ਮੁਲਕ ਕੋਈ ਵੀ ਚੰਗਾ ਅਤੇ ਮਾੜਾ ਨਹੀਂ ਹੁੰਦਾ, ਉਸ ਨੂੰ ਚੰਗਾ-ਮਾੜਾ ਉੱਥੋਂ ਦੀ ਚੰਗੀ ਮਾੜੀ ਵਿਵਸਥਾ ਤੇ ਸਰਕਾਰ ਦੀਆਂ ਚੰਗੀਆਂ-ਮਾੜੀਆਂ ਨੀਤੀਆਂ ਬਣਾਉਂਦੀਆਂ ਹਨ। ਕੌਣ ਚਾਹੁੰਦਾ ਹੈ ਕਿ ਆਪਣਾ ਮੁਲਕ ਛੱਡ ਕੇ, ਘਰ ਤੋਂ ਬੇਘਰ ਹੋ ਕੇ ਬੇਗਾਨੇ ਮੁਲਕ ਵਿਚ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਕੇ ਜ਼ਿੰਦਗੀ ਜਿਊਣ ਲਈ ਮਜਬੂਰ ਹੋਇਆ ਜਾਵੇ। ਕੈਨੇਡਾ ਵਿਚ ਵੇਖਣ ਨੂੰ ਇਹ ਮਿਲਦਾ ਹੈ ਕਿ ਇੱਥੇ ਉਨ੍ਹਾਂ ਦੇਸ਼ਾਂ ਦੇ ਲੋਕ ਹੀ ਆ ਕੇ ਰਹਿੰਦੇ ਹਨ ਜਿਨ੍ਹਾਂ ਦੀ ਆਰਥਿਕ ਦਸ਼ਾ ਚੰਗੀ ਜ਼ਿੰਦਗੀ ਜਿਊਣ ਦੇ ਮੇਚ ਦੀ ਨਹੀਂ। ਕੈਨੇਡਾ ਵਿਚ ਜ਼ਿਆਦਾਤਰ ਭਾਰਤ, ਪਾਕਿਸਤਾਨ, ਚੀਨ, ਨਾਈਜੀਰੀਆ, ਮੈਕਸਿਕੋ, ਕੋਰੀਆ ਅਤੇ ਹੋਰ ਛੋਟੇ-ਮੋਟੇ ਦੇਸ਼ਾਂ ਦੇ ਲੋਕ ਰਹਿੰਦੇ ਹਨ। ਇੱਥੇ ਸਾਡੇ ਦੇਸ਼ ਦੇ ਲੰਬੇ ਸਮੇਂ ਤੋਂ ਰਹਿੰਦੇ ਲੋਕ ਆਰਥਿਕ ਪੱਖੋਂ ਬਹੁਤ ਸੌਖੇ ਹਨ ਤੇ ਮਿਆਰੀ ਜ਼ਿੰਦਗੀ ਬਸਰ ਕਰ ਰਹੇ ਹਨ। ਜਿਨ੍ਹਾਂ ਪੰਜਾਬੀਆਂ ਦਾ ਦੁੱਧ, ਦਹੀਂ, ਮੱਖਣ, ਹੋਟਲ, ਸਟੋਰਾਂ, ਟਰੱਕਾਂ, ਟੈਕਸੀਆਂ ਅਤੇ ਸੈਲੂਨਾਂ ਦਾ ਕਾਰੋਬਾਰ ਹੈ, ਉਹ ਲੋਕ ਪੜ੍ਹਾਈ ਦੇ ਬਹਾਨੇ ਰੁਜ਼ਗਾਰ ਦੀ ਭਾਲ ਵਿਚ ਆਏ ਸਾਡੇ ਦੇਸ਼ ਦੇ ਮੁੰਡੇ-ਕੁੜੀਆਂ ਲਈ ਵਰਦਾਨ ਹਨ ਕਿਉਂਕਿ ਇਹ ਉਨ੍ਹਾਂ ਨੂੰ ਸੌਖੇ ਹੀ ਰੁਜ਼ਗਾਰ ਦੇ ਦਿੰਦੇ ਹਨ। ਇਸ ਮੁਲਕ ਵਿਚ ਹਰ ਬੰਦਾ ਪ੍ਰਾਪਰਟੀ ਡੀਲਰ ਦਾ ਕੰਮ ਨਹੀਂ ਕਰ ਸਕਦਾ। ਰੀਅਲ ਅਸਟੇਟ ਦਾ ਕਾਰੋਬਾਰ ਕਰਨ ਲਈ ਇੱਥੋਂ ਦੀ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ। ਜਿਨ੍ਹਾਂ ਕੋਲ ਇਸ ਦਾ ਸਰਟੀਫਿਕੇਟ ਹੁੰਦਾ ਹੈ, ਉਹੀ ਘਰ ਖ਼ਰੀਦ ਤੇ ਵੇਚ ਕੇ ਚੰਗੀ ਕਮਾਈ ਕਰਦੇ ਹਨ। ਘਰ ਖ਼ਰੀਦਣਾ ਹਰ ਬੰਦੇ ਦੇ ਵਸ ਦੀ ਗੱਲ ਨਹੀਂ ਹੈ। ਬਿਨਾਂ ਯੋਗਤਾ ਤੋਂ ਇਸ ਮੁਲਕ ਵਿਚ ਪਹੁੰਚਣ ਲਈ ਬਹੁਤ ਹੱਥ-ਪੈਰ ਮਾਰਨੇ ਪੈਂਦੇ ਹਨ। ਬਿਨਾਂ ਵਰਕ ਪਰਮਿਟ ਤੋਂ ਇਸ ਮੁਲਕ ਵਿਚ ਕੰਮ ਨਹੀਂ ਮਿਲਦਾ। ਸੁਣਿਆ ਇਹ ਵੀ ਹੈ ਕਿ ਇੱਥੋਂ ਦੇ ਚੰਗੇ ਕਾਰੋਬਾਰੀ ਵਰਕ ਪਰਮਿਟ ਲਈ ਬੰਦੇ ਦੀ ਲੋੜ ਹੈ, ਲਿਖ ਕੇ ਦੇਣ ਲਈ ਮੁੰਡਿਆਂ-ਕੁੜੀਆਂ ਤੋਂ ਹਜ਼ਾਰਾਂ ਡਾਲਰ ਲੈਂਦੇ ਹਨ। ਲੁਕ-ਛਿਪ ਕੇ ਕੰਮ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ। ਪੱਕੀ ਨਾਗਰਿਕਤਾ ਲੈਣ ਲਈ ਬਹੁਤ ਪਾਪੜ ਵੇਲਣੇ ਪੈਂਦੇ ਹਨ। ਪੱਕੀ ਨਾਗਰਿਕਤਾ ਲੈ ਕੇ ਆਏ ਵਿਅਕਤੀਆਂ ਨੂੰ ਵੀ ਰੁਜ਼ਗਾਰ ਪ੍ਰਾਪਤ ਕਰਨ ਲਈ ਇਸ ਮੁਲਕ ਦੀ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ। ਆਈਟੀ ਸੈਕਟਰ ਵਿਚ ਚੰਗੀ ਯੋਗਤਾ ਰੱਖਣ ਵਾਲੇ ਬੱਚਿਆਂ ਨੂੰ ਕਾਫ਼ੀ ਚੰਗੀ ਤਨਖ਼ਾਹ ਮਿਲਦੀ ਹੈ। ਡਾਕਟਰ, ਵਕੀਲ, ਆਰਕੀਟੈਕਟ, ਬੈਂਕਰ, ਬੀਮਾ ਮਾਹਰ ਤੇ ਇੰਜੀਨੀਅਰ ਜੇਕਰ ਇਸ ਮੁਲਕ ਦੀ ਪ੍ਰੀਖਿਆ ਪਾਸ ਨਹੀਂ ਕਰ ਪਾਉਂਦੇ ਤਾਂ ਉਨ੍ਹਾਂ ਨੂੰ ਟਰੱਕਾਂ ਅਤੇ ਟੈਕਸੀਆਂ ਦੀ ਡਰਾਈਵਰੀ ਕਰਨੀ ਪੈਂਦੀ ਹੈ।
ਬਿਜਲੀ ਮਕੈਨਿਕ, ਪਲੰਬਰ, ਡਰਾਈਵਰੀ ਅਤੇ ਹੋਰ ਛੋਟੇ-ਮੋਟੇ ਧੰਦਿਆਂ ਵਿਚ ਕਮਾਈ ਚੰਗੀ ਹੈ। ਇੱਥੋਂ ਦੀ ਸਰਕਾਰ ਲੋਕਾਂ ਤੋਂ 15 % ਤੋਂ ਲੈ ਕੇ 33% ਤਕ ਟੈਕਸ ਲੈਂਦੀ ਹੈ। ਇਕੱਠੇ ਕੀਤੇ ਟੈਕਸ ਦੀ ਦੁਰਵਰਤੋਂ ਕਰਨ ਦੀ ਬਜਾਏ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਜ਼ਿਆਦਾਤਰ ਅਦਾਇਗੀ ਕ੍ਰੈਡਿਟ ਕਾਰਡ ਨਾਲ ਹੁੰਦੀ ਹੈ ਪਰ ਟੈਕਸ ਬਚਾਉਣ ਲਈ ਨਕਦ ਪੈਸੇ ਵੀ ਲਏ ਜਾਂਦੇ ਹਨ। ਇਸ ਮੁਲਕ ਵਿਚ ਨਵੇਂ ਸਿਰੇ ਤੋਂ ਆ ਕੇ ਜ਼ਿੰਦਗੀ ਸ਼ੁਰੂ ਕਰਨ ਵਾਲੇ ਲੋਕਾਂ ਨੂੰ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। ਘਰ ਕਿਰਾਏ ਉੱਤੇ ਲੈ ਕੇ ਰਹਿਣਾ ਹਰ ਬੰਦੇ ਦੇ ਵਸ ਦੀ ਗੱਲ ਨਹੀਂ।
ਇਸ ਲਈ ਜ਼ਿਆਦਾਤਰ ਲੋਕਾਂ ਨੂੰ ਮਜਬੂਰਨ ਘਰਾਂ ਦੀਆਂ ਬੇਸਮੈਟਾਂ ਵਿਚ ਰਹਿਣਾ ਪੈਂਦਾ ਹੈ। ਚੰਗੀ ਜ਼ਿੰਦਗੀ ਦੇ ਸੁਪਨੇ ਪੂਰੇ ਕਰਨ ਲਈ ਲੋਕਾਂ ਨੂੰ ਲੰਬਾ ਸਮਾਂ ਸੰਘਰਸ਼ ਕਰਨਾ ਪੈਂਦਾ ਹੈ। ਦੂਜੇ ਦੇਸ਼ਾਂ ਤੋਂ ਆਉਣ ਵਾਲੀਆਂ ਚੀਜ਼ਾਂ ਵਿਚ ਨਾ ਮਿਲਾਵਟ ਹੁੰਦੀ ਹੈ ਅਤੇ ਨਾ ਹੀ ਉਨ੍ਹਾਂ ਦੀ ਕੁਆਲਿਟੀ ਮਾੜੀ ਹੁੰਦੀ ਹੈ ਕਿਉਂਕਿ ਇੱਥੇ ਮਿਲਾਵਟ ਵਾਲੀ ਅਤੇ ਘਟੀਆ ਚੀਜ਼ ਵਿਕਦੀ ਹੀ ਨਹੀਂ। ਪੁਰਾਣੇ ਘਰਾਂ ਨੂੰ ਬੰਗਲੌ ਕਹਿੰਦੇ ਹਨ। ਉਨ੍ਹਾਂ ਦਾ ਸਾਰਾ ਕੁਝ ਥੱਲੇ ਹੈ ਪਰ ਨਵੇਂ ਘਰਾਂ ਦੀ ਰਿਹਾਇਸ਼ ਉੱਪਰ ਹੈ, ਬਾਕੀ ਸਾਰਾ ਕੁਝ ਥੱਲੇ ਹੁੰਦਾ ਹੈ। ਘਰ ਬਣਾਉਣ ਲਈ 75% ਲੱਕੜੀ ਦੀ ਵਰਤੋਂ ਕੀਤੀ ਜਾਂਦੀ ਹੈ। ਘਰਾਂ ਦੇ ਬਾਹਰ ਤੇ ਅੰਦਰ ਸੂਰਜੀ ਬਿਜਲੀ ਦਾ ਪ੍ਰਯੋਗ ਕਾਫ਼ੀ ਕੀਤਾ ਜਾਂਦਾ ਹੈ। ਚੰਗੀ ਮਾਲੀ ਹਾਲਤ ਵਾਲੇ ਲੋਕ ਵਰਤੋਂ ਦੀਆਂ ਨਵੀਆਂ ਚੀਜ਼ਾਂ ਲੈਣ ਲਈ ਪੁਰਾਣੀਆਂ ਚੀਜ਼ਾਂ ਘਰਾਂ ਦੇ ਬਾਹਰ ਰੱਖ ਦਿੰਦੇ ਹਨ, ਜਿਨ੍ਹਾਂ ਨੂੰ ਲੋੜਵੰਦ ਲੋਕ ਲੈ ਜਾਂਦੇ ਹਨ। ਘਰਾਂ ਦੀ ਸਫ਼ਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ।
ਹਰ ਘਰ ਦੇ ਬਾਹਰ ਬੂਟਾ ਲੱਗਿਆ ਹੁੰਦਾ ਹੈ। ਬੂਟੇ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਘਰ ਕਿੰਨਾ ਪੁਰਾਣਾ ਹੋ ਸਕਦਾ ਹੈ। ਚਾਰੇ ਪਾਸੇ ਇੱਕੋ ਜਿਹੇ ਰੁੱਖ ਅਤੇ ਹਰਿਆਲੀ ਵਿਖਾਈ ਦੇਵੇਗੀ। ਘਰਾਂ ਵਿਚ ਰਸੋਈ ਤੋਂ ਲੈ ਕੇ ਸਫ਼ਾਈ ਤਕ ਸਾਰਾ ਕੰਮ ਬਿਜਲੀ ਦੇ ਉਪਕਰਨਾਂ ਨਾਲ ਹੁੰਦਾ ਹੈ। ਨਗਰ ਕੌਂਸਲ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਕੰਮ ਨਹੀਂ ਕਰਵਾਇਆ ਜਾ ਸਕਦਾ।
ਪਿੰਡ ਵੀ ਸ਼ਹਿਰਾਂ ਵਰਗੇ ਹੀ ਹਨ। ਵਿਦੇਸ਼ੀ ਲੋਕਾਂ ਦੀਆਂ ਮਾੜੀਆਂ ਆਦਤਾਂ ਨੂੰ ਵੇਖ ਕੇ ਇਸ ਦੇਸ਼ ਦੇ ਗੋਰੇ ਇੱਧਰ-ਉੱਧਰ ਜਾ ਕੇ ਵਸ ਰਹੇ ਹਨ। ਨਿਯਮ ਸਖ਼ਤ ਹਨ। ਜੁਰਮਾਨੇ ਦੀ ਰਕਮ ਕਾਫ਼ੀ ਹੁੰਦੀ ਹੈ। ਨਸ਼ੇ ਦੁਕਾਨਾਂ ’ਤੇ ਮਿਲਦੇ ਹਨ। ਵਿਗੜੇ ਹੋਏ ਬੱਚੇ ਨਸ਼ੇ ਕਰਦੇ ਹਨ। ਕੈਨੇਡਾ ਆਪਣੇ ਨਾਗਰਿਕਾਂ ਨੂੰ ਉਨ੍ਹਾਂ ਦੇ ਬੁਢਾਪੇ ਤਕ ਪੈਨਸ਼ਨ ਦੇ ਕੇ ਰੋਟੀ ਦੇਣ ਦੀ ਜ਼ਿੰਮੇਵਾਰੀ ਲੈਂਦਾ ਹੈ। ਬਾਹਰਲੇ ਦੇਸ਼ਾਂ ਤੋਂ ਆ ਕੇ ਵਸੇ ਹੋਏ ਲੋਕਾਂ ਨੂੰ ਡਾਲਰਾਂ ਦੀ ਕਮਾਈ ਦੀ ਚਮਕ ਤੇ ਲਲਕ ਹਰ ਵੇਲੇ ਦੌੜਾਈ ਰੱਖਦੀ ਹੈ। ਇਹ ਮੁਲਕ ਆਪਣੇ ਨਾਗਰਿਕਾਂ ਦਾ ਸੰਕਟ ਵੇਲੇ ਵੀ ਸਾਥ ਦਿੰਦਾ ਹੈ। ਇੱਥੋਂ ਦੇ ਡਾਲਰ ਜੇ ਇੱਥੇ ਕਮਾ ਕੇ ਇੱਥੇ ਹੀ ਖ਼ਰਚਣੇ ਹੋਣ ਤਾਂ ਸਾਡੇ ਦੇਸ਼ ਵਾਂਗ ਗੁਜ਼ਾਰਾ ਹੀ ਹੁੰਦਾ ਹੈ। ਚੰਗੇ ਗੁਜ਼ਾਰੇ ਲਈ ਪਰਿਵਾਰ ਦੇ ਸਾਰੇ ਜੀਆਂ ਨੂੰ ਕਮਾਉਣਾ ਪੈਂਦਾ ਹੈ। ਘਰਾਂ ਵਿਚ ਕੰਮ ਕਰਨ ਲਈ ਨੌਕਰਾਣੀ ਅਮੀਰ ਲੋਕ ਹੀ ਰੱਖ ਸਕਦੇ ਹਨ ਕਿਉਂਕਿ ਸਾਡੇ ਦੇਸ਼ ਦੀ ਤਰ੍ਹਾਂ ਉਸ ਨੂੰ ਘੱਟ ਤਨਖ਼ਾਹ ’ਤੇ ਨਹੀਂ ਰੱਖਿਆ ਜਾ ਸਕਦਾ। ਇੱਥੋਂ ਦੇ ਬੰਦੇ ਤੇ ਮੌਸਮ ਵੱਖਰੀ ਤਰ੍ਹਾਂ ਦੇ ਹਨ।
ਕੈਨੇਡਾ ਦੀ ਭੂਗੋਲਿਕ ਸਥਿਤੀ ਅਨੁਸਾਰ ਧਰੁਵ ਕੋਲ ਹੋਣ ਕਾਰਨ ਵਰਖਾ ਅਤੇ ਸਰਦੀ ਜ਼ਿਆਦਾ ਪੈਂਦੇ ਹਨ। ਹਵਾ ਵਿਚ ਨਮੀ ਜ਼ਿਆਦਾ ਅਤੇ ਧੁੱਪ ਵਿਚ ਸੇਕ ਨਾ ਹੋਣ ਕਾਰਨ ਇੱਥੋਂ ਦੇ ਲੋਕ ਡਾਕਟਰਾਂ ਦੀ ਸਲਾਹ ਨਾਲ ਵਿਟਾਮਿਨ ਖਾਂਦੇ ਹਨ। ਡਾਕਟਰੀ ਇਲਾਜ ਮਹਿੰਗਾ ਅਤੇ ਔਖਾ ਹੈ। ਬਾਹਰਲੇ ਦੇਸ਼ਾਂ ਤੋਂ ਆ ਕੇ ਵਸੇ ਕੁਝ ਪ੍ਰਤੀਸ਼ਤ ਲੋਕਾਂ ਨੂੰ ਛੱਡ ਕੇ ਲੋਕਾਂ ਨੂੰ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਆਦਤ ਹੈ।
