ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ! ਵੇਦਿਕ ਧਰਮ ਵਿਚ ਇੰਦਰ ਜਲ ਦਾ ਦੇਵਤਾ ਹੈ ਜਿਸ ਨੂੰ ਖ਼ੁਸ਼ ਕਰਨ ਲਈ ਹਜ਼ਾਰਾਂ ਸਲੋਕ ਦਰਜ ਹਨ।
ਇਸਲਾਮ ਨੂੰ ਮੰਨਣ ਵਾਲੇ ਵੀ ਵੀਰਵਾਰ ਨੂੰ ਖੁਆਜਾ ਪੀਰ ਦੀ ਪੂਜਾ ਕਰਦੇ ਹਨ। ਜਾਪਾਨ ਦੇ ਇਕ ਵਿਗਿਆਨੀ ਨੇ ਸਿੱਧ ਕੀਤਾ ਹੈ ਕਿ ਜਲ ਉੱਤੇ ਮਨੁੱਖੀ ਸ਼ਬਦਾਂ ਦਾ ਵੀ ਪ੍ਰਭਾਵ ਪੈਂਦਾ ਹੈ ਜੋ ਇਸ ਨੂੰ ਜੀਵਤ ਸਿੱਧ ਕਰਦਾ ਹੈ।
ਗੁਰਬਾਣੀ ਵਿਚ ਅਨੇਕ ਸ਼ਬਦ ਜਲ ਦੀ ਮਹਿਮਾ, ਲੋੜ ਤੇ ਉਪਯੋਗ ਬਾਰੇ ਅੰਕਿਤ ਹਨ। ਹਜ਼ਾਰਾਂ ਸਾਲ ਪਹਿਲਾਂ ਸਾਡੇ ਰਿਸ਼ੀਆਂ, ਨਬੀਆਂ ਤੇ ਗੁਰੂਆਂ ਨੇ ਪਾਣੀ ਦੀ ਮਹੱਤਤਾ ਦੇਵਤਾ ਰੂਪ ਵਿਚ ਅੰਕਿਤ ਕੀਤੀ ਹੈ। ਜਲ ਤੋਂ ਬਿਨਾਂ ਜੀਵਨ ਸੰਭਵ ਨਹੀਂ।
ਮਨੁੱਖੀ ਜੀਵ ਦਰਅਸਲ ਪੰਜ ਭੌਤਿਕ ਪਦਾਰਥਾਂ ਤੋਂ ਬਣਿਆ ਹੈ ਜਿਸ ਵਿਚ ਜਲ ਹੀ ਪ੍ਰਮੁੱਖ ਹੈ। ਜਲ-ਪਾਣੀ ਪਲੀਤ ਹੋ ਜਾਵੇ ਜਾਂ ਮਨੁੱਖ ਲਈ ਬਹੁਤ ਵੱਡਾ ਖ਼ਤਰਾ ਸਮਝਿਆ ਜਾਂਦਾ ਹੈ।
ਅਜਿਹੀ ਕੁਦਰਤ ਦੀ ਦਾਤ ਨੂੰ ਸੰਭਾਲਣ ਤੇ ਵਰਤੋਂ ਕਰਨ ਲਈ ਸਰਕਾਰਾਂ ਨੂੰ ਨੀਤੀ ਬਣਾਉਣੀ ਚਾਹੀਦੀ ਹੈ। ਸਪਤਸਿੰਧੂ ਤੋਂ ‘ਪੰਜ ਆਬ’ ਬਣੇ ਪੰਜਾਬ ਦੀ ਧਰਤੀ ਪਾਣੀ ਦੀ ਬਹੁਤਾਤ ਕਰ ਕੇ ਹੀ ਉਪਜਾਊ ਰਹੀ ਹੈ ਤੇ ਇੱਥੋਂ ਦੇ ਵਾਸੀ ਵੀ ਮਜ਼ਬੂਤ ਜੁੱਸੇ ਵਾਲੇ ਹੁੰਦੇ ਸਨ ਤੇ ਕੁਝ ਹੱਦ ਤਕ ਅੱਜ ਵੀ ਹਨ।
