ਨਵੀਂ ਦਿੱਲੀ, 27 ਜਨਵਰੀ
ਸੁਪਰੀਮ ਕੋਰਟ ਨੇ ਸਾਬਕਾ ਅਟਾਰਨੀ ਜਨਰਲ ਤੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਖਿਲਾਫ਼ ਇਕ ਸੋੋਸ਼ਲ ਮੀਡੀਆ ਪੋਸਟ ਵਿੱਚ ਆਈਪੀਐੱਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਵੱਲੋਂ ਕੀਤੀਆਂ ‘ਬੜਬੋਲੀਆਂ’ ਟਿੱਪਣੀਆਂ ਲਈ ਕਾਰਵਾਈ ਦੀ ਮੰਗ ਕਰਦੀ ਅਪੀਲ ‘ਤੇ ਕੋਈ ਹੁਕਮ ਦੇਣ ਤੋਂ ਨਾਂਹ ਕਰ ਦਿੱਤਾ ਹੈ।
ਜਸਟਿਸ ਸੰਜੀਵ ਖੰਨਾ ਤੇ ਜਸਟਿਸ ਐੱਮ.ਐੱਮ.ਸੁੰਦਰੇਸ਼ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ ਕਿ ਦੋਵੇਂ ਧਿਰਾਂ ਇੰਨੀਆਂ ਕੁ ਪ੍ਰੌੜ ਹਨ ਕਿ ਉਹ ਅਜਿਹੇ ਬਿਆਨ ਨਾ ਦੇਣ। ਬੈਂਚ ਨੇ ਸਬੰਧਤ ਵਕੀਲਾਂ ਨੂੰ ਕਿਹਾ ਕਿ ਉਹ ਆਪਸ ਵਿੱਚ ਮਸਲੇ ਨੂੰ ਸੁਲਝਾ ਲੈਣ। ਬੈਂਚ ਨੇ ਜ਼ੁਬਾਨੀ ਕਲਾਮੀ ਕਿਹਾ, ”ਇਹ ਹੋਰ ਕੁਝ ਨਹੀਂ ਬਲਕਿ ਇਕ ਪਰਿਵਾਰਕ ਮੈਂਬਰ ਦੀ ਬੁਖਲਾਹਟ ਹੈ। ਇਸ ਨੂੰ ਬਹੁਤਾ ਨਾ ਖਿੱਚੋ। ਜਦੋਂ ਤੁਸੀਂ ਆਪਣੀ ਲੜਾਈ ਨੂੰ ਲੋਕਾਂ ‘ਚ ਲਿਆਉਣਾ ਸ਼ੁਰੂ ਕਰ ਦਿੰਦੇ ਹੋ, ਇਹ ਹਮੇਸ਼ਾ ਨੁਕਸਾਨਦਾਇਕ ਹੁੰਦੀ ਹੈ…ਅਸੀਂ ਕੋਈ ਹੁਕਮ ਪਾਸ ਨਹੀਂ ਕਰ ਰਹੇ, ਪਰ ਤੁਸੀਂ ਆਪਣੇ ਦਫ਼ਤਰ ਦੀ ਵਰਤੋਂ ਕਰਦਿਆਂ ਦੋਵਾਂ ਧਿਰਾਂ ਲਈ ਕਾਰਗਰ ਉਪਰਾਲੇ ਯਕੀਨੀ ਬਣਾਓ।” ਸੁਪਰੀਮ ਕੋਰਟ ਨੇ ਪਿਛਲੇ ਸਾਲ ਪਹਿਲੀ ਅਗਸਤ ਨੂੰ ਸਿਖਰਲੀ ਕੋਰਟ ਦੇ ਸਾਬਕਾ ਜੱਜ ਆਰ.ਵੀ.ਰਵੀਂਦਰਨ ਨੂੰ, ਸਾਬਕਾ ਆਈਪੀਐੱਲ ਕਮਿਸ਼ਨਰ ਲਲਿਤ ਮੋਦੀ ਤੇ ਉਨ੍ਹਾਂ ਦੀ ਮਾਂ ਬੀਨਾ ਮੋਦੀ ਵਿਚਾਲੇ ਪਰਿਵਾਰਕ ਸੰਪਤੀ ਨਾਲ ਜੁੜੇ ਝਗੜੇ ਨੂੰ ਸੁਲਝਾਉਣ ਲਈ, ਸਾਲਸ ਨਿਯੁਕਤ ਕੀਤਾ ਸੀ। ਇਸ ਕੇਸ ਵਿੱਚ ਬੀਨਾ ਮੋਦੀ ਵੱਲੋਂ ਰੋਹਤਗੀ ਵਕੀਲ ਸਨ। -ਪੀਟੀਆਈ