ਰਤਨ ਸਿੰਘ ਢਿੱਲੋਂ/ਪੀਪੀ ਵਰਮਾ/ਫਰਿੰਦਰ ਪਾਲ
ਅੰਬਾਲਾ/ਪੰਚਕੂਲਾ/ਨਾਰਾਇਣਗੜ੍ਹ, 3 ਮਾਰਚ
ਯਮੁਨਾਨਗਰ-ਪੰਚਕੂਲਾ ਕੌਮੀ ਹਾਈਵੇਅ ‘ਤੇ ਅੱਜ ਸਵੇਰੇ ਬੱਸ ਤੇ ਟਰੱਕ ਵਿਚਾਲੇ ਹੋਈ ਟੱਕਰ ਵਿੱਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 20 ਤੋਂ ਵੱਧ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਸ਼ਾਹਜ਼ਾਦਪੁਰ ਦੇ ਐੱਸਐੱਚਓ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਹੋ ਗਈ ਹੈ। ਪੁਲੀਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਯੂਪੀ ਦੇ ਬਰੇਲੀ ਤੋਂ ਇੱਕ ਬੱਸ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਬੱਦੀ (ਹਿਮਾਚਲ ਪ੍ਰਦੇਸ਼) ਜਾ ਰਹੀ ਸੀ। ਬੀਤੀ ਸ਼ਾਮ 7 ਵਜੇ ਬਰੇਲੀ ਤੋਂ ਚੱਲੀ ਬੱਸ ਜਿਵੇਂ ਹੀ ਸਵੇਰੇ ਸ਼ਾਹਜ਼ਾਦਪੁਰ ਦੇ ਕੱਕੜ ਮਾਜਰਾ ਪਿੰਡ ਕੋਲ ਪਹੁੰਚੀ ਤਾਂ ਇਕ ਟਰਾਲੇ ਨੇ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਮਗਰੋਂ ਟਰਾਲਾ ਵੀ ਪਲਟ ਗਿਆ। ਇਸ ਦੌਰਾਨ ਅੱਠ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 20 ਤੋਂ ਵੱਧ ਹੋਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਸੜਕ ‘ਤੇ ਜਾਮ ਲੱਗ ਗਿਆ। ਪੁਲੀਸ ਨੇ ਕਰੇਨ ਦੀ ਮਦਦ ਨਾਲ ਟਰਾਲੇ ਅਤੇ ਬੱਸ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਸੁਚਾਰੂ ਢੰਗ ਨਾਲ ਚਲਾਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ‘ਤੇ ਪਹੁੰਚ ਗਈ। ਪੋਸਟਮਾਰਟਮ ਲਈ ਛੇ ਲਾਸ਼ਾਂ ਨਰਾਇਣਗੜ੍ਹ ਦੇ ਸਿਵਲ ਹਸਪਤਾਲ ਅਤੇ ਦੋ ਪੰਚਕੂਲਾ ਦੇ ਸਿਵਲ ਹਸਪਤਾਲ ਰਖਵਾ ਦਿੱਤੀਆਂ ਗਈਆਂ ਹਨ। ਪੰਜ ਜ਼ਖ਼ਮੀਆਂ ਨੂੰ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਜ਼ਖ਼ਮੀਆਂ ‘ਚੋਂ ਦੋ ਦੀ ਹਾਲਤ ਨਾਜ਼ੁਕ ਹੋਣ ਕਰਕੇ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਅੰਬਾਲਾ ਕੈਂਟ ਹਸਪਤਾਲ ਵਿੱਚ 40 ਸਾਲਾ ਗੁੱਡੀ ਅਤੇ ਉਸ ਦੀ ਬੇਟੀ ਸ਼ਿਵਾਨੀ ਦਾ ਇਲਾਜ ਚੱਲ ਰਿਹਾ ਹੈ ਜਦੋਂ ਕਿ ਚਾਂਦ ਬਾਬੂ ਛੁੱਟੀ ਲੈ ਕੇ ਚਲਾ ਗਿਆ ਹੈ। ਇਸੇ ਤਰ੍ਹਾਂ ਅੰਬਾਲਾ ਕੈਂਟ ਲਿਆਂਦੇ ਗਏ ਇੱਕ ਸਾਲ ਦੇ ਬੱਚੇ ਅਤੇ ਅਣਪਛਾਤੇ ਵਿਅਕਤੀ ਨੂੰ ਡਾਕਟਰਾਂ ਨੇ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਪੀਜੀਆਈ ਰੈਫਰ ਕਰ ਦਿੱਤਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ਾਹਜ਼ਾਦਪੁਰ ਥਾਣੇ ਦੇ ਐੱਸਐੱਚਓ ਬੀਰਭਾਨ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ।
ਪਾਰਟੀ ਤੋਂ ਪਰਤ ਰਹੇ ਛੇ ਦੋਸਤ ਹਾਦਸੇ ‘ਚ ਹਲਾਕ
ਫਰੀਦਾਬਾਦ (ਕੁਲਵਿੰਦਰ ਕੌਰ ਦਿਓਲ): ਗੁਰੂਗ੍ਰਾਮ-ਫਰੀਦਾਬਾਦ ਕੌਮੀ ਮਾਰਗ ‘ਤੇ ਬੀਤੀ ਰਾਤ ਇੱਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਪਾਰਟੀ ਤੋਂ ਪਰਤ ਰਹੇ ਛੇ ਦੋਸਤਾਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਗੁਰੂਗ੍ਰਾਮ-ਫਰੀਦਾਬਾਦ ਰੋਡ ‘ਤੇ ਮਾਂਗਰ ਪੁਲੀਸ ਚੌਕੀ ਨੇੜੇ ਰਾਤ 1 ਵਜੇ ਦੇ ਕਰੀਬ ਵਾਪਰਿਆ। ਮ੍ਰਿਤਕਾਂ ਦੀ ਪਛਾਣ ਪੁਨੀਤ ਮੰਗਲਾ, ਜਤਿਨ, ਆਕਾਸ਼ ਉਰਫ ਨੋਨੂ ਗੁਲਾਟੀ, ਸੰਦੀਪ, ਬਲਜੀਤ ਅਤੇ ਵਿਸ਼ਾਲ ਸੇਠੀ ਵਜੋਂ ਹੋਈ ਹੈ। ਇਹ ਸਾਰੇ ਪਲਵਲ ਦੇ ਰਹਿਣ ਵਾਲੇ ਸਨ। ਸਾਰਿਆਂ ਦੀ ਉਮਰ 18 ਤੋਂ 25 ਸਾਲ ਵਿਚਾਲੇ ਦੱਸੀ ਜਾ ਰਹੀ ਹੈ। ਪੁਲੀਸ ਨੇ ਫ਼ਰਾਰ ਟਰੱਕ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਪੁਨੀਤ ਮੰਗਲਾ ਦੇ ਰਿਸ਼ਤੇਦਾਰ ਸੁਰੇਸ਼ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਪੁਨੀਤ ਅਤੇ ਉਸ ਦੇ ਪੰਜ ਦੋਸਤਾਂ ਆਕਾਸ਼, ਵਿਸ਼ਾਲ, ਸੰਦੀਪ, ਬਲਜੀਤ ਅਤੇ ਜਤਿਨ ਨਾਲ ਇੱਕ ਪਾਰਟੀ ਲਈ ਪਲਵਲ ਤੋਂ ਗੁਰੂਗ੍ਰਾਮ ਗਿਆ ਸੀ। ਪਾਰਟੀ ਤੋਂ ਬਾਅਦ ਪੁਨੀਤ ਅਤੇ ਉਸ ਦੇ ਦੋਸਤ ਵਾਪਸ ਜਾਣ ਲਈ ਆਲਟੋ ਕਾਰ ਵਿੱਚ ਬੈਠ ਗਏ ਜਦਕਿ ਉਹ ਆਪ (ਸੁਰੇਸ਼) ਇੱਕ ਵੱਖਰੀ ਕਾਰ ਵਿੱਚ ਬੈਠ ਕੇ ਘਰ ਰਵਾਨਾ ਹੋਇਆ। ਅੱਧੀ ਰਾਤ ਦੇ ਕਰੀਬ ਗੁਰੂਗ੍ਰਾਮ-ਫਰੀਦਾਬਾਦ ਰੋਡ ‘ਤੇ ਪੈਟਰੋਲ ਪੰਪ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਆਲਟੋ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਦੌਰਾਨ ਜ਼ਖ਼ਮੀ ਹੋਏ ਪੁਨੀਤ ਅਤੇ ਉਸ ਦੇ ਦੋਸਤਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਦੱਸਿਆ ਕਿ ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।