ਸੱਤ ਦਰਿਆ ਸਿੰਧ, ਸਤਲੁਜ, ਬਿਆਸ, ਰਾਵੀ, ਜੇਹਲਮ, ਝਨਾ ਤੋਂ ਯਮੁਨਾ ਤਕ ਪੰਜਾਬ ਸੀ। ਯਮੁਨਾ ਹਰਿਆਣਾ ਕੋਲ ਰਹਿ ਗਈ। ਫਿਰ ਪੰਜਾਬ ਪੰਜ ਦਰਿਆਵਾਂ ਤਕ ਸੀਮਤ ਹੋ ਗਿਆ ਤੇ ‘ਪੰਜ-ਨਦ’ ਅਖਵਾਇਆ।
ਇਸਲਾਮ ਦੀ ਆਮਦ ਤੋਂ ਪਿੱਛੋਂ ਇਸ ਨੂੰ ‘ਪੰਜ-ਆਬ’ ਕਿਹਾ ਜਾਣ ਲੱਗਾ। ਦੇਸ਼ ਦੀ ਵੰਡ ਵੇਲੇ ਪੰਜਾਬ ਵੰਡਿਆ ਗਿਆ। ਸਤਲੁਜ, ਬਿਆਸ ਤੇ ਅੱਧੀ ਰਾਵੀ ਸ਼ਾਮਲ ਹੈ।
ਰਾਵੀ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਕੁਝ ਹਿੱਸੇ ਛੂਹੰਦੀ ਪਾਕਿਸਤਾਨ ’ਚ ਜਾ ਵੜਦਾ ਹੈ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਵੱਡਾ ਆਗੂ ਪੰਜਾਬ ਦੀ ਧਰਤੀ ਨੂੰ ਨਹੀਂ ਮਿਲਿਆ।
ਅੰਗਰੇਜ਼ਾਂ ਦੀ ਅੱਖ ਤਾਂ ਸਰਕਾਰ ਖ਼ਾਲਸਾ ਦੇ ਖ਼ਜ਼ਾਨੇ ਅਤੇ ਨੌਜਵਾਨੀ ’ਤੇ ਸੀ। ਕੋਹਿਨੂਰ ਮਹਾਰਾਣੀ ਕੋਲ ਪਹੁੰਚ ਗਿਆ। ਗੁਰੂ ਸਾਹਿਬਾਨ ਨਾਲ ਸਬੰਧਤ ਵਸਤਾਂ ਦੀ ਵੀ ਲੁੱਟ ਪੈ ਗਈ ਤੇ ਨੌਜਵਾਨੀ ਦੂਜੇ ਮੁਲਕਾਂ ਨਾਲ ਲੜਨ ਲੋਈ ਤੋਪਾਂ ਲਈ ਬਾਰੂਦ ਬਣ ਗਈ।
ਦਰਿਆਈ ਪਾਣੀਆਂ ਦੀ ਸੰਭਾਲ ਤਾਂ ਅੰਗਰੇਜ਼ਾਂ ਦੇ ਏਜੰਡੇ ’ਤੇ ਨਹੀਂ ਰਹੀ। ਅੰਗਰੇਜ਼ ਆਪਣੇ ਦੇਸ਼ ਵਿਚ ਅੱਜ ਵੀ ਧਰਤੀ ਹੇਠਲਾ ਪਾਣੀ ਨਹੀਂ ਵਰਤਦੇ। ਅਮਰੀਕਾ ਵਾਲੇ ਤਾਂ ਆਪਣਾ ਤੇਲ ਵੀ ਧਰਤੀ ਥੱਲਿਓਂ ਨਹੀਂ ਕੱਢਦੇ ।
