ਮੈਂ ਆਪਣੇ ਸਵਰਗੀ ਪਿਤਾ ਜੀ ਗਿਆਨੀ ਹਜ਼ਾਰਾ ਸਿੰਘ ਪਰੇਮੀ ਤੋਂ ਬਹੁਤ ਕੁਝ ਜਾਣਿਆ ਹੈ ਪਰ ਬਹੁਤ ਕੁਝ ਜਾਣਨ ਤੋਂ ਰਹਿ ਵੀ ਗਿਆ ਹਾਂ। ਉਨ੍ਹਾਂ ਦਾ ਜਨਮ 1926 ਦਾ ਸੀ। ਦੇਸ਼ ਦੀ ਵੰਡ ਅਤੇ 1947 ਦੇ ਸੰਤਾਪ ਬਾਰੇ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ ਪਰ ਮੈਂ ਉਸ ਸਮੇਂ ਦੇ ਹਾਲਾਤ ਬਾਰੇ ਉਨ੍ਹਾਂ ਤੋਂ ਜਾਣ ਨਾ ਸਕਿਆ। ਮੇਰੇ ਪਿਤਾ ਜੀ, ਭੂਆ ਜੀ ਅਤੇ ਵੱਡਾ ਚਾਚਾ ਇਸ ਜਹਾਨ ਤੋਂ ਕੂਚ ਕਰ ਗਏ ਹਨ। ਮੇਰਾ ਛੋਟਾ ਚਾਚਾ ਕਿਰਪਾਲ ਸਿੰਘ ਅਕਾਲ ਪੁਰਖ ਵੱਲੋਂ ਮਿਲੀ ਸਵਾਸਾਂ ਦੀ ਪੂੰਜੀ ਖ਼ਰਚ ਕਰ ਰਹੇ ਹਨ। ਮੇਰੇ ਚਾਚੇ ਦੀ ਉਮਰ ਇਸ ਸਮੇਂ 90 ਸਾਲਾਂ ਨੂੰ ਪਾਰ ਕਰ ਗਈ ਹੈ ਤੇ ਸੁਣਨਾ ਘੱਟ ਹੋ ਗਿਆ ਹੈ। ਮੇਰਾ ਚਾਚਾ ਜਵਾਨੀ ਵੇਲੇ ਅੱਥਰੇ ਵਹਿੜਕੇ ਵਰਗਾ ਹੁੰਦਾ ਸੀ। ਥਾਣੇਦਾਰ ਨੂੰ ਅੱਗੋਂ ਬਰੋਬਰ ਗਾਲ੍ਹਾਂ ਕੱਢਦਾ ਰਿਹਾ ਪਰ ਢਲਦੀ ਉਮਰ ਬੰਦੇ ਨੂੰ ਵੀ ਢਲਣ ਲਈ ਮਜਬੂਰ ਕਰ ਦੇਂਦੀ ਹੈ। ਪਿਤਾ ਜੀ ਤੋਂ ਜਿਊਂਦੇ-ਜੀਅ ਮੈਂ ਰੌਲਿਆਂ ਬਾਰੇ ਜਾਣ ਨਾ ਸਕਿਆ ਜੋ ਮੈਨੂੰ ਜਾਣਨਾ ਚਾਹੀਦਾ ਸੀ। ਮੇਰੀ ਮਾਂ ਨੇ ਤਾਂ ਇਕ ਵਾਰ ਗੱਲਬਾਤ ਦੌਰਾਨ ਦੱਸਿਆ ਸੀ ਕਿ ਮੇਰੇ ਪੇਕੇ ਪਾਕਿਸਤਾਨ ਦੇ ਜੰਡਿਆਲੇ ਦੇ ਸਨ। ਹਿੰਦ-ਪਾਕਿ ਦੀ ਵੰਡ ਵੇਲੇ ਭਰੇ-ਭਰਾਏ ਘਰ ਛੱਡ ਕੇ ਇੱਧਰ ਆਉਣਾ ਪਿਆ ਸੀ। ਓਧਰੋਂ ਕੇਵਲ ਗਹਿਣੇ ਅਤੇ ਚਾਂਦੀ ਦੇ ਰੁਪਏ ਹੀ ਲਿਆ ਸਕੇ ਸੀ। ਮਾਂ ਇਹ ਵੀ ਦੱਸਦੀ ਹੁੰਦੀ ਸੀ ਕਿ ਏਥੇ ਆ ਕੇ ਜ਼ਿੰਦਗੀ ਇਕ ਕਿਸਮ ਦੀ ਨਵੇਂ ਸਿਰਿਓਂ ਸ਼ੁਰੂ ਕੀਤੀ ਸੀ। ਪਾਕਿਸਤਾਨ ਵਿਚਲੇ ਘਰ ਦੇ ਬਦਲੇ ਏਧਰ ਪੰਜ ਕੁ ਮਰਲਿਆਂ ਦਾ ਬਣਿਆ ਘਰ ਅੰਮ੍ਰਿਤਸਰ ਦੇ ਇਸਲਾਮਾਬਾਦ ’ਚ ਅਲਾਟ ਹੋਇਆ ਸੀ। ਮੈਨੂੰ ਪਿਤਾ ਜੀ ਦੀ ਘਾਟ ਉਦੋਂ ਹੋਰ ਮਹਿਸੂਸ ਹੋਈ ਜਦੋਂ ਇਕ ਟੀਵੀ ਚੈਨਲ ਵਾਲਿਆਂ ਨੇ ਹਿੰਦ-ਪਾਕਿ ਦੀ ਵੰਡ ਸਬੰਧੀ ਹਾਲਾਤ ਬਿਆਨ ਕਰਨ ਲਈ ਕਿਸੇ ਬਜ਼ੁਰਗ ਨਾਲ ਗੱਲਬਾਤ ਕਰਨ ਲਈ ਮੇਰੇ ਤੋਂ ਸਹਿਯੋਗ ਮੰਗਿਆ। ਪਿਤਾ ਜੀ ਤਾਂ ਇਸ ਜਹਾਨ ਤੋਂ ਜਾ ਚੁੱਕੇ ਸਨ। ਮੈਂ ਹਿੰਦ-ਪਾਕਿ ਦੀ ਵੰਡ ਬਾਰੇ ਕੀ ਜਾਣਨਾ ਸੀ? ਮੈਂ ਪਹਿਲਾਂ ਆਪਣੇ-ਆਪ ਨੂੰ ਸਵਾਲ। ਮੈਂ ਤਾਂ ਆਪਣੇ ਖਾਨਦਾਨ ਬਾਰੇ ਪੂਰੀ ਜਾਣਕਾਰੀ ਵੀ ਪਿਤਾ ਜੀ ਤੋਂ ਨਹੀਂ ਲੈ ਸਕਿਆ ਸਾਂ। ਇਹ ਮੇਰੀ ਖ਼ੁਸ਼ਕਿਸਮਤੀ ਸਮਝੋ ਕਿ ਉਸ ਸਮੇਂ ਮੇਰੀ ਭੂਆ ਜੀ ਸਾਡੇ ਵਿਚ ਸਨ। ਜੇਕਰ ਉਹ ਵੀ ਨਾ ਹੁੰਦੇ ਤਾਂ ਮੈਂ ਕੇਵਲ ਇਹ ਹੀ ਜਾਣਦਾ ਹੁੰਦਾ ਕਿ ਮੇਰੇ ਪਿਤਾ ਜੀ ਦਾ ਨਾਂ ਗਿਆਨੀ ਹਜ਼ਾਰਾ ਸਿੰਘ ਪਰੇਮੀ ਅਤੇ ਦਾਦੇ ਦਾ ਨਾਂ ਰਲਾ ਸਿੰਘ ਸੀ ਪਰ ਭੂਆ ਜੀ ਨੇ ਦੱਸਿਆ ਕਿ ਤੇਰੇ ਪੜਦਾਦੇ ਦਾ ਨਾਂ ਜਵਾਹਰ ਸਿੰਘ ਅਤੇ ਜਵਾਹਰ ਸਿੰਘ ਦਾ ਇਕ ਭਰਾ ਹੋਰ ਬੂਟਾ ਸਿੰਘ ਸੀ। ਬੂਟਾ ਸਿੰਘ ਦੀ ਔਲਾਦ ਨਹੀਂ ਸੀ। ਮੈਂ ਇਹ ਸੋਚ ਕੇ ਕਿ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਸਾਡੇ ਖਾਨਦਾਨ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ, ਮੈਂ ਆਪਣਾ ਕੁਰਸੀਨਾਮਾ ਆਪਣੀ ਲਿਖੀ ਪੁਸਤਕ ‘ਇਤਿਹਾਸਕ ਪਿੰਡ ਬਾਸਰਕੇ ਗਿੱਲਾਂ’ ਵਿਚ ਅੰਕਿਤ ਕਰ ਦਿੱਤਾ। ਇਕ ਟੀਵੀ ਚੈਨਲ ਨੇ ਜਦੋਂ ਹਿੰਦ-ਪਾਕਿ ਦੀ ਵੰਡ ਦੀਆਂ ਯਾਦਾਂ ਨੂੰ ਸੰਭਾਲਣ ਦੀ ਮਨਸ਼ਾ ਨਾਲ ਬਜ਼ੁਰਗਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਚਲਾਇਆ ਤਾਂ ਇਸ ਮੰਤਵ ਦੀ ਪੂਰਤੀ ਲਈ ਮੇਰੇ ਨਾਲ ਸੰਪਰਕ ਕੀਤਾ। ਇਸ ਸਬੰਧੀ ਜਦੋਂ ਹੋਸਟ ਨੇ ਮੇਰੇ ਚਾਚੇ ਨਾਲ ਮੁਲਾਕਾਤ ਦੌਰਾਨ ਹਿੰਦ-ਪਾਕਿ ਦੀ ਵੰਡ ਦੇ ਹਾਲਾਤ ਬਿਆਨ ਕਰਨ ਲਈ ਕਿਹਾ ਤਾਂ ਚਾਚਾ ਫੁੱਟ-ਫੁੱਟ ਕੇ ਰੋ ਪਿਆ। ਉਹ ਉਸ ਵੇਲੇ ਦੇ ਮੁਸਲਮਾਨਾਂ ਖ਼ਾਸ ਕਰਕੇ ਬਦਰੂ ਅਤੇ ਬਰਕਤ ਨੂੰ ਯਾਦ ਕਰਦਿਆਂ ਰੋਇਆ ਸੀ। ਉਹ ਅਸਲ ਵਿਚ ਇਕੱਠੇ ਖੇਡਦੇ ਰਹੇ ਸਨ। ਉਹ ਵਾਰ-ਵਾਰ ਪਰਨੇ ਨਾਲ ਆਪਣੀਆਂ ਅੱਖਾਂ ਪੂੰਝਦਾ ਰਿਹਾ। ਚਾਚੇ ਨੇ ਦੱਸਿਆ ਕਿ ਸਾਡੇ ਪਿੰਡ (ਬਾਸਰਕੇ ਗਿੱਲਾਂ) ਦੇ ਕਿਸੇ ਵੀ ਵਿਅਕਤੀ ਨੇ ਮੁਸਲਮਾਨਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਸੀ ਸਗੋਂ ਜਦੋਂ ਚੱਲਦੀ-ਫਿਰਦੀ ਇਹ ਖ਼ਬਰ ਪੁੱਜੀ ਸੀ ਕਿ ਪਾਕਿਸਤਾਨ ਤੋਂ ਵੱਢੇ-ਟੁੱਕੇ ਸਿੱਖਾਂ ਤੇ ਹਿੰਦੂਆਂ ਨਾਲ ਭਰੀ ਗੱਡੀ ਛੇਹਰਟਾ ਰੇਲਵੇ ਸਟੇਸ਼ਨ ’ਤੇ ਪੁੱਜੀ ਸੀ ਤਾਂ ਕੁਝ ਬਾਹਰਲੇ ਪਿੰਡਾਂ ਦੇ ਲੋਕਾਂ ਨੇ ਇਸ ਪਿੰਡ ਦੇ ਮੁਸਲਮਾਨਾਂ ’ਤੇ ਹਮਲਾ ਕਰਨਾ ਚਾਹਿਆ ਪਰ ਪਿੰਡੋਂ ਸਾਰੇ ਮੁਸਲਮਾਨ ਬਚ-ਬਚਾ ਕੇ ਨਿਕਲ ਗਏ। ਚਾਚੇ ਨੇ ਰੋਂਦਿਆਂ ਫਿਰ ਦੱਸਿਆ ਕਿ ਸੁਣਨ ਵਿਚ ਆਇਆ ਕਿ ਬਦਰੂ ਦਾ ਪਰਿਵਾਰ ਇੱਥੋਂ ਤਾਂ ਸਹੀ-ਸਲਾਮਤ ਨਿਕਲ ਗਿਆ ਪਰ ਭੁਸੇ ਪਿੰਡ ਨਜ਼ਦੀਕ ਉਨ੍ਹਾਂ ’ਤੇ ਸ਼ਰਾਰਤੀਆਂ ਨੇ ਹਮਲਾ ਕਰ ਦਿੱਤਾ। ਪਰਿਵਾਰ ਦੇ ਮੁਖੀ ਨੇ ਹੱਥ ਜੋੜੇ ਕਿ ਸਾਨੂੰ ਤੁਸੀਂ ਨਾ ਮਾਰੋ, ਅਸੀਂ ਆਪਣੇ-ਆਪ ਨੂੰ ਖ਼ੁਦ ਖ਼ਤਮ ਕਰ ਲੈਂਦੇ ਹਾਂ। ਉਹ ਪਹਿਲਾਂ ਕਬਰ ਪੁੱਟਦੇ ਫਿਰ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਆਪ ਹੀ ਗਾਟਾ ਵੱਢਦੇ ਅਤੇ ਕਬਰ ਵਿਚ ਪਾ ਕੇ ਉੱਤੇ ਮਿੱਟੀ ਪਾ ਦੇਂਦੇ। ਚਾਚਾ ਨਾਲ ਹੀ ਕਹਿੰਦਾ ਕਿ ਇਹ ਦੁਖਦਾਈ ਦ੍ਰਿਸ਼ ਭਾਵੇਂ ਅਸੀਂ ਅੱਖੀਂ ਤਾਂ ਨਹੀਂ ਵੇਖਿਆ ਪਰ ਸੁਣਿਆ ਹੈ। ਚਾਚੇ ਨੇ ਇਹ ਵੀ ਦੱਸਿਆ ਕਿ ਜਦੋਂ ਪਾਕਿਸਤਾਨ ਬਣਿਆ ਉਦੋਂ ਸਾਡੇ ਪਿੰਡ ਤੀਸਰਾ ਹਿੱਸਾ ਮੁਸਲਮਾਨਾਂ ਦੀ ਵਸੋਂ ਸੀ। ਉਨ੍ਹਾਂ ’ਚ ਤੇਲੀ ਵੀ ਸਨ, ਘੁਮਿਆਰ ਵੀ ਅਤੇ ਹੋਰ ਵੀ। ਪਿੱਛੇ ਜਿਹੇ ਇਕ ਮੁਸਲਮਾਨ ਘੁਮਿਆਰ ਆਪਣੀ ਨੂੰਹ ਨਾਲ ਸਾਡੇ ਪਿੰਡ ਆਇਆ ਵੀ ਸੀ ਅਤੇ ਕਹਿੰਦਾ ਸੀ ਕਿ ਅਸੀਂ ਉੱਥੇ ਸੌਖੀ ਰੋਟੀ ਖਾਂਦੇ ਹਾਂ ਅਤੇ ਮੇਰਾ ਕੱਪੜੇ ਦਾ ਕਾਰੋਬਾਰ ਹੈ। ਚਾਚੇ ਨੇ ਕਿਹਾ ਕਿ ਉਨ੍ਹਾਂ ਦੀ ਉਮਰ ਆਗਿਆ ਨਹੀਂ ਦੇਂਦੀ ਕਿ ਉਹ ਪਾਕਿਸਤਾਨ ਜਾਣ। ਮੈਂ ਕਿਰਪਾਲ ਸਿੰਘ ਪੁੱਤਰ ਰਲਾ ਸਿੰਘ ਬੋਲਦਾਂ ਹਾਂ, ਮੇਰੇ ਵੱਡੇ ਭਰਾ ਦਾ ਨਾਂ ਗਿਆਨੀ ਹਜ਼ਾਰਾ ਸਿੰਘ ਸੀ। ਜਿਨ੍ਹਾਂ ਮੁਸਲਮਾਨ ਭਰਾਵਾਂ ਦੇ ਮੈਂ ਨਾਂ ਲੈ ਰਿਹਾ ਹਾਂ, ਉਹ ਜੀਅ ਸਦਕੇ ਭਾਰਤ ਆ ਕੇ ਆਪਣੇ ਪਿੰਡ ਦੀ ਮਿੱਟੀ ਦੀ ਖ਼ੁਸ਼ਬੋ ਮਾਣ ਸਕਦੇ ਹਨ। ਜਦੋਂ ਚੈਨਲ ’ਤੇ ਪਾਕਿਸਤਾਨ ਵਾਲਿਆਂ ਇਹ ਪ੍ਰੋਗਰਾਮ ਵੇਖਿਆ ਤਾਂ ਬਰਕਤ ਦੇ ਭਤੀਜੇ ਨੇ ਪਾਕਿਸਤਾਨ ਯਾਤਰਾ ਤੇ ਗਏ ਯਾਤਰੂਆਂ ਨਾਲ ਸੰਪਰਕ ਕਰ ਕੇ ਪੁੱਛਿਆ ਕਿ ਕੋਈ ਯਾਤਰੂ ਬਾਸਰਕੇ ਦਾ ਹੈ ਤਾਂ ਚੰਡੀਗੜ੍ਹ ਤੋਂ ਮੇਰੇ ਲੇਖਕ ਮਿੱਤਰ ਡਾ. ਮਨਜੀਤ ਸਿੰਘ ਬੱਲ ਨੇ ਦੱਸਿਆ ਕਿ ਬਾਸਰਕੇ ਤੋਂ ਤਾਂ ਕੋਈ ਯਾਤਰੂ ਨਹੀਂ ਆਇਆ ਪਰ ਪਿੰਡ ਬਾਸਰਕੇ ਦਾ ਮਨਮੋਹਨ ਸਿੰਘ ਬਾਸਰਕੇ ਮੇਰਾ ਮਿੱਤਰ ਹੈ। ਜੇਕਰ ਕੋਈ ਸੁਨੇਹਾ ਦੇਣਾ ਚਾਹੋ ਤਾਂ ਦੇ ਸਕਦੇ ਹੋ। ਉਹ ਅੱਗੋਂ ਬੋਲਿਆ ਕਿ ਚੈਨਲ ’ਤੇ ਮੁਲਾਕਾਤ ਕਰਨ ਵਾਲੇ ਕਿਰਪਾਲ ਸਿੰਘ ਨੂੰ ਕਹਿਓ ਕਿ ਮੈਂ ਬਰਕਤ ਦਾ ਭਤੀਜਾ ਹਾਂ। ਜੇਕਰ ਕਿਰਪਾਲ ਸਿੰਘ ਗੱਲ ਕਰਨੀ ਚਾਹੇ ਤਾਂ ਗੱਲ ਕਰ ਲਵੇ। ਉਸ ਨੇ ਨਾਲ ਹੀ ਕਿਹਾ ਕਿ ਪ੍ਰੋਗਰਾਮ ਵਿਚ ਮੈਂ ਗੁਰਦੁਆਰਾ ਸੰਨ੍ਹ ਸਾਹਿਬ ਅਤੇ ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰ ਲਏ ਹਨ। ਜਦੋਂ ਅਸੀਂ ਪਾਕਿਸਤਾਨ ਆਏ ਸੀ ਉਦੋਂ ਅਜੇ ਗੁਰਦੁਆਰਾ ਜਨਮ ਅਸਥਾਨ ਦੀ ਤਾਮੀਰ ਨਹੀਂ ਹੋਈ ਸੀ ਅਤੇ ਨਾ ਹੀ ਗੁਰਦੁਆਰਾ ਸੰਨ੍ਹ ਸਾਹਿਬ ਦੀ ਨਵੀਂ ਬਿਲਡਿੰਗ ਦੀ ਤਾਮੀਰ ਹੋਈ ਸੀ। ਪਿੰਡ ਬਾਸਰਕੇ ਗਿੱਲਾਂ ਵਿਖੇ ਇਕ ਮੁਸਲਮਾਨ ਫਕੀਰ ਜੰਡ ਪੀਰ ਦੀ ਕਬਰ ਸੀ। ਜੇ ਹੋ ਸਕੇ ਤਾਂ ਉਸ ਦੀ ਵੀਡੀਓ ਬਣਾ ਕੇ ਭੇਜੀ ਜਾਵੇ ਪਰ ਅਫ਼ਸੋਸ ਕਿ ਇਕ ਤਾਂ ਚਾਚੇ ਨੂੰ ਉੱਚਾ ਸੁਣਦਾ ਹੈ, ਉਹ ਫੋਨ ’ਤੇ ਗੱਲ ਕਰਨ ਦੇ ਸਮਰੱਥ ਨਹੀਂ, ਦੂਸਰਾ ਜਵਾਨੀ ਵੇਲੇ ਅੱਥਰੇ ਵਹਿੜਕੇ ਦੇ ਸੁਭਾਅ ਵਾਲਾ ਚਾਚਾ ਮੈਨੂੰ ਸੰਬੋਧਨ ਹੁੰਦਿਆਂ ਬੋਲਿਆ, “ਬੱਲਿਆ, ਹਿੰਦੁਸਤਾਨ ਦੇ ਸਬੰਧ ਪਾਕਿਸਤਾਨ ਨਾਲ ਸੁਖਾਵੇਂ ਨਹੀਂ ਹਨ। ਇਸ ਲਈ ਉਨ੍ਹਾਂ ਨਾਲ ਗੱਲ ਨਹੀਂ ਕਰਨੀ। ਐਵੇ ਏਜੰਸੀਆਂ ਵਾਲੇ ਗਧੀ-ਗੇੜ ਪਾਈ ਫਿਰਨਗੇ।’’ ਮੈਂ ਇਹ ਸੁਣ ਕੇ ਸੁੰਨ ਜਿਹਾ ਹੋ ਗਿਆ। ਦੋਹਾਂ ਦੇਸ਼ਾਂ ਦਾ ਅਵਾਮ ਤਾਂ ਮਿਲਣਾ ਚਾਹੁੰਦਾ ਹੈ ਪਰ ਹਕੂਮਤਾਂ ਨੂੰ ਇਹ ਗੱਲ ਰਾਸ ਕਿਉਂ ਨਹੀਂ ਆ ਰਹੀ?
–ਮਨਮੋਹਨ ਸਿੰਘ ਬਾਸਰਕੇ