ਸੜਕਾਂ ’ਤੇ ਪੈਦਲ ਚੱਲਣ ਵਾਲਿਆਂ ਲਈ ਵੱਖਰਾ ਰਸਤਾ ਹੈ। ਸਾਡੇ ਦੇਸ਼ ਵਾਂਗ ਕੈਨੇਡਾ ਦੇ ਨੇਤਾ ਸੁਰੱਖਿਆ ਦਸਤਿਆਂ ਨਾਲ ਨਾ ਤਾਂ ਜਨਤਕ ਥਾਵਾਂ ’ਤੇ ਨਜ਼ਰ ਆਉਂਦੇ ਹਨ ਤੇ ਨਾ ਹੀ ਉਦਘਾਟਨ ਕਰਦੇ ਹਨ। ਇਸ ਦੇਸ਼ ਵਿਚ ਸਿਆਸੀ ਜਲਸੇ-ਜਲੂਸ ਵੀ ਨਜ਼ਰ ਨਹੀਂ ਆਉਂਦੇ। ਇਹ ਲੋਕਤੰਤਰੀ ਮੁਲਕ ਹੈ। ਹਰ ਧਰਮ ਦੇ ਲੋਕਾਂ ਨੂੰ ਆਪਣੇ ਧਰਮ ਨੂੰ ਮੰਨਣ ਅਤੇ ਉਸ ਦਾ ਪ੍ਰਚਾਰ ਕਰਨ ਦਾ ਅਧਿਕਾਰ ਹੈ। ਸਰਕਾਰੀ ਮੁਲਾਜ਼ਮ ਆਪਣੇ ਅਧਿਕਾਰਾਂ ਲਈ ਹੜਤਾਲ ਕਰਦੇ ਹਨ ਪਰ ਸਾਡੇ ਦੇਸ਼ ਦੇ ਮੁਲਾਜ਼ਮਾਂ ਵਾਂਗ ਨਹੀਂ। ਲੋਕ ਕੁੱਤਿਆਂ ਨੂੰ ਘੁਮਾਉਂਦੇ ਹੋਏ ਸਾਫ਼-ਸਫ਼ਾਈ ਦਾ ਬਹੁਤ ਧਿਆਨ ਰੱਖਦੇ ਹਨ। ਜਨਤਕ ਥਾਵਾਂ ਦੀ ਸਾਫ਼-ਸਫ਼ਾਈ ਵੇਖਣ ਵਾਲੀ ਹੈ। ਕੁਦਰਤੀ ਸਰੋਤਾਂ ਦੀ ਨਾ ਦੁਰਵਰਤੋਂ ਕੀਤੀ ਜਾਂਦੀ ਹੈ ਤੇ ਨਾ ਹੀ ਉਨ੍ਹਾਂ ਨੂੰ ਬਰਬਾਦ ਕੀਤਾ ਜਾਂਦਾ ਹੈ। ਕੈਨੇਡਾ ਦੀ ਆਬਾਦੀ ਸਿਰਫ਼ 4 ਕੁ ਕਰੋੜ ਹੈ ਪਰ ਖੇਤਰਫਲ ਸਾਡੇ ਦੇਸ਼ ਨਾਲੋਂ 4 ਗੁਣਾ ਜ਼ਿਆਦਾ ਹੈ।
ਸਾਡੇ ਦੇਸ਼ ਤੋਂ ਇਸ ਮੁਲਕ ’ਚ ਆ ਕੇ ਨੌਕਰੀ ਕਰਦੇ ਮੁੰਡਿਆਂ-ਕੁੜੀਆ ਦੇ ਬੱਚੇ ਪਾਲਣ ਲਈ ਆਏ ਬਜ਼ੁਰਗ ਪਾਰਕਾਂ ’ਚ ਤਾਸ਼ ਖੇਡਦੇ ਨਜ਼ਰ ਆਉਂਦੇ ਹਨ। ਇੱਥੋਂ ਦੇ ਵਸਨੀਕ ਗੋਰੇ 5 ਦਿਨ ਕੰਮ ਕਰਦੇ ਹਨ ਤੇ 2 ਦਿਨ ਜ਼ਿੰਦਗੀ ਦਾ ਮਜ਼ਾ ਲੈਂਦੇ ਹਨ। ਇਹ ਲੋਕ ਕੇਵਲ ਆਪਣੇ ਕੰਮ ਨਾਲ ਮਤਲਬ ਰੱਖਦੇ ਹਨ। ਸਾਡੇ ਦੇਸ਼ ਦੇ ਲੋਕਾਂ ਵਾਂਗ ਇਨ੍ਹਾਂ ਕੋਲ ਚੁਗਲੀਆਂ ਕਰਨ ਤੇ ਇੱਧਰ-ਉੱਧਰ ਦੀਆਂ ਗੱਲਾਂ ਮਾਰਨ ਦਾ ਸਮਾਂ ਨਹੀਂ ਹੁੰਦਾ। ਵਿਦੇਸ਼ਾਂ ਤੋਂ ਆ ਕੇ ਵਸੇ ਲੋਕ ਨਾ ਆਪਣੇ ਦੇਸ਼ ਜੋਗੇ ਰਹੇ ਹਨ ਤੇ ਨਾ ਹੀ ਕੈਨੇਡਾ ਜੋਗੇ। ਕਈ ਸ਼ਹਿਰਾਂ ’ਚ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਹ ਪੰਜਾਬ ਦੇ ਸ਼ਹਿਰ ਹੀ ਲੱਗਦੇ ਹਨ।
ਪੜ੍ਹਾਈ ਕਰਨ ਆਏ ਬੱਚੇ ਪਾਸ ਬਣਾ ਕੇ ਬੱਸਾਂ ’ਚ ਸਫ਼ਰ ਕਰਦੇ ਹਨ। ਸਕੂਲੀ ਪੜ੍ਹਾਈ ਬੱਚਿਆਂ ਦੇ ਮਾਪਿਆਂ ਉੱਤੇ ਬੋਝ ਨਹੀਂ। ਕੈਥੋਲਿਕ ਸਕੂਲਾਂ ਵਿਚ ਕੇਵਲ ਕੈਥੋਲਿਕ ਲੋਕਾਂ ਦੇ ਬੱਚਿਆਂ ਨੂੰ ਹੀ ਦਾਖ਼ਲਾ ਮਿਲਦਾ ਹੈ। ਪ੍ਰਾਈਵੇਟ ਸਕੂਲਾਂ ’ਚ ਅਮੀਰ ਲੋਕਾਂ ਦੇ ਬੱਚੇ ਹੀ ਪੜ੍ਹ ਸਕਦੇ ਹਨ ਕਿਉਂਕਿ ਉਨ੍ਹਾਂ ਦੀ ਫ਼ੀਸ ਮਹੀਨੇ ਦੀ ਇਕ ਹਜ਼ਾਰ ਡਾਲਰ ਹੈ। ਬੱਚੇ 14 ਸਾਲ ਦੀ ਉਮਰ ਤੋਂ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਨੌਕਰੀ ਕਰਨ ਲੱਗ ਪੈਂਦੇ ਹਨ। ਕਾਲਜ ਦੀ ਪੜ੍ਹਾਈ ਬਹੁਤ ਮਹਿੰਗੀ ਹੈ। ਇਸ ਮੁਲਕ ’ਚ ਜ਼ਿਆਦਾਤਰ ਚੀਜ਼ਾਂ ਬਾਹਰਲੇ ਮੁਲਕਾਂ ਤੋਂ ਆਉਂਦੀਆਂ ਹਨ। ਇੱਥੇ ਗੰਨਾ ਤੇ ਮੱਕੀ ਦੀਆਂ ਫ਼ਸਲਾਂ ਹੁੰਦੀਆਂ ਹਨ। ਜਿਸ ਤਰ੍ਹਾਂ ਕੈਨੇਡਾ ’ਚ ਵਿਦੇਸ਼ ਵਿੱਚੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ ਜੇ ਉਸ ਮੁਤਾਬਕ ਲੋੜਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇੱਥੇ ਸਮੱਸਿਆਵਾਂ ਤੇ ਚੁਣੌਤੀਆਂ ਵਧਦੀਆਂ ਜਾਣਗੀਆਂ।
—-ਵਿਜੈ ਕੁਮਾਰ