ਜੇਕਰ ਮੰਤਵ ਕੇਵਲ ਲੁੱਟ ਹੋਵੇ ਤਾਂ ਤਰੱਕੀ ਬਾਰੇ ਕੌਣ ਸੋਚਦਾ ਹੈ? ਇਸ ਤਰ੍ਹਾਂ ਪੰਜਾਬ ਦੀ ਹਰ ਇੰਚ ਵਾਹੀਯੋਗ ਜ਼ਮੀਨ ਲਈ ਪਾਣੀ ਦਾ ਪ੍ਰਬੰਧ ਕਿਸ ਨੇ ਕਰਨਾ ਸੀ।
ਭਾਖੜਾ ਡੈਮ ਤੋਂ ਬਿਜਲੀ ਪੈਦਾ ਕਰਨ ਬਾਰੇ ਵੀ ਅੰਗਰੇਜ਼ਾਂ ਨੇ ਹੀ ਸੋਚਿਆ ਸੀ ਅਤੇ ਨੀਤੀ ਬਣਾਈ ਸੀ ਜਿਸ ਵਿਚ ਨੰਗਲ ਸਮੇਤ ਜਿੱਥੋਂ ਨਹਿਰ ਨਿਕਲਦੀ ਹੈ, ਪੰਜਾਬ ਨੂੰ ਖੇਤੀ ਲਈ ਪਾਣੀ ਦੀ ਵਿਉਂਤਬੰਦੀ ਕਿਸੇ ਨੇ ਨਹੀਂ ਕੀਤੀ।
ਪੰਜਾਬੀ ਧਰਤੀ ਹੇਠਲਾ ਪਾਣੀ ਡੂੰਘੇ ਟਿਊਬਵੈੱਲਾਂ ਰਾਹੀ ਖ਼ਤਮ ਕਰ ਕੇ ਧਰਤੀ ਨੂੰ ਬਰਾਨ ਕਰਨ ਵੱਲ ਤੁਰੇ ਹੋਏ ਹਨ। ਆਜ਼ਾਦੀ ਤੋਂ ਬਾਅਦ ਵੀ ਪਾਣੀ ਦੀ ਸੰਭਾਲ ਬਾਰੇ ਨੀਤੀ ਅੰਗਰੇਜ਼ਾਂ ਤੋਂ ਕੁਝ ਵੱਖਰੀ ਨਹੀਂ ਰਹੀ।
ਦਰਿਆਈ ਪਾਣੀ ਨਹਿਰਾਂ ਰਾਹੀਂ ਹਰ ਖੇਤ ਤਕ ਪੁੱਜੇ, ਬਰਸਾਤੀ ਪਾਣੀ ਬਰਸਾਤੀ ਨਾਲਿਆਂ ਵਿੱਚੋਂ ਇਕੱਠਾ ਕਰ ਕੇ ਪਹਾੜੀ ਇਲਾਕਿਆਂ ਦੀ ਸਿੰਚਾਈ ਲਈ ਵਰਤਣ ਬਾਰੇ ਅਜੇ ਤਕ ਵਿਉਂਤਬੰਦੀ ਲਈ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ।
ਪਿੰਡਾਂ ਤੇ ਕਸਬਿਆਂ ਦੇ ਛੱਪੜਾਂ ਤੇ ਤਲਾਬਾਂ ਵਿਚ ਜਿੱਥੇ ਬਰਸਾਤੀ ਪਾਣੀ ਇਕੱਠਾ ਹੋ ਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਰੱਖਦਾ ਸੀ, ਬੰਦ ਹੋ ਗਿਆ ਹੈ ਅਤੇ ਵਗਦੇ ਬਰਸਾਤੀ ਨਾਲੇ ਪੂਰ ਕੇ ਵਾਹੀ ਸ਼ੁਰੂ ਕਰ ਦਿੱਤੀ ਗਈ। ਇੰਜ ਕੁਦਰਤੀ ਨਿਜ਼ਾਮ ਵੀ ਤਹਿਸ-ਨਹਿਸ ਕਰ ਦਿੱਤਾ ਗਿਆ ਹੈ।
