ਅੰਮ੍ਤਿਸਰ / ਪੰਜਾਬ ਦੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਸਾਥੀ ਉਪ ਮੁੱਖ ਮੰਤਰੀਆਂ ਓਮ ਪ੍ਰਕਾਸ਼ ਸੋਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਅੱਜ ਅੰਮ੍ਤਿ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਤੇ ਨਤਮਸਤਕ ਹੋਣ ਪੁੱਜੇ ।
ਅੰਮ੍ਤਿ ਵੇਲੇ 4 ਵਜੇ ਨਵਜੋਤ ਸਿੰਘ ਸਿੱਧੂ ਤੇ ਹੋਰਨਾਂ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਮੁੱਖ ਮੰਤਰੀ ਨੇ ਸ਼ਰਧਾ ਸਹਿਤ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਨ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ, ਗੁਰੂ ਦਰ ‘ਤੇ ਸੀਸ ਨਿਵਾਇਆ ਅਤੇ ਰੁਮਾਲਾ ਸਾਹਿਬ ਭੇਟ ਕੀਤਾ । ਇਸ ਤੋਂ ਪਹਿਲਾਂ ਮੁੱਖ ਮੰਤਰੀ, ਸਿੱਧੂ ਤੇ ਹੋਰਨਾਂ ਕਾਂਗਰਸੀ ਆਗੂਆਂ ਨੇ ਗੁਰੂ ਸਾਹਿਬ ਪ੍ਰਤੀ ਸਤਿਕਾਰ ਭੇਟ ਕਰਦਿਆਂ ਅੰਮ੍ਤਿ ਵੇਲੇ ਸ੍ਰੀ ਕੋਠਾ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਨਹਿਰੀ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਕਰਨ ਲਈ ਲਿਜਾਏ ਜਾਣ ਸਮੇਂ ਫੁੱਲਾਂ ਦੀ ਵਰਖਾ ਕੀਤੀ ਤੇ ਆਮ ਸ਼ਰਧਾਲੂਆਂ ਵਾਂਗ ਪਾਲਕੀ ਸਾਹਿਬ ਨੂੰ ਮੋਢਾ ਦੇਣ ਦੀ ਸੇਵਾ ਵੀ ਨਿਭਾਈ । ਉਨ੍ਹਾਂ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੁਕਮਨਾਮਾ ਸਰਵਣ ਕਰਨ ਉਪਰੰਤ ਕੀਰਤਨ ਸਰਵਣ ਕੀਤਾ ।
ਇਸ ਤੋਂ ਪਹਿਲਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਨਤਮਸਤਕ ਹੋਏ । ਉਪਰੰਤ ਮੁੱਖ ਮੰਤਰੀ, ਦੋਵੇਂ ਉਪ ਮੁੱਖ ਮੰਤਰੀ ਤੇ ਨਵਜੋਤ ਸਿੰਘ ਸਿੱਧੂ ਵਾਲਮੀਕਿ ਤੀਰਥ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਵੀ ਦਰਸ਼ਨ ਕਰਨ ਗਏ ਤੇ ਜਲ੍ਹਿਆਂ ਵਾਲਾ ਬਾਗ਼ ਵਿਖੇ ਜਾ ਕੇ ਸ਼ਹੀਦਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ । ਮੁੱਖ ਮੰਤਰੀ ਦੇ ਨਾਲ ਦਰਸ਼ਨ ਕਰਨ ਲਈ ਪੁੱਜਣ ਵਾਲੇ ਕਾਂਗਰਸੀ ਆਗੂਆਂ ਤੇ ਮਾਝਾ ਖੇਤਰ ਦੇ ਵਿਧਾਇਕਾਂ ਵਿਚ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਡਾ: ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਹਰਮਿੰਦਰ ਸਿੰਘ ਗਿੱਲ, ਵਿਧਾਇਕ ਲਾਡੀ, ਮੇਅਰ ਕਰਮਜੀਤ ਸਿੰਘ ਰਿੰਟੂ, ਭਗਵੰਤਪਾਲ ਸਿੰਘ ਸੱਚਰ, ਮਮਤਾ ਦੱਤਾ, ਜਤਿੰਦਰ ਸੋਨੀਆ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ ।
ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਸੂਚਨਾ ਕੇਂਦਰ ਦੇ ਬਾਹਰ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕਰਨ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਗੁਰੂ ਘਰ ਵਿਖੇ ਆਸ਼ੀਰਵਾਦ ਲੈਣ ਆਏ ਹਾਂ । ਉਨ੍ਹਾਂ ਕਿਹਾ ਕਿ ਰਾਜ ਧਰਮ ਦੇ ਅਧੀਨ ਹੋਵੇਗਾ ਤੇ ਸੂਬੇ ਵਿਚ ਹਰ ਧਰਮ ਤੇ ਵਰਗ ਦਾ ਸਤਿਕਾਰ ਕੀਤਾ ਜਾਵੇਗਾ ਅਤੇ ਸਮਾਜ ਵਿਚ ਪਿਆਰ ਭਾਈਚਾਰੇ ਅਤੇ ਸਦਭਾਵਨਾ ਦੀਆਂ ਭਾਵਨਾਵਾਂ ਨੂੰ ਹਰ ਕੀਮਤ ‘ਤੇ ਕਾਇਮ ਰੱਖਿਆ ਜਾਵੇਗਾ । ਉਨ੍ਹਾਂ ਬਿਨਾਂ ਕਿਸੇ ਦਾ ਨਾਂਅ ਲਏ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਲਈ ਜੋ ਇਨਸਾਫ਼ ਪੰਥ ਨੂੰ ਚਾਹੀਦਾ ਹੈ, ਉਹ ਦਿਵਾਇਆ ਜਾਵੇਗਾ ।
ਕਾਂਗਰਸ ਹੁਣ ਬਿਨਾਂ ਭੈਅ ਲੋਕਾਂ ਦੀ ਸੇਵਾ ਕਰ ਸਕਦੀ ਹੈ- ਸਿੱਧੂ ਇਸ ਮੌਕੇ ਬੇਹੱਦ ਖ਼ੁਸ਼ ਨਜ਼ਰ ਆ ਰਹੇ ਸੂਬਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਵਾਹਿਗੁਰੂ ਦਾ ਧੰਨਵਾਦ ਕਰਦੇ ਹਨ ਕਿ ਰਾਜਨੀਤੀ ਜੋ ਮੁੱਦਿਆਂ ਤੋਂ ਭਟਕੀ ਹੋਈ ਸੀ, ਸਾਡੇ ਮੁੱਖ ਮੰਤਰੀ ਨੇ ਵਾਪਸ ਮੁੱਦਿਆਂ ‘ਤੇ ਲਿਆਂਦੀ ਹੈ । ਉਨ੍ਹਾਂ ਕਿਹਾ ਕਿ ਜੇਕਰ ਅਸੀਂ ਲੋਕ ਮਸਲਿਆਂ ਨੂੰ ਹੱਲ ਨਹੀਂ ਕਰ ਸਕਦੇ ਤਾਂ ਅਸੀਂ ਗੁਰੂ ਦੇ ਸੱਚੇ ਸਿੱਖ ਨਹੀਂ ਹਾਂ । ਉਨ੍ਹਾਂ ਕਿਹਾ ਕਿ ਪੰਜਾਬ ਤੇ ਸਮਾਜ ਦੇ ਰਾਹ ਦੇ ਹਰ ਰੋੜੇ ਨੂੰ ਹਟਾਉਣਾ ਹੀ ਧਰਮ ਹੈ । ਉਨ੍ਹਾਂ ਕਿਹਾ ਕਿ ਸ: ਚੰਨੀ ਸੱਚੀ ਸੇਵਾ ਕਰ ਰਹੇ ਹਨ ਤੇ ਉਨ੍ਹਾਂ ਪਿਛਲੇ ਦੋ ਦਿਨਾਂ ਵਿਚ ਇਸ ਨਿਮਾਣੇ ਤੇ ਮੱਤ ਉੱਚੀ ਵਾਲੇ ਮੁੱਖ ਮੰਤਰੀ ਨਾਲ ਜੋ ਮਹਿਸੂਸ ਕੀਤਾ ਹੈ, ਪਿਛਲੇ 17 ਸਾਲਾਂ ਦੀ ਰਾਜਨੀਤੀ ਵਿਚ ਕਦੇ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਬਿਨਾਂ ਭੈਅ ਦੇ ਲੋਕਾਂ ਦੀ ਸੇਵਾ ਕਰ ਸਕਦੀ ਹੈ ।
ਸ਼ੋ੍ਰਮਣੀ ਕਮੇਟੀ ਵਲੋਂ ਸਨਮਾਨ ਸ਼ੋ੍ਰਮਣੀ ਕਮੇਟੀ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਓ[ ਪੀ[ ਸੋਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਸੁੰਦਰ ਮਾਡਲ, ਸਿਰੋਪਾਓ ਅਤੇ ਧਾਰਮਿਕ ਪੁਸਤਕਾਂ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸੀਨੀਅਰ ਮੀਤ ਪ੍ਰਧਾਨ ਜਾਂ ਮੁੱਖ ਸਕੱਤਰ ਖ਼ੁਦ ਹਾਜ਼ਰ ਨਹੀਂ ਸਨ, ਜਿਸ ਕਾਰਨ ਸਨਮਾਨ ਕਰਨ ਦੀ ਜ਼ਿੰਮੇਵਾਰੀ ਜਨਰਲ ਸਕੱਤਰ ਭਗਵੰਤ ਸਿੰਘ ਸਿਆਲਕਾ, ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ ਅਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਨਿਭਾਈ । ਪਰ ਸ਼ੋ੍ਰਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਵਲੋਂ ਸੂਬੇ ਦੇ ਨਵ-ਨਿਯੁਕਤ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀਆਂ ਸਮੇਤ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਨਮਾਨਿਤ ਕਰਨ ਪ੍ਰਤੀ ਉਦਾਰਤਾ ਦਿਖਾ ਕੇ ਸਿੱਖ ਸੰਗਤਾਂ ਤੇ ਕਾਂਗਰਸੀ ਵਰਕਰਾਂ ਦੀ ਪ੍ਰਸੰਸਾ ਖੱਟੀ ਹੈ ।