ਹੈਦਰਾਬਾਦ / ਅਪੋਲੋ ਹਸਪਤਾਲ ਅਤੇ ਡਾ: ਰੈਡੀਜ਼ ਲੈਬਾਰਟਰੀਜ਼ ਵਲੋਂ ਅੱਜ ਭਾਰਤ ‘ਚ ‘ਸਪੂਤਨਿਕ-ਵੀ’ ਟੀਕਾਕਰਨ ਸ਼ੁਰੂ ਕੀਤਾ ਗਿਆ।
ਹੈਦਰਾਬਾਦ ਅਤੇ ਅਤੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਖੇ ਅਪੋਲੋ ਹਸਪਤਾਲਾਂ ਵਿਚ ‘ਸਪੂਤਨਿਕ-ਵੀ’ ਟੀਕਾਕਰਨ ਮੁਹਿੰਮ ਦਾ ਪਹਿਲਾ ਪੜਾਅ ਸ਼ੁਰੂ ਕੀਤਾ ਗਿਆ। ਟੀਕਾਕਰਨ ਲਈ ‘ਕੋਵਿਨ’ ‘ਤੇ ਰਜਿਸਟ੍ਰੇਸ਼ਨ ਸਮੇਤ ਕੇਂਦਰ ਸਰਕਾਰ ਦੇ ਸਾਰੇ ਦਿਸ਼ਾ ਨਿਰਦੇਸ਼ਾਂ ਦਾ ਪਾਲਣਾ ਕੀਤੀ ਜਾਵੇਗੀ। ਕੇਂਦਰ ਨੇ ਭਾਰਤ ‘ਚ ਕੋਵੈਕਸੀਨ ਅਤੇ ਕੋਵੀਸ਼ੀਲਡ ਦੇ ਇਲਾਵਾ ‘ਸਪੂਤਨਿਕ-ਵੀ’ ਵੈਕਸੀਨ ਲਗਾਉਣ ਦੀ ਮਨਜ਼ੂਰੀ ਦਿੱਤੀ ਹੋਈ ਹੈ। ਇਸ ਮੌਕੇ ਅਪੋਲੋ ਹਸਪਤਾਲ ਸਮੂਹ ਦੇ ਡਾ: ਕੇ. ਹਰੀ ਪ੍ਰਸਾਦ ਨੇ ਕਿਹਾ ਕਿ ਨਿੱਜੀ ਖੇਤਰ ‘ਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਦੇ ਨਾਲ ਅਸੀਂ ਆਪਣੇ ਹਸਪਤਾਲ ਨੈੱਟਵਰਕ ‘ਚ ਟੀਕਾਕਰਨ ਕੇਂਦਰ ਖੋਲ੍ਹ ਕੇ ਟੀਕਾਕਰਨ ਦਰ ‘ਚ ਤੇਜ਼ੀ ਲਿਆਉਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਰਪੋਰੇਟਾਂ ਨਾਲ ਉਨ੍ਹਾਂ ਦੇ ਕੰਪਲੈਕਸਾਂ ‘ਚ ਟੀਕਾਕਰਨ ਕਰਨ ਸਬੰਧੀ ਵੀ ਚਰਚਾ ਕਰ ਰਹੇ ਹਾਂ।
ਮੌਜੂਦਾ ਸਮੇਂ ਅਸੀਂ ਅਪੋਲੋ ਹਸਪਤਾਲ, ਅਪੋਲੋ ਸਪੈਕਟ੍ਰਾ ਹਸਪਤਾਲ ਅਤੇ ਅਪੋਲੋ ਕਲੀਨਿਕ ਸਮੇਤ ਦੇਸ਼ ਭਰ ‘ਚ 60 ਥਾਵਾਂ ‘ਤੇ ਵੈਕਸੀਨ ਦਾ ਪ੍ਰਬੰਧ ਕਰ ਰਹੇ ਹਾਂ। ਇਸ ਮੌਕੇ ਡਾ: ਰੈਡੀਜ਼ ਦੇ ਸੀ. ਈ. E. ਐਮ. ਵੀ. ਰਮਨਾ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ‘ਸਪੂਤਨਿਕ-ਵੀ’ ਵੈਕਸੀਨ ਦੇ ਨਾਲ ਅਸੀਂ ਵੱਡੇ ਪੱਧਰ ‘ਤੇ ਲੋਕਾਂ ਲਈ ਟੀਕਿਆਂ ਦੀ ਉਪਲਬਧਤਾ ਅਤੇ ਪਹੁੰਚ ਨੂੰ ਸੌਖਾ ਬਣਾਉਣ ‘ਚ ਮਹੱਤਵਪੂਰਨ ਯੋਗਦਾਨ ਦੇਣ ‘ਚ ਸਮਰੱਥ ਹੋਵਾਂਗੇ। ‘ਸਪੂਤਨਿਕ-ਵੀ’ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ‘ਚ ਯੋਗਦਾਨ ਪਾਉਣ ਵਾਲੇ ਭਾਰਤ ਵਿਚ ਵਰਤਿਆ ਜਾਣ ਵਾਲਾ ਪਹਿਲਾ ਵਿਦੇਸ਼ੀ ਟੀਕਾ ਹੈ। ਇਸ ਮੌਕੇ ਸ੍ਰੀ ਰਮਨਾ ਨੇ ਦੱਸਿਆ ਕਿ ‘ਸਪੂਤਨਿਕ-ਵੀ’ ਦੀ ਭਾਰੀ ਮੰਗ ਸੀ। ਇਸ ਟੀਕਾਕਰਨ ਮੁਹਿੰਮ ਤਹਿਤ 1,50,000 ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੈਦਰਾਬਾਦ ਤੇ ਵਿਸ਼ਾਖਾਪਟਨਮ ਤੋਂ ਬਾਅਦ ਦਿੱਲੀ, ਮੁੰਬਈ, ਬੈਂਗਲੁਰੂ, ਅਹਿਮਦਾਬਾਦ, ਚੇਨਈ, ਕੋਲਕਾਤਾ ਅਤੇ ਪੁਣੇ ਦੇ ਅਪੋਲੋ ਹਸਪਤਾਲਾਂ ‘ਚ ਵੈਕਸੀਨ ਲਗਾਈ ਜਾਵੇਗੀ।