ਸ. ਗਿਆਨ ਸਿੰਘ ਰਾੜੇਵਾਲਾ ਨੂੰ ਆਜ਼ਾਦ ਭਾਰਤ ਵਿਚ ਪਹਿਲੇ ਚੁਣੇ ਹੋਏ ਸਿੱਖ ਮੁੱਖ ਮੰਤਰੀ ਬਣਨ ਦਾ ਵਿਲੱਖਣ ਮਾਣ ਪ੍ਰਾਪਤ ਹੋਇਆ ਸੀ। ਇਸ ਤੋਂ ਪਿੱਛੋਂ 1956 ਵਿਚ ਸ. ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਭਾਰਤ ਨੂੰ ਅਗਸਤ, 1947 ਵਿਚ ਬਰਤਾਨਵੀ ਸ਼ਾਸਨ ਤੋਂ ਆਜ਼ਾਦੀ ਮਿਲੀ ਅਤੇ ਛੇਤੀ ਹੀ ਪਟਿਆਲਾ, ਨਾਭਾ, ਫਰੀਦਕੋਟ, ਕਪੂਰਥਲਾ, ਜੀਂਦ, ਕਲਸੀਆ, ਨਾਲਾਗੜ੍ਹ ਅਤੇ ਮੁਸਲਿਮ ਰਾਜ ਮਲੇਰਕੋਟਲਾ ਵਰਗੀਆਂ ਸਿੱਖ ਰਿਆਸਤਾਂ ਨੂੰ ਮਿਲਾ ਕੇ 15 ਜੁਲਾਈ, 1948 ਨੂੰ ਇਕ ਨਵਾਂ ਸੂਬਾ ‘ਪੈਪਸੂ’ ਬਣਾਇਆ ਗਿਆ ਸੀ। ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਰਾਜਪ੍ਰਮੁੱਖ ਅਤੇ ਮਹਾਰਾਜਾ ਜਗਜੀਤ ਸਿੰਘ ਕਪੂਰਥਲਾ ਨੂੰ ਉਪ-ਰਾਜਪ੍ਰਮੁੱਖ ਬਣਾਇਆ ਗਿਆ। ਸ. ਗਿਆਨ ਸਿੰਘ ਰਾੜੇਵਾਲਾ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ। ਆਜ਼ਾਦ ਭਾਰਤ ਵਿਚ ਸੰਸਦ ਅਤੇ ਵਿਧਾਨ ਸਭਾਵਾਂ ਲਈ ਪਹਿਲੀਆਂ ਆਮ ਚੋਣਾਂ 1952 ਵਿਚ ਹੋਈਆਂ ਸਨ। ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ‘ਪੈਪਸੂ’ ਨੂੰ ਛੱਡ ਕੇ ਸਮੁੱਚੇ ਭਾਰਤ ਵਿਚ ਸੱਤਾ ਹਾਸਿਲ ਕੀਤੀ।
ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਅਕਾਲੀ ਪਾਰਟੀ ਨੇ ਭਾਰਤ ਦੇ ਇਕ ਸੂਬੇ ਵਿਚ ਪਹਿਲੀ ਗ਼ੈਰ-ਕਾਂਗਰਸੀ ਸਰਕਾਰ ਬਣਾ ਦਿੱਤੀ ਸੀ ਜਿਸ ਦੀ ਅਗਵਾਈ ਸ. ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਵਜੋਂ ਕਰ ਰਹੇ ਸੀ। ਰਾਜਨੀਤੀ ਦਾ ਗਿਆਨ ਨਾ ਰੱਖਣ ਵਾਲੇ ਰਾੜੇਵਾਲਾ ਪਟਿਆਲਾ ਰਿਆਸਤ ਵਿਚ ਕਈ ਅਹੁਦਿਆਂ ‘ਤੇ ਸੇਵਾ ਕਰ ਰਹੇ ਸਨ ਜਿਨ੍ਹਾਂ ਵਿਚ ਮੈਜਿਸਟ੍ਰੇਟ ਤੋਂ ਲੈ ਕੇ ਹਾਈ ਕੋਰਟ ਦੇ ਜੱਜ, ਡਿਪਟੀ ਕਮਿਸ਼ਨਰ, ਰੈਵਿਨਿਊ ਕਮਿਸ਼ਨਰ ਅਤੇ ਸਰਦਾਰ ਕੇ. ਐਮ. ਪਾਨੀਕਰ ਦੇ ਸਕੱਤਰ ਅਤੇ ਫਿਰ ਰਾਜ ਦੇ ਤਤਕਾਲੀ ਪ੍ਰੀਮੀਅਰ ਦੇ ਅਹੁਦੇ ਸ਼ਾਮਿਲ ਸਨ। ਸ. ਗਿਆਨ ਸਿੰਘ ਰਾੜੇਵਾਲਾ ਦਾ ਜਨਮ 16 ਦਸੰਬਰ, 1901 ਨੂੰ ਆਪਣੇ ਨਾਨਕੇ ਪਿੰਡ ਭੜੀ, ਜ਼ਿਲ੍ਹਾ ਲੁਧਿਆਣਾ ਵਿਚ ਹੋਇਆ ਸੀ। ਉਨ੍ਹਾਂ ਦਾ ਜੱਦੀ ਪਿੰਡ ਰਾੜਾ, ਪਟਿਆਲਾ ਰਿਆਸਤ ਵਿਚ ਸੀ। ਉਨ੍ਹਾਂ ਦੇ ਪਿਤਾ ਸ. ਰਤਨ ਸਿੰਘ ਮਹਾਰਾਜਾ ਭੁਪਿੰਦਰ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਸਨ। ਗਿਆਨ ਸਿੰਘ ਨੇ ਮਾਡਲ ਹਾਈ ਸਕੂਲ, ਪਟਿਆਲਾ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਅਤੇ 1925 ਵਿਚ ਮਹਿੰਦਰਾ ਕਾਲਜ, ਪਟਿਆਲਾ ਤੋਂ ਬੀ.ਏ. ਪਾਸ ਕੀਤੀ।
ਇਸ ਉਪਰੰਤ ਉਹ ਸਹਾਇਕ ਡਿਪਟੀ ਕਮਿਸ਼ਨਰ ਵਜੋਂ ਪਟਿਆਲਾ ਸੂਬੇ ਵਿਚ ਕਾਰਜ ਕਰਨ ਲੱਗੇ ਅਤੇ ਬਾਅਦ ਵਿਚ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਕੀਤੀ। ਲੋਕ, ਰਾੜੇਵਾਲਾ ਨੂੰ ਸ਼ਰਨਾਰਥੀਆਂ ਦੀ ਮਦਦ ਕਰਨ ਵਾਲੇ ਵਜੋਂ ਯਾਦ ਕਰਦੇ ਹਨ, ਜਿਹੜੇ 1947 ਵਿਚ ਪਾਕਿਸਤਾਨ ਤੋਂ ਉੱਜੜ ਕੇ ਆਏ ਸਨ ਅਤੇ ਜਿਨ੍ਹਾਂ ਨੂੰ ਪਟਿਆਲਾ ਵਿਚ ਵਸਾਇਆ ਗਿਆ ਸੀ। ਉਨ੍ਹਾਂ ਦੀ ਘਰਵਾਲੀ ਮਨਮੋਹਨ ਕੌਰ ਨੇ ਵੱਡੇ-ਵੱਡੇ ਪਰਿਵਾਰਾਂ ਦੀਆਂ ਸਰਦਾਰਨੀਆਂ ਨਾਲ ਮਿਲ ਕੇ ਪ੍ਰਵਾਸੀਆਂ ਦੀ ਸਹਾਇਤਾ ਕੀਤੀ ਸੀ। ਰਾੜੇਵਾਲਾ ਨੇ ਪਟਿਆਲੇ ਨੂੰ, ਪੱਛਮੀ ਪੰਜਾਬ ਤੋਂ ਆਏ ਕਈ ਨਾਮਵਰ ਸਿੱਖਿਆ ਸ਼ਾਸਤਰੀਆਂ, ਸਿੱਖ ਸੰਤਾਂ, ਵਿਦਵਾਨਾਂ, ਕਵੀਆਂ ਅਤੇ ਲੇਖਕਾਂ, ਦਾ ਕੇਂਦਰ ਬਣਾਇਆ। ਇਨ੍ਹਾਂ ਵਿਚ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ, ਪ੍ਰਿੰਸੀਪਲ ਤੇਜਾ ਸਿੰਘ, ਡਾ. ਗੰਡਾ ਸਿੰਘ, ਪੰਡਿਤ ਕਰਤਾਰ ਸਿੰਘ ਦਾਖਾ, ਸੰਤ ਕਮਾਲੀਏ ਵਾਲੇ, ਜਸਟਿਸ ਤੇਜਾ ਸਿੰਘ, ਉਰਦੂ ਸ਼ਾਇਰ ਡਾ. ਕਿਰਪਾਲ ਸਿੰਘ ਬੇਦਾਰ, ਸ. ਮੋਹਨ ਸਿੰਘ ਰਾਵਲਪਿੰਡੀ ਅਤੇ ਜਸਵੰਤ ਸਿੰਘ ਵੰਤਾ ਸ਼ਾਮਿਲ ਸਨ। ਪੰਜਾਬੀ ਭਾਸ਼ਾ ਦੇ ਰੁਤਬੇ ਨੂੰ ਉੱਚਾ ਚੁੱਕਣ ‘ਚ ਅਹਿਮ ਭੂਮਿਕਾ ਨਿਭਾਉਣ ਵਿਚ ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਸੀ।
ਉਨ੍ਹਾਂ ਨੇ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਨੂੰ ਜਾਣਕਾਰੀ ਦਾ ਮਾਧਿਅਮ, ਪ੍ਰਸ਼ਾਸਨਿਕ ਭਾਸ਼ਾ ਅਤੇ ਕਾਨੂੰਨ ਦੀ ਭਾਸ਼ਾ ਬਣਾਇਆ। ਉਨ੍ਹਾਂ ਦੇ, ਪੈਪਸੂ ਦਾ ਬਜਟ ਪੰਜਾਬੀ ਵਿਚ ਪੇਸ਼ ਕਰਨ, ਪੰਜਾਬੀ ਭਾਸ਼ਾ ਵਿਭਾਗ ਦੀ ਸਥਾਪਨਾ ਕਰਨ ਅਤੇ ਪਹਿਲੀ ਵਾਰ ਪੰਜਾਬੀ ਟਾਈਪ-ਰਾਈਟਿੰਗ ਮਸ਼ੀਨਾਂ ਤਿਆਰ ਕਰਾਉਣ ਦੇ ਰੁਝਾਨ ਨੇ ਪੰਜਾਬੀ ਭਾਸ਼ਾ ਨੂੰ ਸਮਾਜਿਕ-ਰਾਜਨੀਤਿਕ ਖੇਤਰ ‘ਚ ਅੱਗੇ ਲਿਆਉਣ ਵਿਚ ਬੜੀ ਮਦਦ ਕੀਤੀ। ਉਨ੍ਹਾਂ ਨੇ ਪਛੜੀਆਂ ਸ਼੍ਰੇਣੀਆਂ ਲਈ ਇਕ ਵੱਖਰਾ ਵਿਭਾਗ ਬਣਾਇਆ ਅਤੇ ਅਨੁਸੂਚਿਤ ਜਾਤੀਆਂ ਨੂੰ ਅਫਸਰ ਵਜੋਂ ਤਰੱਕੀ ਦਿੱਤੀ।
ਮੈਨੂੰ ਯਾਦ ਹੈ ਕਿ ਸ. ਰਾੜੇਵਾਲਾ ਨੇ 1952 ਵਿਚ ਕੰਡਾਘਾਟ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਕੈਂਪ ਆਯੋਜਿਤ ਕਰਨ ਲਈ ਹਰ ਮਦਦ ਕੀਤੀ। ਉਨ੍ਹਾਂ ਨੇ ਮਾਸਟਰ ਤਾਰਾ ਸਿੰਘ ਨਾਲ ਇਕੱਠਿਆਂ ਇਕ ਦਿਨ, ਕੈਂਪ ਲਾਉਣ ਵਾਲੇ ਵਿਦਿਆਰਥੀਆਂ ਨਾਲ ਬਿਤਾਇਆ ਸੀ। ਮਹਾਨ ਲੋਕ-ਤੰਤਰੀ ਆਗੂ ਨਹਿਰੂ, ਕਿਸੇ ਵੀ ਰਾਜ ਵਿਚ ਗ਼ੈਰ-ਕਾਂਗਰਸੀ ਸਰਕਾਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ ਅਤੇ ਇਹ ਆਜ਼ਾਦ ਭਾਰਤ ਵਿਚ ਪਹਿਲੀ ਵਾਰ ਹੋਇਆ ਸੀ ਕਿ, ਪੈਪਸੂ ਦੀ ਚੁਣੀ ਗਈ ਸਰਕਾਰ ਨੂੰ ਬਰਖ਼ਾਸਤ ਕੀਤਾ ਗਿਆ ਅਤੇ ਰਾਸ਼ਟਰਪਤੀ ਸ਼ਾਸ਼ਨ ਲਾਗੂ ਕੀਤਾ ਗਿਆ ਸੀ। ਪੰਜਾਬੀ ਸੂਬਾ ਲਹਿਰ 1955 ਵਿਚ ਆਪਣੇ ਸਿਖਰ ‘ਤੇ ਸੀ ਅਤੇ ਹਜ਼ਾਰਾਂ ਸਿੱਖ ਸਵੈ-ਸੇਵੀ ਜੇਲ੍ਹਾਂ ਵਿਚ ਸਨ।
ਰਾੜੇਵਾਲਾ ਸਾਬਕਾ ਮੁੱਖ ਮੰਤਰੀ ਵਜੋਂ ਅਕਾਲੀ ਪਾਰਟੀ ਦੀ ਹਮਾਇਤ ਕਰਨ ਲਈ, ਅੰਮ੍ਰਿਤਸਰ ਜਾ ਰਹੇ ਇਕ ਜਥੇ ਦੀ ਅਗਵਾਈ ਕਰ ਰਹੇ ਸਨ। ਉਹ 1955 ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਪ੍ਰਧਾਨ ਚੁਣੇ ਗਏ। ਲੋਕਾਂ ਦੀ ਇੱਛਾ ਦੇ ਵਿਰੁੱਧ ਨਵੰਬਰ 1956 ਵਿਚ ਪੈਪਸੂ ਨੂੰ ਪੰਜਾਬ ਵਿਚ ਰਲਾ ਦਿੱਤਾ ਗਿਆ। 1957 ਦੀਆਂ ਚੋਣਾਂ ਵਿਚ ਅਕਾਲੀ ਪਾਰਟੀ ਕਾਂਗਰਸ ਵਿਚ ਸ਼ਾਮਲ ਹੋ ਗਈ ਸੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਸਾਰੇ ਵਿਧਾਇਕ, ਜਿਨ੍ਹਾਂ ਵਿਚ ਰਾੜੇਵਾਲਾ, ਬਾਦਲ, ਗਿਆਨੀ ਕਰਤਾਰ ਸਿੰਘ ਸ਼ਾਮਿਲ ਸਨ, ਕਾਂਗਰਸ ਦੀ ਟਿਕਟ ‘ਤੇ ਚੁਣੇ ਗਏ ਸਨ। ਸ. ਹੁਕਮ ਸਿੰਘ ਵੀ ਕਾਂਗਰਸ ਦੀ ਟਿਕਟ ‘ਤੇ ਸੰਸਦ ਮੈਂਬਰ ਚੁਣੇ ਗਏ ਸਨ। ਸ. ਪ੍ਰਤਾਪ ਸਿੰਘ ਕੈਰੋਂ ਦੀ ਅਗਵਾਈ ਹੇਠ ਨਵੀਂ ਚੁਣੀ ਗਈ ਸਰਕਾਰ ਵਿਚ ਰਾੜੇਵਾਲਾ ਸਿੰਚਾਈ ਅਤੇ ਬਿਜਲੀ ਮੰਤਰੀ ਬਣੇ ਸਨ। ਉਨ੍ਹਾਂ ਨੇ ਸੁਤੰਤਰ ਪੰਜਾਬ ਬਿਜਲੀ ਬੋਰਡ ਦੀ ਸਥਾਪਨਾ ਕੀਤੀ ਅਤੇ ਉਸ ਦੇ ਦੁਆਰਾ ਪਿੰਡਾਂ ਦਾ ਬਿਜਲੀਕਰਨ ਆਰੰਭ ਕੀਤਾ ਗਿਆ। ਬਾਅਦ ਵਿਚ ਉਨ੍ਹਾਂ ਨੂੰ ਖੇਤੀਬਾੜੀ ਵਿਭਾਗ ਮਿਲਿਆ ਅਤੇ ਉਨ੍ਹਾਂ ਨੇ ਲੁਧਿਆਣਾ ਵਿਚ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਲਈ ਕੈਰੋਂ ਨਾਲ ਅਹਿਮ ਭੂਮਿਕਾ ਨਿਭਾਈ ਸੀ।
ਨਵੰਬਰ 1967 ਵਿਚ, ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਦੀ ਸਰਕਾਰ ਹੇਠ, ਰਾੜੇਵਾਲਾ ਮੰਤਰੀ ਬਣੇ। ਮਾਰਚ 1967 ਵਿਚ ਨਵੇਂ ਪੰਜਾਬ ਦੀ ਪਹਿਲੀ ਵਿਧਾਨ ਸਭਾ ਚੋਣ ਵਿਚ ਜਸਟਿਸ ਗੁਰਨਾਮ ਸਿੰਘ ਨੇ ਸੰਯੁਕਤ ਮੋਰਚੇ ਦੀ ਸਰਕਾਰ ਬਣਾਈ ਅਤੇ ਰਾੜੇਵਾਲਾ ਵਿਰੋਧੀ ਧਿਰ ਦੇ ਨੇਤਾ ਵਜੋਂ ਉਭਰੇ ਸਨ। ਉਨ੍ਹਾਂ ਨੇ ਉਦੋਂ ਇਤਿਹਾਸ ਰਚਿਆ ਜਦੋਂ ਰਾਜਪਾਲ ਦੇ ਸੰਬੋਧਨ ‘ਤੇ ਉਨ੍ਹਾਂ ਦੇ ਸੋਧ ਦੇ ਮਤੇ ਨੂੰ ਸਦਨ ਵਿਚ ਬਹੁਮੱਤ ਮਿਲਿਆ ਕਿ ਪੰਜਾਬੀ ਨੂੰ ਸਰਕਾਰੀ ਭਾਸ਼ਾ ਘੋਸ਼ਿਤ ਕੀਤਾ ਜਾਵੇ। ਲਛਮਣ ਸਿੰਘ ਗਿੱਲ ਨੇ ਅਕਾਲੀ ਪਾਰਟੀ ਛੱਡ, ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਕਾਂਗਰਸ ਪਾਰਟੀ ਦੀ ਸਹਾਇਤਾ ਲਈ। ਇਹ ਸਿਹਰਾ ਗਿੱਲ ਦੇ ਸਿਰ ‘ਤੇ ਸਜਦਾ ਹੈ ਕਿ ਉਸ ਨੇ ਪੰਜਾਬੀ ਨੂੰ ਰਾਜ ਦੀ ਸਰਕਾਰੀ ਭਾਸ਼ਾ ਐਲਾਨਿਆ ਸੀ। ਰਾਜਨੀਤਕ ਮਤਭੇਦਾਂ ਦੇ ਕਾਰਨ ਕੁਝ ਚਿਰ ਪਿੱਛੋਂ ਰਾੜੇਵਾਲਾ ਨੇ ਉਸ ਤੋਂ ਸਮਰਥਨ ਵਾਪਸ ਲੈ ਲਿਆ ਅਤੇ ਇਸ ਦੇ ਨਤੀਜੇ ਵਜੋਂ ਸਰਕਾਰ ਡਿਗ ਗਈ ਅਤੇ ਪੰਜਾਬ ਰਾਸ਼ਟਰਪਤੀ ਸ਼ਾਸ਼ਨ ਅਧੀਨ ਚਲਾ ਗਿਆ।
