ਚੰਡੀਗੜ੍ਹ, 20 ਅਪ੍ਰੈਲ (ਅਜੀਤ ਬਿਊਰੋ)- ਉੱਘੇ ਭੌਤਿਕ ਵਿਗਿਆਨੀ ਤੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਂਡ ਰਿਸਰਚ, ਮੁਹਾਲੀ ਦੇ ਖੋਜ ਤੇ ਵਿਕਾਸ ਦੇ ਡੀਨ ਪ੍ਰੋਫੈਸਰ ਅਰਵਿੰਦ ਨੂੰ ਤਿੰਨ ਸਾਲਾਂ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਉਪ ਕੁਲਪਤੀ ਨਿਯੁਕਤ ਕੀਤਾ ਗਿਆ ਹੈ |
ਡਾ. ਬੀ.ਐਸ. ਘੁੰਮਣ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਪਿਛਲੇ ਛੇ ਮਹੀਨਿਆਂ ਤੋਂ ਇਹ ਅਹੁਦਾ ਖ਼ਾਲੀ ਸੀ | ਇਸ ਦੌਰਾਨ ਸੂਬਾ ਸਰਕਾਰ ਨੇ ਸੀਨੀਅਰ ਅਧਿਕਾਰੀ ਰਵਨੀਤ ਕੌਰ ਨੂੰ ਕਾਰਜਕਾਰੀ ਉਪ ਕੁਲਪਤੀ ਨਿਯੁਕਤ ਕੀਤਾ ਸੀ | ਪ੍ਰੋਫੈਸਰ ਅਰਵਿੰਦ ਮੰਨੇ-ਪ੍ਰਮੰਨੇ ਸਿਧਾਂਤਕ ਕੁਐਂਟਮ ਭੌਤਿਕ ਵਿਗਿਆਨੀ ਹਨ ਜਿਨ੍ਹਾਂ ਦੀ ਪੰਜਾਬੀ ਭਾਸ਼ਾ ‘ਚ ਵਿਗਿਆਨਕ ਸਿੱਖਿਆ, ਵਿਗਿਆਨਕ ਸੰਚਾਰ ਤੇ ਵਿਗਿਆਨ ਦੀ ਪੜ੍ਹਾਈ ਕਰਾਉਣ ਦੇ ਤਰੀਕੇ ਵਿਕਸਤ ਕਰਨ ‘ਚ ਡੂੰਘੀ ਦਿਲਚਸਪੀ ਹੈ | ਉਨ੍ਹਾਂ ਆਈ.ਆਈ.ਟੀ., ਕਾਨਪੁਰ ਤੋਂ ਭੌਤਿਕ ਵਿਗਿਆਨ ‘ਚ ਐਮ.ਐਸ.ਸੀ. ਕੀਤੀ ਅਤੇ ਸਾਲ 1997 ਵਿਚ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਬੰਗਲੌਰ ਦੇ ਸੈਂਟਰ ਫ਼ਾਰ ਥਿਊਰੈਟੀਕਲ ਸਟੱਡੀ ਅਤੇ ਫਿਜ਼ਿਕਸ ਵਿਭਾਗ ਤੋਂ ਸਿਧਾਂਤਕ ਭੌਤਿਕ ਵਿਗਿਆਨ ‘ਚ ਪੀ.ਐਚ.ਡੀ. ਕੀਤੀ |
ਉਸ ਤੋਂ ਬਾਅਦ ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ‘ਚ ਫੈਕਲਟੀ ਮੈਂਬਰ ਵਜੋਂ ਸੇਵਾਵਾਂ ਦਿੱਤੀਆਂ | ਸਾਲ 2002 ਤੋਂ 2004 ਤੱਕ ਉਨ੍ਹਾਂ ਨੇ ਅਮਰੀਕਾ ਦੇ ਪਿਟਸਬਰਗ ਵਿਖੇ ਕਾਰਨੇਗੀ ਮੈਲਨ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵਿਖੇ ਵਿਸ਼ੇਸ਼ ਫੈਕਲਟੀ ਮੈਂਬਰ ਵਜੋਂ ਸੇਵਾਵਾਂ ਨਿਭਾਈਆਂ | ਸਾਲ 2005 ‘ਚ ਆਈ.ਆਈ.ਟੀ., ਮਦਰਾਸ ‘ਚ ਭੌਤਿਕ ਵਿਗਿਆਨ ਵਿਭਾਗ ‘ਚ ਜੁਆਇਨ ਕੀਤਾ | ਅਗਸਤ, 2007 ‘ਚ ਉਹ ਆਈ.ਆਈ.ਐਸ.ਈ.ਆਰ., ਮੁਹਾਲੀ ਵਿਖੇ ਚਲੇ ਗਏ, ਜਿਥੇ ਬਾਨੀ ਫੈਕਲਟੀ ਮੈਂਬਰ ਵਜੋਂ ਸੇਵਾਵਾਂ ਦਿੱਤੀਆਂ | ਕੌਮਾਂਤਰੀ ਰਸਾਲਿਆਂ ‘ਚ ਉਨ੍ਹਾਂ ਦੀਆਂ 70 ਰਚਨਾਵਾਂ ਛਪ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਸਰਪ੍ਰਸਤੀ ਹੇਠ 7 ਵਿਦਿਆਰਥੀਆਂ ਨੇ ਪੀ.ਐਚ.ਡੀ. ਅਤੇ 40 ਨੇ ਐਮ.ਐਸ. ਦੇ ਥੀਸਿਸ ਪੂਰੇ ਕੀਤੇ ਹਨ | ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਮੁਤਾਬਿਕ ਇਸ ਅਹੁਦੇ ਲਈ 64 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ 10 ਅਯੋਗ ਪਾਈਆਂ ਗਈਆਂ ਅਤੇ 14 ਨਾਵਾਂ ਦੀ ਛਾਂਟੀ ਕੀਤੀ ਗਈ |