ਨਵੀਂ ਦਿੱਲੀ, 3 ਮਾਰਚ
ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੇ ਅੱਜ ਕਿਹਾ ਕਿ ਫ਼ਰਜ਼ੀ ਖ਼ਬਰਾਂ ਦੇ ਜ਼ਮਾਨੇ ਵਿਚ ਸੱਚ ‘ਪੀੜਤ’ ਬਣ ਕੇ ਰਹਿ ਗਿਆ ਹੈ, ਤੇ ਸੋਸ਼ਲ ਮੀਡੀਆ ਦੇ ਪਸਾਰ ਨਾਲ ਵੀ ਸੱਚ ਨੂੰ ਨੁਕਸਾਨ ਸਹਿਣਾ ਪਿਆ ਹੈ। ਚੀਫ ਜਸਟਿਸ ਨੇ ਕਿਹਾ ਕਿ ਅੱਜ ਅਸੀਂ ਅਜਿਹੇ ਸਮੇਂ ਵਿਚ ਰਹਿ ਰਹੇ ਹਾਂ ਜਿੱਥੇ ਲੋਕਾਂ ਕੋਲ ਧੀਰਜ ਤੇ ਸਹਿਣਸ਼ੀਲਤਾ ਨਹੀਂ ਰਹੀ ਕਿਉਂਕਿ ਉਹ ਉਨ੍ਹਾਂ ਦ੍ਰਿਸ਼ਟੀਕੋਣਾਂ ਨੂੰ ਸਵੀਕਾਰ ਨਹੀਂ ਕਰਦੇ ਜੇ ਉਨ੍ਹਾਂ ਦੇ ਆਪਣੇ ਦ੍ਰਿਸ਼ਟੀਕੋਣ ਤੋਂ ਵੱਖ ਹਨ। ਜਸਟਿਸ ਚੰਦਰਚੂੜ ਅੱਜ ‘ਅਮੈਰੀਕਨ ਬਾਰ ਐਸੋਸੀਏਸ਼ਨ ਇੰਡੀਆ ਕਾਨਫਰੰਸ-2023’ ਵਿਚ ਬੋਲ ਰਹੇ ਸਨ। ਚੀਫ ਜਸਟਿਸ ਨੇ ਇਸ ਮੌਕੇ ਕਈ ਮੁੱਦਿਆਂ ਨੂੰ ਛੋਹਿਆ। ਉਨ੍ਹਾਂ ਨਿਆਂਪਾਲਿਕਾ ਵੱਲੋਂ ਤਕਨੀਕ ਦੀ ਵਰਤੋਂ, ਨਿਆਂਇਕ ਪੇਸ਼ੇ ਅੱਗੇ ਬਣੀਆਂ ਚੁਣੌਤੀਆਂ ਤੇ ਮਹਿਲਾ ਜੱਜਾਂ ਦੀ ਵਧੇਰੇ ਨਿਯੁਕਤੀ ਉਤੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਪਸਾਰ ਨਾਲ ਸੱਚ ਨੂੰ ਤਰਕ ਦੀ ਕਸੌਟੀ ਉਤੇ ਪਰਖ਼ਣਾ ਮੁਸ਼ਕਲ ਹੋ ਗਿਆ ਹੈ। ਜਸਟਿਸ ਚੰਦਰਚੂੜ ਨੇ ਕਿਹਾ ਕਿ ਕਈ ਤਰੀਕਿਆਂ ਨਾਲ ਭਾਰਤ ਦਾ ਸੰਵਿਧਾਨ ਵਿਸ਼ਵੀਕਰਨ ਦੀ ਵੱਡੀ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਇਹ ਵਿਸ਼ਵੀਕਰਨ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਹੀ ਇਸ ਦੀ ਗਵਾਹੀ ਭਰਦਾ ਰਿਹਾ ਹੈ। ਚੀਫ ਜਸਟਿਸ ਨੇ ਕਿਹਾ, ‘ਯਕੀਨ ਮੰਨੋ ਜੱਜ ਵੀ ਬਚੇ ਹੋਏ ਨਹੀਂ ਹਨ, ਤੁਸੀਂ ਜੋ ਵੀ ਕਰਦੇ ਹੋ, ਤੁਹਾਡਾ ਉਨ੍ਹਾਂ ਲੋਕਾਂ ਵੱਲੋਂ ਮਜ਼ਾਕ ਉਡਾਏ ਜਾਣ ਦਾ ਖ਼ਤਰਾ ਬਣਿਆ ਹੀ ਰਹਿੰਦਾ ਹੈ ਜੋ ਤੁਹਾਡੇ ਦ੍ਰਿਸ਼ਟੀਕੋਣ ਨਾਲ ਸਹਿਮਤ ਨਹੀਂ ਹੁੰਦੇ।’ -ਪੀਟੀਆਈ