ਰਾੜੇਵਾਲਾ ਨੂੰ ਅੰਮ੍ਰਿਤਸਰ ਵਿਚ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਦਰਸ਼ਨ ਸਿੰਘ ਫ਼ੇਰੂਮਾਨ ਦਾ ਸਮਰਥਨ ਕਰਨ ਗਏ ਸੀ, ਜਿਨ੍ਹਾਂ ਨੇ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਿਲ ਕਰਨ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਸੰਤ ਈਸ਼ਰ ਸਿੰਘ ਰਾੜੇਵਾਲਾ, ਸ. ਗਿਆਨ ਸਿੰਘ ਦੇ ਸਹਿਪਾਠੀ ਸਨ ਅਤੇ ਉਨ੍ਹਾਂ ਨੇ ਪਿੰਡ ਰਾੜਾ ਵਿਖੇ ਸ. ਗਿਆਨ ਸਿੰਘ ਵਲੋਂ ਦਿੱਤੀ ਜ਼ਮੀਨ ‘ਤੇੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ। ਸ. ਰਾੜੇਵਾਲਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਸੰਸਥਾਪਕ ਟਰੱਸਟੀ ਵੀ ਸਨ। ਉਹ ਨਰਮ ਬੋਲਣ ਵਾਲੇ ਅਤੇ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। ਉਹ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਸਨ। ਕੁਲੀਨ ਵਰਗ ਵਿੱਚੋਂ ਆਉਣ ਦੇ ਬਾਵਜੂਦ ਉਨ੍ਹਾਂ ਪਿੰਡਾਂ ਦੇ ਵਿਕਾਸ ਵਿਚ ਦਿਲਚਸਪੀ ਵਿਖਾਈ ਜਿਸ ਕਰਕੇ ਉਹ ਪਿੰਡ ਵਾਸੀਆਂ ਵਿਚ ਬਹੁਤ ਪ੍ਰਸਿੱਧ ਸਨ। ਉਨ੍ਹਾਂ ਨੇ ਆਪਣੀ ਸੇਵਾਮੁਕਤੀ ਦਾ ਸਮਾਂ ਜ਼ਿਆਦਾਤਰ ਆਪਣੀ ਧੀ ਨਿਰਲੇਪ ਕੌਰ ਨਾਲ ਬਿਤਾਇਆ ਜੋ ਰਾਜਨੀਤੀ ਵਿਚ ਸਰਗਰਮ ਸਨ ਅਤੇ ਸੰਸਦ ਮੈਂਬਰ ਵੀ ਸਨ। ਸ. ਰਾੜੇਵਾਲਾ ਦਾ ਦਿਹਾਂਤ 31 ਦਸੰਬਰ, 1979 ਨੂੰ ਦਿੱਲੀ ਵਿਖੇ ਹੋਇਆ ਤੇ ਸੰਸਕਾਰ ਰਾੜਾ ਪਿੰਡ ਵਿਚ ਹੋਇਆ ਸੀ।
-ਤਰਲੋਚਨ ਸਿੰਘ —–