ਟਵਿੱਟਰ ਨੇ ਸਾਬਕਾ ਕਾਂਗਰਸ ਪ੍ਰਧਾਨ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਦੁਆਰਾ ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਨੂੰ ਪਿਛਲੇ ਮਹੀਨੇ ਲਿਖੇ ਪੱਤਰ ਦਾ ਜਵਾਬ ਦਿੱਤਾ ਗਿਆ ਹੈ।
ਰਾਹੁਲ ਗਾਂਧੀ ਦੇ ਫਾਲੋਅਰਜ਼ ਦੀ ਗਿਣਤੀ ’ਚ ਕਮੀ ’ਤੇ ਟਵਿੱਟਰ ਨੇ ਕਿਹਾ ਹੈ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਅਕਾਊਂਟ ਨਾਲ ਫਾਲੋਅਰਜ਼ ਦੀ ਗਿਣਤੀ ਦਿਖਾਈ ਦੇਵੇ ਪਰ ਅਸੀਂ ਇਹ ਵੀ ਮੰਨਦੇ ਹਾਂ ਕਿ ਫਾਲੋਅਰਜ਼ ਅਸਲੀ ਹੋਣੇ ਚਾਹੀਦੇ ਹਨ। ਟਵਿੱਟਰ ’ਚ ਹੇਰਾਫੇਰੀ ਤੇ ਸਪੈਮ ਲਈ ਕੋਈ ਥਾਂ ਨਹੀਂ ਹੈ। ਅਸੀਂ ਹਰ ਹਫ਼ਤੇ ਵੱਡੇ ਪੱਧਰ ’ਤੇ ਸਪੈਮ ਨੂੰ ਖ਼ਤਮ ਕਰਨ ਲਈ ਮਸ਼ੀਨ ਲਰਨਿੰਗ ਟੂਲਸ ਦੀ ਵਰਤੋਂ ਕਰਦੇ ਹਾਂ। ਅਜਿਹੇ ’ਚ ਫਾਲੋਅਰਜ਼ ਦੀ ਗਿਣਤੀ ਘੱਟ ਸਕਦੀ ਹੈ।
ਦਰਅਸਲ, ਕਾਂਗਰਸ ਦੇ ਐਮਪੀ ਰਾਹੁਲ ਗਾਂਧੀ ਨੇ ਫਾਲੋਅਰਜ਼ ਦੀ ਗਿਣਤੀ ’ਚ ਕਮੀ ਨੂੰ ਲੈ ਕੇ ਟਵਿੱਟਰ ਨੂੰ ਪੱਤਰ ਲਿਖਿਆ ਸੀ। ਰਾਹੁਲ ਗਾਂਧੀ ਨੇ 27 ਦਸੰਬਰ 2021 ਨੂੰ ਟਵਿੱਟਰ ’ਤੇ ਲਿਖੀ ਚਿੱਠੀ ’ਚ ਕਈ ਗੰਭੀਰ ਦੋਸ਼ ਲਾਏ ਸਨ। ਇਸ ਚਿੱਠੀ ’ਚ ਉਨ੍ਹਾਂ ਲਿਖਿਆ ਕਿ ਟਵਿੱਟਰ ਮੋਦੀ ਸਰਕਾਰ ਦੇ ਦਬਾਅ ’ਚ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਦਾ ਡਾਟਾ ਵੀ ਸਾਂਝਾ ਕੀਤਾ, ਜਿਸ ’ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨਾਲ ਤੁਲਨਾ ਕਰਦੇ ਹੋਏ ਕਈ ਦੋਸ਼ ਲਗਾਏ, ਹੁਣ ਟਵਿੱਟਰ ਨੇ ਇਸ ਪੱਤਰ ਦਾ ਜਵਾਬ ਦਿੱਤਾ ਹੈ।
ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਅਗਸਤ 2021 ’ਚ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ’ਚ 54,803 ਦੀ ਕਮੀ ਆਈ ਹੈ, ਜਦੋਂ ਕਿ ਸਤੰਬਰ-ਅਕਤੂਬਰ ’ਚ 2,380 ਤੇ ਨਵੰਬਰ ’ਚ 2,788 ਫਾਲੋਅਰਜ਼ ਘਟੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਸਭ ਤੋਂਂ ਵੱਧ ਫਾਲੋਅਰਜ਼ ਵਧੇ ਹਨ, ਜਿਨ੍ਹਾਂ ਦੀ ਗਿਣਤੀ 30 ਲੱਖ ਦੇ ਕਰੀਬ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਟਵਿੱਟਰ ’ਤੇ ਮੇਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ, ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਮੇਰੇ ਟਵਿੱਟਰ ਫਾਲੋਅਰਜ਼ ਦਾ ਵਾਧਾ ਅਚਾਨਕ ਰੁਕ ਗਿਆ ਹੈ। ਰਾਹੁਲ ਗਾਂਧੀ ਨੇ ਕਿਹਾ, ਮੇਰੇ 2 ਕਰੋੜ ਫਾਲੋਅਰਜ਼ ਹਨ। ਮੇਰਾ ਟਵਿੱਟਰ ਅਕਾਊਂਟ ਐਕਟਿਵ ਹੈ ਤੇ ਇਸ ਸਾਲ ਜੁਲਾਈ 2021 ’ਚ ਹਰ ਰੋਜ਼ ਮੇਰੇ 8-10 ਹਜ਼ਾਰ ਫਾਲੋਅਰਜ਼ ਵੱਧਦੇ ਜਾ ਰਹੇ ਹਨ।