ਨਵੀਂ ਦਿੱਲੀ : ਨਵੀਂ ਸੰਸਦ ਦੀ ਇਮਾਰਤ ਲਗਪਗ ਤਿਆਰ ਹੈ। ਇਸ ਇਮਾਰਤ ਵਿੱਚ ਬਜਟ ਸੈਸ਼ਨ ਹੋਵੇਗਾ ਜਾਂ ਨਹੀਂ ਇਸ ਨੂੰ ਲੈ ਕੇ ਕਿਆਸ ਅਰਾਈਆਂ ਚੱਲ ਰਹੀਆਂ ਹਨ। ਪਰ ਇੱਥੇ ਇਜਲਾਸ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ 31 ਜਨਵਰੀ ਨੂੰ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਅਤੇ ਰਾਸ਼ਟਰਪਤੀ ਦਾ ਭਾਸ਼ਣ ਨਵੀਂ ਇਮਾਰਤ ‘ਚ ਹੋਵੇਗਾ। ਪੁਰਾਣੀ ਇਮਾਰਤ ਵਿੱਚ ਅਗਲੀਆਂ ਮੀਟਿੰਗਾਂ ਜਾਰੀ ਰਹਿ ਸਕਦੀਆਂ ਹਨ। ਮੌਜੂਦਾ ਸੰਸਦ ਭਵਨ ਅਤੇ ਨਵੇਂ ਸੰਸਦ ਭਵਨ ਵਿਚਕਾਰ ਲੱਗੀ ਕੰਡਿਆਲੀ ਤਾਰ ਹਟਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਬਾਹਰੀ ਸਜਾਵਟ ਆਦਿ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਬਾਹਰੀ ਗੇਟ ਆਦਿ ਦੇ ਕੰਮ ਨੂੰ ਛੱਡ ਕੇ ਨਵੇਂ ਸੰਸਦ ਭਵਨ ਦੀ ਉਸਾਰੀ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਖਾਸ ਕਰਕੇ ਨਵੇਂ ਸੰਸਦ ਭਵਨ ਦਾ ਚੈਂਬਰ, ਜੋ ਸਾਂਝੀਆਂ ਬੈਠਕਾਂ ਲਈ ਬਣਾਇਆ ਗਿਆ ਹੈ, ਤਿਆਰ ਹੈ। ਜਿਸ ਦੀ ਬੈਠਣ ਦੀ ਸਮਰੱਥਾ ਮੌਜੂਦਾ ਸੰਸਦ ਭਵਨ ਦੇ ਕਿਸੇ ਵੀ ਸਦਨ ਜਾਂ ਸੈਂਟਰਲ ਹਾਲ ਨਾਲੋਂ ਕਿਤੇ ਜ਼ਿਆਦਾ ਅਤੇ ਆਰਾਮਦਾਇਕ ਹੈ। ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਕੇ 6 ਅਪ੍ਰੈਲ ਤੱਕ ਚੱਲੇਗਾ। ਇਸ ਦੌਰਾਨ 66 ਦਿਨਾਂ ਵਿੱਚ 27 ਮੀਟਿੰਗਾਂ ਹੋਣਗੀਆਂ। ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕੀਤਾ ਕਿ ਛੁੱਟੀ 14 ਫਰਵਰੀ ਤੋਂ 12 ਮਾਰਚ ਤੱਕ ਹੋਵੇਗੀ। ਦੱਸ ਦਈਏ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 7 ਦਸੰਬਰ 2022 ਤੋਂ 29 ਦਸੰਬਰ 2022 ਤੱਕ ਚੱਲਣਾ ਸੀ ਪਰ ਬਾਅਦ ‘ਚ ਸਦਨ ‘ਚ ਹੰਗਾਮੇ ਕਾਰਨ ਇਸ ਨੂੰ ਟਾਲ ਦਿੱਤਾ ਗਿਆ। ਆਪਣੇ ਟਵੀਟ ਵਿੱਚ, ਕੇਂਦਰੀ ਮੰਤਰੀ ਨੇ ਕਿਹਾ, “ਸੰਸਦ ਦਾ ਬਜਟ ਸੈਸ਼ਨ, 2023, 31 ਜਨਵਰੀ ਨੂੰ ਸ਼ੁਰੂ ਹੋਵੇਗਾ ਅਤੇ 6 ਅਪ੍ਰੈਲ ਤੱਕ ਚੱਲੇਗਾ, ਜਿਸ ਵਿੱਚ 66 ਦਿਨਾਂ ਵਿੱਚ 27 ਬੈਠਕਾਂ ਆਮ ਛੁੱਟੀਆਂ ਨਾਲ ਹੋਣਗੀਆਂ।” ਅੰਮ੍ਰਿਤ ਕਾਲ ਵਿਚਕਾਰ ਰਾਸ਼ਟਰਪਤੀ ਦੇ ਭਾਸ਼ਣ, ਕੇਂਦਰੀ ਬਜਟ ਅਤੇ ਹੋਰ ਮੱਦਾਂ ‘ਤੇ ਧੰਨਵਾਦ ਦੇ ਮਤੇ ‘ਤੇ ਚਰਚਾ ਦੀ ਉਡੀਕ ਹੈ।