ਬਰਸਾਤੀ ਪਾਣੀ ਦੀ ਘਰਾਂ ਤੇ ਖੇਤਾਂ ਵਿਚ ਸੰਭਾਲ ਦੀ ਤਕਨੀਕੀ ਜਾਣਕਾਰੀ ਕਿੱਥੋਂ ਮਿਲੇ ਤੇ ਕੌਣ ਦੇਵੇ? ਸਰਕਾਰੀ ਮੁਲਾਜ਼ਮ ਤਾਂ ਸਾਹਿਬ ਹਨ ਜੋ ਕੇਵਲ ਸਰਕਾਰ ਨਾਲ ਸਬੰਧਤ ਪਾਰਟੀ ਦੇ ਆਗੂਆਂ ਕੋਲ ਹੀ ਬਹਾਦੁਰ ਬਣੇ ਖੜੇ੍ਹ ਹੁੰਦੇ ਹਨ।
ਰਾਜਸਥਾਨ ਦੇ ਕਿਸਾਨਾਂ ਨੇ ਪੰਜਾਬ ਤੋਂ ਮਿਲਦੇ ਨਹਿਰੀ ਪਾਣੀ ਤੇ ਬਰਸਾਤੀ ਪਾਣੀ ਦੀ ਸੰਭਾਲ ਤੇ ਜ਼ਖ਼ੀਰਾ ਕਰਨ ਨਾਲ ਆਪਣੀ ਜ਼ਮੀਨ ਨੂੰ ਉਪਜਾਊ ਬਣਾ ਲਿਆ ਹੈ ਜਿੱਥੇ ਕੇਵਲ ਫ਼ਸਲ ਹੀ ਨਹੀਂ, ਫ਼ਲਾਂ ਦੀਆਂ ਵੀ ਉੱਤਮ ਕਿਸਮਾਂ ਦੀ ਪੈਦਾਵਾਰ ਕਿਸਾਨ ਕਰ ਰਹੇ ਹਨ।
ਪੰਜਾਬੀ ਪਿਛਲੇ ਕਰੀਬ 75 ਸਾਲ ਤੋਂ ਪੰਜਾਬ ਨੂੰ ਕੇਂਦਰ ਨਾਲ ਲੜਾਈ ਦਾ ਮੈਦਾਨ ਬਣਾ ਕੇ ਖ਼ੁਸ਼ ਹਨ। ਜੇਕਰ ਕੇਂਦਰ ਤੇ ਰਾਜ ਸਰਕਾਰ ਇਕ ਹੋਣ ਤਾਂ ਵਿਰੋਧੀ ਧਿਰ ਲਈ ਲੜਾਈ-ਲੜਾਈ ਖੇਡਣ ਦਾ ਮੌਕਾ ਹੁੰਦਾ ਹੈ।
ਜੇਕਰ ਪੰਜਾਬੀ ਆਗੂ ਪੰਜਾਬ ਦੇ ਹਿੱਤਾਂ ਲਈ ਇਮਾਨਦਾਰ ਤੇ ਗੰਭੀਰ ਹੁੰਦੇ ਤਾਂ 1967 ਵਿਚ ਹੀ ਚੋਣ ਜਿੱਤ ਕੇ ਵੀ ਸਰਕਾਰ ਨਾ ਬਣਾਉਂਦੇ ਤੇ ਜ਼ਾਤੀ ਲਾਭ ਲਈ ਕਾਂਗਰਸ ਨਾਲ ਵੀ ਭਾਈਵਾਲੀ ਨਾ ਪਾਉਂਦੇ। ਇਹ ਘਟਨਾ ਚੱਕਰ ਚੱਲਦਾ ਰਿਹਾ ਤੇ ਚੱਲ ਰਿਹਾ ਹੈ। ਸਤਲੁਜ-ਯਮੁਨਾ ਲਿੰਕ ਜਾ ਯਮੁਨਾ-ਸਤਲੁਜ ਲਿੰਕ ਇੱਕੋ ਸਿੱਕੇ ਦੇ ਦੋ ਪਾਸੇ ਹਨ।
