁਲਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ। ਹਰ ਇਕ ਯਾਤਰੀ ਦੀ ਚੈਕਿੰਗ ਸਖ਼ਤੀ ਨਾਲ ਕੀਤੀ ਜਾ ਰਹੀ ਹੈ। ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਟਰੇਨਾਂ ਜ਼ਿਆਦਾਤਰ ਰੱਦ ਹੋਣ ਕਾਰਨ ਭੀੜ ਘੱਟ ਹੈ। ਦੱਸ ਦੇਈਏ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਧਰਨਾ ਦਿੱਤਾ ਗਿਆ, ਜਿਸ ਕਾਰਨ ਟਰੇਨਾਂ ਰੱਦ ਕੀਤੀਆਂ ਗਈਆਂ ਹਨ। ਇਸ ਕਾਰਨ ਜਲੰਧਰ ਰੇਲਵੇ ਸਟੇਸ਼ਨ ’ਤੇ ਵੀ ਭੀੜ ਘੱਟ ਦਿਖਾਈ ਦਿੱਤੀ ਪਰ ਦੂਸਰੇ ਪਾਸੇ ਬੱਸ ਅੱਡੇ ’ਤੇ ਸਵਾਰੀਆਂ ਦਾ ਜ਼ੋਰ ਦੇਖਣ ਨੂੰ ਮਿਿਲਆ। ਜਲੰਧਰ ਬੱਸ ਸਟੈਂਡ ’ਤੇ ਪਹੁੰਚ ਰਹੀਆਂ ਸਵਾਰੀਆਂ ਦੀ ਨਾ ਤਾਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਾ ਹੀ ਬੈਗ ਖੰਗਾਲੇ ਜਾ ਰਹੇ ਹਨ। ਬੱਸ ਸਟੈਂਡ ’ਤੇ ਸਿਰਫ ਇਕ ਹੀ ਮੁਲਾਜ਼ਮ ਡਿਊਟੀ ਦਿੰਦਾ ਦਿਖਾਈ ਦਿੱਤਾ। ਬੱਸ ਸਟੈਂਡ ‘ਤੇ ਡਿਊਟੀ ‘ਚ ਕੋਤਾਹੀ ਵੱਡੇ ਸਵਾਲ ਖੜ੍ਹੇ ਕਰਦੀ ਹੈ ਕਿਉਂਕਿ ਲੁਧਿਆਣਾ ਜਲੰਧਰ ਦਾ ਨਜ਼ਦੀਕੀ ਜ਼ਿਲ੍ਹਾ ਹੈ। ਜਿਵੇਂ ਮੁੱਢਲੀ ਜਾਂਚ ’ਚ ਲੁਧਿਆਣਾ ਧਮਾਕੇ ਨੂੰ ਆਤਮਘਾਤੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਜੇਕਰ ਅਜਿਹਾ ਸੱਚ ਹੁੰਦਾ ਹੈ ਤਾਂ ਏਜੰਸੀਆਂ ਲਈ ਮੁਸ਼ਕਿਲ ਹੋਰ ਵਧ ਸਕਦੀ ਹੈ। ਅਜਿਹੀ ਹਾਲਤ ’ਚ ਭੀੜ ਵਾਲੀਆਂ ਥਾਵਾਂ ’ਤੇ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਵੀ ਵਧਾਉਣੀ ਚਾਹੀਦੀ ਹੈ।