ਨਵੀਂ ਦਿੱਲੀ, 3 ਮਾਰਚ
ਸੀਨੀਅਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੈਂਬਰਿਜ ਯੂਨੀਵਰਸਿਟੀ ਵਿੱਚ ਦਿੱਤੇ ਲੈਕਚਰ ਦੌਰਾਨ ਕਿਹਾ ਕਿ ਭਾਰਤੀ ਜਮਹੂਰੀਅਤ ‘ਤੇ ਲਗਾਤਾਰ ਹਮਲੇ ਹੋ ਰਹੇ ਹਨ ਤੇ ਉਨ੍ਹਾਂ ਸਣੇ ਕਈ ਸਿਆਸਤਦਾਨਾਂ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਗਾਂਧੀ ਨੇ ਇਹ ਟਿੱਪਣੀਆਂ ਯੂਨੀਵਰਸਿਟੀ ਵਿੱਚ ‘ਲਰਨਿੰਗ ਟੂ ਲਿਸਨ’ ਵਿਸ਼ੇ ‘ਤੇ ਆਪਣੇ ਲੈਕਚਰ ਦੌਰਾਨ ਕੀਤੀਆਂ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਾਬਕਾ ਸਲਾਹਕਾਰ ਸੈਮ ਪਿਤਰੋਦਾ ਨੇ ਰਾਹੁਲ ਗਾਂਧੀ ਦਾ ਇਹ ਲੈਕਚਰ ਟਵਿੱਟਰ ‘ਤੇ ਸਾਂਝਾ ਕੀਤਾ ਹੈ। ਗਾਂਧੀ ਨੇ ਪੈਗਾਸਸ ਜਾਸੂਸੀ ਮਸਲੇ ਦੀ ਗੱਲ ਕਰਦਿਆਂ ਦਾਅਵਾ ਕੀਤਾ ਕਿ ਇਜ਼ਰਾਇਲੀ ਸਪਾਈਵੇਅਰ ਉਨ੍ਹਾਂ ਸਣੇ ਹੋਰ ਕਈ ਵੱਡੀ ਗਿਣਤੀ ਸਿਆਸਤਦਾਨਾਂ ਦੇ ਫੋਨਾਂ ‘ਤੇ ਇੰਸਟਾਲ ਕੀਤਾ ਗਿਆ ਸੀ। ਰਾਹੁਲ ਨੇ ਕਿਹਾ, ”ਭਾਰਤੀ ਜਮਹੂਰੀਅਤ ਦਬਾਅ ਹੇਠ ਤੇ ਹਮਲੇ ਅਧੀਨ ਹੈ। ਜਮਹੂਰੀਅਤ ਲਈ ਲੋੜੀਂਦਾ ਸੰਸਥਾਗਤ ਢਾਂਚਾ….ਸੰਸਦ, ਸੁਤੰਤਰ ਪ੍ਰੈੱਸ, ਨਿਆਂਪਾਲਿਕਾ, ਲਾਮਬੰਦੀ ਦਾ ਵਿਚਾਰ…ਇਨ੍ਹਾਂ ਸਾਰਿਆਂ ‘ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਸਾਨੂੰ ਜਮਹੂਰੀਅਤ ਦੇ ਬੁਨਿਆਦੀ ਢਾਂਚੇ ‘ਤੇ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।” ਗਾਂਧੀ ਨੇ ਕਿਹਾ ਕਿ ਸੰਵਿਧਾਨ ਵਿੱਚ ਭਾਰਤ ਦੀ ਰਾਜਾਂ ਦੇ ਸੰਘ ਵਜੋਂ ਵਿਆਖਿਆ ਕੀਤੀ ਗਈ ਹੈ ਤੇ ਉਸ ਸੰਘ ਨੂੰ ਗੱਲਬਾਤ ਤੇ ਵਿਚਾਰ-ਵਟਾਂਦਰੇ ਦੀ ਲੋੜ ਹੈ। ਉਨ੍ਹਾਂ ਕਿਹਾ, ”ਗੱਲਬਾਤ ਤੇ ਵਿਚਾਰ ਵਟਾਂਦਰੇ ਦੇ ਇਸੇ ਅਮਲ ‘ਤੇ ਹਮਲੇ ਕੀਤੇ ਜਾ ਰਹੇ ਹਨ ਤੇ ਇਹ ਖ਼ਤਰੇ ਵਿੱਚ ਹੈ…ਘੱਟਗਿਣਤੀਆਂ ਤੇ ਪ੍ਰੈੱਸ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹੈ।” ਸਾਬਕਾ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ, ”ਵੱਡੀ ਗਿਣਤੀ ਸਿਆਸਤਦਾਨਾਂ ਦੇ ਫੋਨ ਵਿੱਚ ਪੈਗਾਸਸ ਸਪਾਈਵੇਅਰ ਸੀ। ਮੇਰੇ ਪਣੇ ਫੋਨ ‘ਤੇ ਪੈਗਾਸਸ ਸੀ। ਇੰਟੈਲੀਜੈਂਸ ਅਧਿਕਾਰੀਆਂ ਨੇ ਮੈਨੂੰ ਸੱਦਿਆ ਤੇ ਕਿਹਾ ਕਿ ਫੋਨ ‘ਤੇ ਗੱਲਬਾਤ ਕਰਨ ਮੌਕੇ ਚੌਕਸ ਰਹਿਣਾ ਕਿਉਂਕਿ ਤੁਸੀਂ ਜੋ ਕੁਝ ਵੀ ਬੋਲੋਗੇ, ਉਸ ਨੂੰ ਰਿਕਾਰਡ ਕੀਤਾ ਜਾਵੇਗਾ।” ਗਾਂਧੀ ਨੇ ਕਿਹਾ, ”ਮੇਰੇ ਖਿਲਾਫ਼ ਕਈ ਅਪਰਾਧਿਕ ਕੇਸ ਦਰਜ ਕੀਤੇ ਗਏ ਹਨ, ਜੋ ਉਨ੍ਹਾਂ ਧਾਰਾਵਾਂ ਤਹਿਤ ਦਰਜ ਨਹੀਂ ਹੋਣੇ ਚਾਹੀਦੇ ਸਨ। ਜਦੋਂ ਮੀਡੀਆ ਤੇ ਜਮਹੂਰੀ ਤਾਣੇ ਬਾਣੇ ਉੱਤੇ ਇਸ ਢੰਗ ਨਾਲ ਹਮਲੇ ਹੋ ਰਹੇ ਹੋਣ ਤਾਂ ਵਿਰੋਧੀ ਧਿਰ ਵਜੋਂ ਤੁਹਾਡੇ ਲਈ ਲੋਕਾਂ ਨਾਲ ਸੰਵਾਦ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।” -ਪੀਟੀਆਈ
ਕਾਂਗਰਸ ਨੂੰ ਵਿਦੇਸ਼ੀ ਸਰਜ਼ਮੀਨ ਤੋਂ ਭਾਰਤ ਨੂੰ ਬਦਨਾਮ ਕਰਨ ਦੀ ਪੁਰਾਣੀ ਆਦਤ: ਅਨੁਰਾਗ
ਨਵੀਂ ਦਿੱਲੀ: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਨੂੰ ਆਪਣੇ ਵਿਦੇਸ਼ੀ ਦੋੋਸਤਾਂ ਦੀ ਮਦਦ ਨਾਲ ਵਿਦੇਸ਼ੀ ਸਰਜ਼ਮੀਨ ‘ਤੇ ਜਾ ਕੇ ਭਾਰਤ ਨੂੰ ਬਦਨਾਮ ਕਰਨ ਦੀ ਪੁਰਾਣੀ ਆਦਤ ਹੈ। ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਤੇ ਹੋਰਨਾਂ ਕਾਂਗਰਸੀ ਆਗੂਆਂ ਨੂੰ ਜੇਕਰ ਲੱਗਦਾ ਹੈ ਕਿ ਉਨ੍ਹਾਂ ਦੇ ਫੋਨਾਂ ਨਾਲ ਛੇੜਖਾਨੀ ਹੋਈ ਹੈ ਤਾਂ ਉਹ ਆਪਣੇ ਫੋਨ ਸੁਪਰੀਮ ਕੋਰਟ ਵੱਲੋਂ ਪੈਗਾਸਸ ਜਾਸੂਸੀ ਮਸਲੇ ਦੀ ਜਾਂਚ ਲਈ ਬਣਾਈ ਤਕਨੀਕੀ ਕਮੇਟੀ ਕੋਲ ਜਮ੍ਹਾਂ ਕਰਵਾ ਸਕਦੇ ਹਨ। ਠਾਕੁਰ, ਜਿਨ੍ਹਾਂ ਕੋਲ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਹੈ, ਨੇ ਹੈਰਾਨਗੀ ਜਤਾਈ ਕਿ ਰਾਹੁਲ ਤੇ ਹੋਰਨਾਂ ਨੂੰ ਅਜਿਹਾ ਕਰਨ ਤੋਂ ਕਿਸ ਨੇ ਰੋਕਿਆ ਹੈ। ਠਾਕੁਰ ਨੇ ਕਿਹਾ ਕਿ ਰਾਹੁਲ ਅਸੈਂਬਲੀ ਚੋਣਾਂ ਵਿੱਚ ਉਪਰੋਥੱਲੀ ਮਿਲੀ ਹਾਰ ਤੋਂ ਨਿਰਾਸ਼ ਹਨ, ਜਿਸ ਕਰਕੇ ਉਹ ਵਿਦੇੇਸ਼ੀ ਧਰਤੀ ਤੋਂ ਦੋਸ਼ ਲਾਉਣ ਲਈ ਮਜਬੂਰ ਹਨ। -ਪੀਟੀਆਈ