ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਨੂੰ ਬਚਾਉਣ ਵਾਸਤੇ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਮਹਾਨ ਸ਼ਹੀਦ ਬਾਬਾ ਬੀਰ ਸਿੰਘ ਜੀ ਦਾ ਸ਼ਹੀਦੀ ਦਿਵਸ 10 ਮਈ 2023 (27 ਵੈਸਾਖ) ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮਨਾਇਆ ਜਾ ਰਿਹਾ ਹੈ। ਸ਼ੇਰ-ਏ-ਪੰਜਾਬ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ’ਚ ਪੈਦਾ ਹੋਈ ਆਪਸੀ ਖਿੱਚ-ਧੂਹ ਦਾ ਲਾਹਾ ਲੈਣ ਦੀ ਤਾਕ ਵਿਚ ਦਰਿਆ ਸਤਲੁਜ ਦੇ ਪਾਰ ਤਕ ਪਹੁੰਚ ਚੁੱਕੇ ਅੰਗਰੇਜ਼ ਹਕੂਮਤ ਦੇ ਅਹਿਲਕਾਰ ਤੇ ਲਾਹੌਰ ਦਰਬਾਰ ਵਿਚ ਬੈਠੇ ਪਿੱਠੂਆਂ ਦੀਆਂ ਸਾਜ਼ਿਸ਼ਾਂ ਤੇਜ਼ ਹੋ ਗਈਆਂ ਸਨ। ਧਿਆਨ ਸਿੰਘ ਡੋਗਰਾ ਤੇ ਵਜ਼ੀਰ ਹੀਰਾ ਸਿੰਘ ਡੋਗਰਾ ਅਤੇ ਦੂਸਰੇ ਪਾਸੇ ਸੰਧਾਵਾਲੀਏ ਸਰਦਾਰ ਦੀ ਆਪਸੀ ਲੜਾਈ ਤੇਜ਼ ਹੋ ਗਈ। ਸੰਤ ਬਾਬਾ ਬੀਰ ਸਿੰਘ ਜਿਨ੍ਹਾਂ ਦਾ ਸਿੱਖ ਰਾਜ ਵਿਚ ਰਾਜ ਪ੍ਰੋਹਿਤ ਵਾਲਾ ਦਰਜਾ ਸੀ, ਨੇ ਸੁਲ੍ਹਾ- ਸਫ਼ਾਈ ਵਾਸਤੇ ਅਨੇਕ ਕੋਸ਼ਿਸ਼ਾਂ ਕੀਤੀਆਂ ਪਰ ਡੋਗਰਿਆਂ ਨੇ ਅੜੀ ਨਹੀਂ ਛੱਡੀ। ਬਾਬਾ ਬੀਰ ਸਿੰਘ ਕੋਲ ਸ਼ਰਨ ਲੈਣ ਲਈ ਆਏ ਸਰਦਾਰ ਅਤਰ ਸਿੰਘ ਅਤੇ ਹੋਰ ਸੰਧਾਵਾਲੀਏ ਸਰਦਾਰਾਂ ਨੂੰ ਫੜਨ ਲਈ ਲਾਹੌਰ ਦਰਬਾਰ ਦੀਆਂ ਫ਼ੌਜਾਂ ਨੇ ਹਮਲਾ ਕਰ ਦਿੱਤਾ। ਬਾਬਾ ਜੀ ਦੀ ਸ਼ਾਂਤਮਈ ਸ਼ਹਾਦਤ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਨੂੰ ਹੋਰ ਬੁਲੰਦੀਆਂ ਤਕ ਲੈ ਗਈ। ਉਨ੍ਹਾਂ ਨੇ ਸਿੱਖ ਰਾਜ ਵਿਚ ਕਿਰਦਾਰ ਕਿਸ ਤਰ੍ਹਾਂ ਦਾ ਹੋਵੇ, ਨਿਭਾ ਕੇ ਦਿਖਾਇਆ। ਉਨ੍ਹਾਂ ਨੇ ਭਰਾ ਮਾਰੂ ਜੰਗ ਟਾਲਣ ਵਾਸਤੇ ਤੜਕਸਾਰ ਆਸਾ ਦੀ ਵਾਰ ਦਾ ਕੀਰਤਨ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਅਤੇ ਸ਼ਰਨ ਆਇਆਂ ਦੀ ਰਾਖੀ ਕਰਨੀ ਤੇ ਭਰਾਵਾਂ ’ਤੇ ਵਾਰ ਨਹੀਂ ਕਰਨਾ ਦਾ ਵਚਨ ਨਿਭਾਇਆ। ਹਾਲਾਂਕਿ ਉਸ ਮੌਕੇ 26 ਹਜ਼ਾਰ ਤੋਂ ਵੱਧ ਸ਼ਸਤਰਬੰਦ ਜੁਝਾਰੂ ਸਿੰਘ ਲੜਨ ਲਈ ਤਿਆਰ ਸਨ। ਉਹ ਸੰਤ ਸਿਪਾਹੀ, ਉੱਚ ਕੋਟੀ ਦੇ ਵਿਦਵਾਨ, ਸੰਸਕਿ੍ਤ, ਫਾਰਸੀ ਅਤੇ ਹੋਰ ਭਾਸ਼ਾਵਾਂ ਵਿਚ ਮੁਹਾਰਤ ਰੱਖਦੇ ਸਨ। ਉਨ੍ਹਾਂ ਵੱਲੋਂ ਲਿਖੇ ਵੈਦਗੀ ਨੁਸਖੇ ਅੱਜ ਵੀ ਵਰਤੇ ਜਾਂਦੇ ਹਨ। ਬਾਬਾ ਬੀਰ ਸਿੰਘ ਤੇ ਉਨ੍ਹਾਂ ਦੇ ਜਾਨਸ਼ੀਨ ਬਾਬਾ ਖੁਦਾ ਸਿੰਘ ਅਤੇ ਬਾਬਾ ਮਹਾਰਾਜ ਸਿੰਘ ਜੀ ਦੇ ਜੀਵਨ ਅਤੇ ਇਤਿਹਾਸ ਬਾਰੇ ਇੱਕੋ-ਇੱਕ ਪੁਰਾਤਨ ਰਚਨਾ ਪੰਡਿਤ ਸ਼ੇਰ ਸਿੰਘ ਦੁਆਰਾ ਰਚਿਤ ਗ੍ਰੰਥ ਸ੍ਰੀ ਬੀਰ ਮਿ੍ਰਗੇਸ ਗੁਰ ਬਿਲਾਸ ਬਹੁਤ ਹੀ ਘੱਟ ਉਪਲਬਧ ਸੀ। ਸੰਤ ਜਗਜੀਤ ਸਿੰਘ ਹਰਖੋਵਾਲ, ਸੰਤ ਆਸ਼ਰਮ ਬਾਬਾ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਨੇ ਮੁੜ ਇਸ ਗ੍ਰੰਥ ਨੂੰ ਪ੍ਰਕਾਸ਼ਿਤ ਕਰਵਾਇਆ ਹੈ। ਸੀਨਾ-ਬ- ਸੀਨਾ ਪ੍ਰਚਲਿਤ ਗਾਥਾਵਾਂ ਅਤੇ ਗ੍ਰੰਥ ਸ੍ਰੀ ਬੀਰ ਮਿ੍ਗੇਸ ਗੁਰ ਬਿਲਾਸ ਤੋਂ ਸੇਧ ਲੈ ਕੇ ਕੁਝ ਹੋਰ ਵਿਦਵਾਨਾਂ ਨੇ ਵੀ ਪੁਸਤਕਾਂ ਲਿਖੀਆਂ ਹਨ। ਪ੍ਰੰਤੂ ਸਿੱਖ ਇਤਿਹਾਸ ਵਿਚ ਉਨ੍ਹਾਂ ਦੀ ਦੇਣ ਅਤੇ ਸਾਡੇ ਆਜ਼ਾਦੀ ਸੰਗਰਾਮ ਉੱਪਰ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੀ ਕੁਰਬਾਨੀ ਦੀ ਭੂਮਿਕਾ ਸਬੰਧੀ ਵੱਡੇ ਖੋਜ ਕਾਰਜ ਕਾਰਨ ਦੀ ਲੋੜ ਹੈ। ਉਨ੍ਹਾਂ ਦੇ ਜਾਨਸ਼ੀਨ ਬਾਬਾ ਖੁਦਾ ਸਿੰਘ ਜੋ 5 ਸਾਲ ਨਜ਼ਰਬੰਦ ਰਹੇ ਅਤੇ ਬਾਬਾ ਮਹਾਰਾਜ ਸਿੰਘ ਜੋ ਹਿੰਦੁਸਤਾਨ ਦੀ ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਵਜਂੋ ਸੰਸਦ ਨੇ ਐਲਾਨਿਆ ਹੈ, ਉਹ ਸਿੰਗਾਪੁਰ ਵਿਖੇ ਜਲਾਵਤਨ ਕੀਤੇ ਗਏ ਸਨ। ਬਾਬਾ ਬੀਰ ਸਿੰਘ ਜੀ ਦਾ ਜਨਮ ਸਾਵਨ ਸੁਦੀ ਤੀਜ 1825 ਬਿਕਰਮੀ ਨੂੰ ਨਗਰ ਗੱਗੋਬੂਆ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੇਵਾ ਸਿੰਘ ਜੀ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੋਂ ਹੋਇਆ ਸੀ। ਉਨ੍ਹਾਂ ਦੇ ਪਿਤਾ ਦੀ ਮੌਤ ਮਗਰੋਂ ਉਹ ਪਿਤਾ ਜੀ ਦੀ ਥਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਫ਼ੌਜ ਵਿਚ ਭਰ ਜਵਾਨੀ ਵਿਚ ਭਰਤੀ ਹੋ ਗਏ। ਪਿਸ਼ਾਵਰ ਵਾਲੇ ਪਾਸੇ ਤਾਰਾ ਨਗਰ ਵਿਚ ਪਠਾਣਾਂ ਨਾਲ ਹੋਈ ਲੜਾਈ ਵਿਚ ਉਹ ਵਿਰੋਧੀ ਫ਼ੌਜ ਦੇ ਘੇਰੇ ਵਿਚ ਆ ਗਏ ਅਤੇ ਉਨ੍ਹਾਂ ਦੀ ਕਿਰਪਾਨ ਟੁੱਟ ਗਈ। ਜਿਸ ਚਮਤਕਾਰੀ ਢੰਗ ਨਾਲ ਉਹ ਦੁਸ਼ਮਣਾਂ ਦੇ ਘੇਰੇ ਵਿੱਚੋਂ ਬਾਹਰ ਨਿਕਲ ਆਏ, ਉਸ ਦਾ ਉਨ੍ਹਾਂ ਦੇ ਜੀਵਨ ਉੱਪਰ ਗਹਿਰਾ ਅਸਰ ਪਿਆ ਅਤੇ ਉਨ੍ਹਾਂ ਨੇ ਫ਼ੌਜ ਦੀ ਨੌਕਰੀ ਛੱਡ ਕੇ ਭਗਤੀ ਮਾਰਗ ਅਪਣਾ ਲਿਆ। ਬਾਬਾ ਬੀਰ ਸਿੰਘ ਨੇ ਪਹਿਲਾਂ ਬਾਬਾ ਭਾਗ ਸਿੰਘ ਕੁਰੀ ਵਾਲਿਆਂ ਕੋਲ ਅਤੇ ਬਾਅਦ ਵਿਚ ਬਾਬਾ ਸਾਹਿਬ ਸਿੰਘ ਬੇਦੀ ਊਨਾ ਵਾਲਿਆਂ ਕੋਲ ਸੇਵਾ ਕੀਤੀ ਜਿਨ੍ਹਾਂ ਦੀ ਪ੍ਰੇਰਨਾ ਨਾਲ ਉਨ੍ਹਾਂ ਨੇ ਨੌਰਗਾਬਾਦ ਵਿਖੇ ਗੁਰੂ ਕਾ ਲੰਗਰ ਚਲਾਇਆ ਜਿਸ ਵਿਚ ਰੋਜ਼ਾਨਾ 750 ਮਣ ਆਟਾ ਅਤੇ 250 ਮਣ ਦਾਲ ਪੱਕਦੀ ਸੀ। ਲਾਹੌਰ ਦਰਬਾਰ ਵਿਚ ਡੋਗਰਿਆਂ ਅਤੇ ਸੰਧਾਵਾਲੀਆ ਦੀ ਆਪਸੀ ਈਰਖਾ ਅਤੇ ਡੋਗਰਿਆਂ ਵੱਲੋਂ ਅੰਗਰੇਜ਼ਾਂ ਨਾਲ ਅੰਦਰਖਾਤੇ ਮਿਲ ਕੇ ਕਸ਼ਮੀਰ ਆਪ ਲੈ ਕੇ, ਪੰਜਾਬ ਅੰਗਰੇਜ਼ਾਂ ਨੂੰ ਦੇਣ ਦੀਆਂ ਕੁਟਲ ਚਾਲਾਂ ਚੱਲੀਆ ਜਾ ਰਹੀਆ ਸਨ। ਵਜ਼ੀਰ ਹੀਰਾ ਸਿੰਘ ਦੀ ਹੁੱਲੜਬਾਜ਼ੀ ਤੋਂ ਤੰਗ ਆ ਕੇ ਸੰਧਾਵਾਲੀਏ ਸਰਦਾਰ ਅਤਰ ਸਿੰਘ, ਅਜੀਤ ਸਿੰਘ, ਕੰਵਰ ਕਸ਼ਮੀਰਾ ਸਿੰਘ, ਪਸ਼ੌਰਾ ਸਿੰਘ, ਜਵਾਹਰ ਸਿੰਘ (ਹਰੀ ਸਿੰਘ ਨਲੂਆ ਦਾ ਪੁੱਤਰ) ਆਦਿ ਬਾਬਾ ਬੀਰ ਸਿੰਘ ਕੋਲ ਸ਼ਰਨ ਲੈਣ ਆ ਗਏ। ਅਤਰ ਸਿੰਘ ਵਗੈਰਾ ਨੂੰ ਲਾਹੌਰ ਦਰਬਾਰ ਦੇ ਹਵਾਲੇ ਕਰਨ ਦੇ ਬਹਾਨੇ ਫ਼ੌਜਾਂ ਨੇ ਬਾਬਾ ਜੀ ਦੇ ਪ੍ਰਚਾਰ ਦੌਰਾਨ ਬਿਆਸ ਦਰਿਆ ਦੇ ਕੰਢੇ ਡੇਰਾ ਪਿੰਡ ਮੁਠਿਆਵਾਲੀ ਵਿਖੇ 26 ਵੈਸਾਖ ਨੂੰ ਘੇਰਾ ਪਾ ਲਿਆ। ਬਾਬਾ ਜੀ ਕੋਲ ਯੋਧਿਆਂ ਅਤੇ ਹਥਿਆਰਾਂ ਦੀ ਕੋਈ ਘਾਟ ਨਹੀਂ ਸੀ। ਉਨ੍ਹਾਂ ਕੋਲ ਘੋੜਸਵਾਰਾਂ ਸਮੇਤ 26 ਹਜ਼ਾਰ ਤਿਆਰ-ਬਰ-ਤਿਆਰ ਸਿੰਘ ਸਨ। ਪ੍ਰੰਤੂ ਬਾਬਾ ਜੀ ਨੇ ਫ਼ੈਸਲਾ ਕੀਤਾ ਕਿ ਸ਼ਰਨ ਆਏ ਦੀ ਰਾਖੀ ਕਰਨੀ ਅਤੇ ਭਰਾਵਾਂ ’ਤੇ ਵਾਰ ਨਹੀਂ ਕਰਨਾ। ਬਾਬਾ ਜੀ ਦੇ ਹੁਕਮਾਂ ਅੁਨਸਾਰ ਦੀਵਾਨ ਸਜਾਇਆ ਗਿਆ। ਸਾਰੀ ਰਾਤ ਭਜਨ-ਬੰਦਗੀ ਹੁੰਦੀ ਰਹੀ ਅਤੇ ਤੜਕਸਾਰ ਹੋਏ ਹਮਲੇ ਵਿਚ ਸਰੀਰ ’ਤੇ ਲੱਗੀਆਂ 18 ਗੋਲ਼ੀਆਂ ਅਤੇ ਤੋਪ ਦੇ ਗੋਲ਼ੇ ਕਾਰਨ ਸ਼ਾਂਤਮਈ ਰਹਿੰਦੇ ਹੋਏ ਸ਼ਹੀਦੀ ਜਾਮ ਪੀਤਾ। ਉਨ੍ਹਾਂ ਦੇ ਸ਼ਹੀਦੀ ਵੇਲੇ ਦੇ ਵਸਤਰ ਅਤੇ ਸਸ਼ਤਰ ਅੱਜ ਵੀ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਪੁਰਾਣਾ ਤਹਿ. ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿਖੇ ਸੰਭਾਲੇ ਹੋਏ ਹਨ। ਸਤਾਈ ਵੈਸਾਖ ਨੂੰ ਸ਼ਹੀਦੀ ਦਿਵਸ ’ਤੇ ਮਨਾਏ ਜਾਂਦੇ ਮੇਲੇ ਵਿਚ ਵਿਸ਼ੇਸ਼ ਤੌਰ ’ਤੇ ਸੰਗਤ ਹੁੰਮ-ਹੁਮਾ ਕੇ ਪਹੁੰਚਦੀ ਹੈ। ਸੰਗਤ ਸ਼ਹੀਦੀ ਮੌਕੇ ਉਨ੍ਹਾਂ ਵੱਲੋਂ ਧਾਰਨ ਕੀਤੇ ਬਸਤਰ ਅਤੇ ਹਥਿਆਰਾਂ ਦੇ ਵੀ ਦਰਸ਼ਨ ਕਰਦੀ ਹੈ। ਗੁਰਦੁਆਰਾ ਦਮਦਮਾ ਸਾਹਿਬ ਵਿਖੇ ਪਿਛਲੇ ਲੰਬੇ ਸਮੇਂ ਤੋਂ ਸੇਵਾ ਸੰਭਾਲ ਰਹੇ ਮਹਾਪੁਰਖ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲੇ 14 ਅਪ੍ਰੈਲ 2022 ਨੂੰ ਵਿਸਾਖੀ ਦੇ ਦਿਹਾੜੇ ’ਤੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸੱਚਖੰਡ ਜਾ ਬਿਰਾਜੇ ਸਨ। ਅੱਜ-ਕੱਲ੍ਹ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਪੁਰਾਣਾ ਦੇ ਇਤਿਹਾਸਕ ਅਸਥਾਨ ਦੀ ਸੇਵਾ ਬਾਬਾ ਹਰਜੀਤ ਸਿੰਘ ਕਰ ਰਹੇ ਹਨ। ਬਾਬਾ ਬੀਰ ਸਿੰਘ ਦੀ ਯਾਦ ਵਿਚ 10 ਮਈ ਨੂੰ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਤੋਂ ਇਲਾਵਾ ਨੌਰੰਗਾਬਾਦ, ਗੱਗੋਬੂਆ, ਮੁਠਿਆਵਾਲੀ, ਰੱਤੋਕੀ, ਸਤਾਬਗੜ੍ਹ ਅਤੇ ਹੋਰ ਸੈਂਕੜੇ ਅਸਥਾਨਾਂ ਉੱਪਰ ਸ਼ਹੀਦੀ ਜੋੜ ਮੇਲੇ ਲੱਗ ਰਹੇ ਹਨ।
-ਬਲਵਿੰਦਰ ਸਿੰਘ ਧਾਲੀਵਾਲ