ਸ੍ਰੀਨਗਰ, 31 ਜਨਵਰੀ
ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਅੱਜ ਜੰਮੂ ਕਸ਼ਮੀਰ ਦੇ ਦੋ ਸਭ ਤੋਂ ਅਹਿਮ ਧਾਰਮਿਕ ਸਥਾਨਾਂ- ਖੀਰ ਭਵਾਨੀ ਤੇ ਹਜ਼ਰਤਬਲ ਨਮਤਸਤਕ ਹੋਏ। ਜ਼ਿਕਰਯੋਗ ਹੈ ਕਿ ‘ਭਾਰਤ ਜੋੜੋ ਯਾਤਰਾ’, ਜੋ ਕਿ ਰਾਹੁਲ ਦੀ ਅਗਵਾਈ ਵਿਚ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ, ਸੋਮਵਾਰ ਸ੍ਰੀਨਗਰ ਵਿਚ ਖ਼ਤਮ ਹੋ ਗਈ। ਦੋਵੇਂ ਭੈਣ-ਭਰਾ ਅੱਜ ਪਹਿਲਾਂ ਇੱਥੇ ਹੋਟਲ ਤੋਂ ਮਾਤਾ ਖੀਰ ਭਵਾਨੀ ਮੰਦਰ ਗਏ ਜਿਸ ਨੂੰ ਰਾਗੱਨਿਆ ਦੇਵੀ ਮੰਦਰ ਵੀ ਕਿਹਾ ਜਾਂਦਾ ਹੈ। ਇਹ ਗੰਦਰਬਲ ਜ਼ਿਲ੍ਹੇ ਦੇ ਟੁੱਲਾਮੂਲਾ ਇਲਾਕੇ ਵਿਚ ਸਥਿਤ ਹੈ। ਇਸ ਮੌਕੇ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਕਾਂਗਰਸ ਦੇ ਕੁਝ ਆਗੂ ਵੀ ਸਨ। ਦੋਵਾਂ ਨੇ ਚਿਨਾਰ ਦੇ ਦਰੱਖਤਾਂ ਨਾਲ ਘਿਰੀ ਇਸ ਪਵਿੱਤਰ ਥਾਂ ਉਤੇ ਮੱਥਾ ਟੇਕਿਆ ਜੋ ਕਿ ਸ੍ਰੀਨਗਰ ਤੋਂ 28 ਕਿਲੋਮੀਟਰ ਦੂਰ ਹੈ। ਇਹ ਮੰਦਰ ਕਸ਼ਮੀਰੀ ਪੰਡਿਤਾਂ ਲਈ ਪਵਿੱਤਰ ਅਸਥਾਨ ਹੈ ਜੋ ਮੰਨਦੇ ਹਨ ਕਿ ਮੰਦਰ ਥੱਲਿਓਂ ਵਹਿੰਦੇ ਪਵਿੱਤਰ ਝਰਨੇ ਦੇ ਪਾਣੀ ਦਾ ਰੰਗ ਕਸ਼ਮੀਰ ਵਾਦੀ ਦੇ ਹਾਲਾਤਾਂ ਨੂੰ ਬਿਆਨਦਾ ਹੈ। ਇਸ ਤੋਂ ਬਾਅਦ ਭੈਣ-ਭਰਾ ਹਜ਼ਰਤਬਲ ਦਰਗਾਹ ਗਏ ਜੋ ਕਿ ਮਸ਼ਹੂਰ ਡੱਲ ਝੀਲ ਦੇ ਕੰਢੇ ‘ਤੇ ਹੈ। ਹਜ਼ਰਤ ਮੁਹੰਮਦ ਨਾਲ ਜੁੜੀ ਇਸ ਦਰਗਾਹ ਨੂੰ ਵਾਦੀ ਦੇ ਲੋਕ ਪਵਿੱਤਰ ਮੰਨਦੇ ਹਨ। ਸੁਰੱਖਿਆ ਦੇ ਲਿਹਾਜ਼ ਨਾਲ ਦੋਵੇਂ ਦੌਰੇ ਗੁਪਤ ਰੱਖੇ ਗਏ। -ਪੀਟੀਆਈ