ਪੰਜਾਬ ਦੀ ਧਰਤੀ ਨੂੰ ਕਿੰਨਾ ਪਾਣੀ ਸਿੰਚਾਈ ਲਈ ਲੋੜੀਂਦਾ ਹੈ? ਪੰਜਾਬ ਦਰਿਆਈ ਪਾਣੀ ਨਾਲ ਕਿੰਨੀ ਪੂਰਤੀ ਕਰ ਸਕਦਾ ਹੈ, ਬਰਸਾਤੀ ਪਾਣੀ ਦੀ ਸੰਭਾਲ ਤੇ ਵਿਉਂਤਬੰਦੀ ਨਾਲ ਕਿੰਨਾ ਤੇ ਕਿੰਨੇ ਹੋਰ ਪਾਣੀ ਦੀ ਲੋੜ ਹੈ, ਬਾਰੇ ਸਰਵੇ ਤੇ ਖੋਜ ਪੱਤਰ ਕਿੱਥੇ ਹੈ? ਪੰਜਾਬ ਦੇ ਕਈ ਖਿੱਤੇ ਪਹਿਲਾਂ ਹੀ ‘ਡਾਰਕ ਜ਼ੋਨ’ ਬਣ ਚੁੱਕੇ ਹਨ ਜੋ ਬੇਹੱਦ ਚਿੰਤਾ ਅਤੇ ਚਿੰਤਨ ਦਾ ਮੁੱਦਾ ਹੈ।
ਇਹ ਵੀ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜੇ ਧਰਤੀ ਹੇਠਲਾ ਪਾਣੀ ਇਸੇ ਰਫ਼ਤਾਰ ਨਾਲ ਡੂੰਘਾ ਹੁੰਦਾ ਗਿਆ ਤਾਂ ਫਿਰ ਉਹ ਦਿਨ ਦੂਰ ਨਹੀਂ ਜਦੋਂ ਪੰਜ ਪਾਣੀਆਂ ਵਾਲਾ ਦੇਸ਼ ਅਖਵਾਉਣ ਵਾਲਾ ਪੰਜਾਬ ਰੇਗਿਸਤਾਨ ਬਣ ਜਾਵੇਗਾ।
ਤੀਸਰੀ ਵਿਸ਼ਵ ਜੰਗ ਪਾਣੀ ਲਈ ਹੋਵੇਗੀ, ਇਹ ਗੱਲ ਸਪਸ਼ਟ ਹੈ। ਪਰ ਪੰਜਾਬੀ ਤਾਂ ਇਹ ਜੰਗ ਬੜੇ ਸਾਲਾਂ ਤੋ ਲੜ ਰਹੇ ਹਨ, ਵਿਉਂਤਬੰਦੀ ਪ੍ਰਬੰਧ ਤੇ ਪਿਆਰ ਲਈ ਨਹੀਂ, ਕੇਵਲ ਰਾਜਸੀ ਮੰਤਵ ਲਈ।
ਪ੍ਰਧਾਨ ਮੰਤਰੀ ਨੇ ਅਗਲੇ 25 ਸਾਲ 2047 ਈਸਵੀ ਤਕ ਇਸ ਵਿਸ਼ੇ ਲਈ ਰੱਖੇ ਹਨ। ਆਪਣਾ ਹੱਕ ਛੱਡਣਾ ਨਹੀਂ, ਇਕ ਵੀ ਬੂੰਦ ਬਰਬਾਦ ਨਹੀਂ ਕਰਨੀ ਤੇ ਕਿਸੇ ਨਾਲ ਲੜਨਾ ਵੀ ਨਹੀਂ, ਇਸ ਨੀਤੀ ਨਾਲ ਅੱਗੇ ਵਧੀਏ ਤਾਂ ਮੰਜ਼ਿਲ ਦੂਰ ਨਹੀਂ ਤੇ ਖ਼ੁਸ਼ਹਾਲੀ ਵੀ ਆਵੇਗੀ।
—–ਇਕਬਾਲ ਸਿੰਘ ਲਾਲਪੁਰਾ